ਪੰਜਾਬ ਦੀ ਨਵੀਂ ਕੈਬਨਿਟ ਦੇ ਮੰਤਰੀਆਂਨੂੰ ਸੋਮਵਾਰ ਨੂੰ ਸਹੁੰ ਚੁੰਕਾਏ ਜਾਣ ਦੀ ਸੰਭਾਵਨਾ

417
Share

ਮੁੱਖ ਮੰਤਰੀ ਚੰਨੀ ਨੂੰ ਮੁੜ ਦਿੱਲੀ ਸੱਦਿਆ
ਚੰਡੀਗੜ੍ਹ, 24 ਸਤੰਬਰ (ਪੰਜਾਬ ਮੇਲ)- ਪੰਜਾਬ ਮੰਤਰੀ ਮੰਡਲ ’ਚ ਵਾਧੇ ’ਤੇ ਆਖਰੀ ਮੋਹਰ ਲਾਏ ਜਾਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਦਿੱਲੀ ਸੱਦ ਲਿਆ ਹੈ। ਹਾਲੇ ਅੱਜ ਤੜਕਸਾਰ ਹੀ ਮੁੱਖ ਮੰਤਰੀ ਚੰਨੀ ਦਿੱਲੀ ਤੋਂ ਪੰਜਾਬ ਵਾਪਸ ਪਰਤੇ ਸਨ ਕਿ ਉਨ੍ਹਾਂ ਨੂੰ ਮੁੜ ਸ਼ਾਮ ਵੇਲੇ ਫਿਰ ਦਿੱਲੀ ਬੁਲਾ ਲਿਆ ਗਿਆ ਹੈ। ਬੀਤੇ ਚਾਰ ਦਿਨਾਂ ’ਚ ਮੁੱਖ ਮੰਤਰੀ ਨੂੰ ਤੀਸਰੀ ਦਫ਼ਾ ਦਿੱਲੀ ਜਾਣਾ ਪਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਕੈਬਨਿਟ ਨੂੰ ਲੈ ਕੇ ਕੁਝ ਖਾਸ ਨਾਵਾਂ ’ਤੇ ਘੁੰਡੀ ਫਸ ਗਈ ਹੈ, ਜਿਸ ਨੇ ਹਾਈਕਮਾਨ ਨੂੰ ਕਸੂਤਾ ਫਸਾ ਦਿੱਤਾ ਹੈ। ਉਪਰੋਂ ਕੈਪਟਨ ਅਮਰਿੰਦਰ ਸਿੰਘ ਦੇ ਬਗਾਵਤੀ ਸੁਰਾਂ ਦੇ ਮੱਦੇਨਜ਼ਰ ਹਾਈਕਮਾਨ ਕੈਬਨਿਟ ਵਾਧੇ ਦੇ ਮੱਦੇਨਜ਼ਰ ਕੋਈ ਸਿਆਸੀ ਮੌਕਾ ਅਮਰਿੰਦਰ ਕੈਂਪ ਨੂੰ ਨਹੀਂ ਦੇਣਾ ਚਾਹੁੰਦੀ। ਅਨੁਮਾਨ ਹੈ ਕਿ ਜਲਦ ਨਵੀਂ ਕੈਬਨਿਟ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਅਨੁਸਾਰ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਸਹੁੰ ਚੁਕਾਈ ਜਾ ਸਕਦੀ ਹੈ।

Share