ਪੰਜਾਬ ਦੀ ਅਫ਼ਸਰਸ਼ਾਹੀ ਨੂੰ ਹੁਣ ਬਹੁਤੇ ਵਜ਼ੀਰ ਹਲੂਣਾ ਦੇਣ ਦੇ ਰੌਂਅ ‘ਚ!

916

-ਹੋਣ ਲੱਗੀ ਨਵੀਂ ਸਿਆਸੀ ਕਤਾਰਬੰਦੀ
-ਅਗਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਿਆਸੀ ਜ਼ਮੀਨ ਨੂੰ ਸਾਵਾਂ ਕਰਨ ਦੇ ਯਤਨ
ਚੰਡੀਗੜ੍ਹ, 11 ਮਈ (ਪੰਜਾਬ ਮੇਲ)- ਪੰਜਾਬ ਦੀ ਅਫ਼ਸਰਸ਼ਾਹੀ ਨੂੰ ਹੁਣ ਬਹੁਤੇ ਵਜ਼ੀਰ ਹਲੂਣਾ ਦੇਣ ਦੇ ਰੌਂਅ ‘ਚ ਹਨ, ਤਾਂ ਜੋ ਅਗਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਿਆਸੀ ਜ਼ਮੀਨ ਨੂੰ ਸਾਵਾਂ ਕੀਤਾ ਜਾ ਸਕੇ। ਬੀਤੇ ਦਿਨੀਂ ਤਿੰਨ ਵਜ਼ੀਰਾਂ ‘ਤੇ ਮੁੱਖ ਸਕੱਤਰ ਪੰਜਾਬ ਦਰਮਿਆਨ ਹੋਈ ਬਦਕਲਾਮੀ ਮਗਰੋਂ ਨਵੀਂ ਸਿਆਸੀ ਕਤਾਰਬੰਦੀ ਵੀ ਹੋਣ ਲੱਗੀ ਹੈ। ਕੋਵਿਡ ਦੇ ਸਮੇਂ ‘ਚ ਅਫ਼ਸਰਸ਼ਾਹੀ ਤੇ ਵਜ਼ੀਰਾਂ ‘ਚ ਖਿੱਚੋਤਾਣ ਵਧਣ ਲੱਗੀ ਹੈ। ਗੇਂਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ‘ਚ ਹੈ। ਚਰਚੇ ਹਨ ਕਿ ਮੁੱਖ ਮੰਤਰੀ ਕੈਬਨਿਟ ਮੀਟਿੰਗ ‘ਚ ਮਸਲਾ ਨਜਿੱਠ ਲੈਣਗੇ। ਸਿਆਸੀ ਮਾਹਿਰ ਆਖਦੇ ਹਨ ਕਿ ਆਬਕਾਰੀ ਨੀਤੀ ਦੀ ਸਮੀਖਿਆ ਮੌਕੇ ਪੈਦਾ ਵਿਵਾਦ ਤਾਂ ਬਹਾਨਾ ਹੈ। ਬਹੁਤੇ ਵਜ਼ੀਰ ਨੌਕਰਸ਼ਾਹੀ ਤੋਂ ਦੁਖੀ ਹਨ। ਪੰਜਾਬ ‘ਚ ਵੀ ਏਦਾਂ ਦਾ ਪ੍ਰਭਾਵ ਬਣਿਆ ਹੋਇਆ ਹੈ ਕਿ ਅਸਲ ‘ਚ ਸਰਕਾਰ ਅਫ਼ਸਰਸ਼ਾਹੀ ਹੀ ਚਲਾ ਰਹੀ ਹੈ। ਸੂਤਰ ਦੱਸਦੇ ਹਨ ਕਿ ਪਿਛਲੀ ਕੈਬਨਿਟ ਮੀਟਿੰਗ ‘ਚ ਵੀ ਸਿਹਤ ਮੰਤਰੀ ਨੇ ਆਪਣੇ ਅੰਮ੍ਰਿਤਸਰ ਦੌਰੇ ਮਗਰੋਂ ਇਹ ਸ਼ਿਕਾਇਤ ਰੱਖੀ ਸੀ ਕਿ ਅੰਮ੍ਰਿਤਸਰ ‘ਚ ਕੋਵਿਡ ਪ੍ਰਬੰਧ ਢੁੱਕਵੇਂ ਨਹੀਂ ਹਨ, ਜਿਸ ਕਰਕੇ ਸਿਆਸੀ ਪ੍ਰਤੀਨਿਧਾਂ ਨੂੰ ਪ੍ਰਸ਼ਾਸਨ ਨਾਲ ਜੋੜਿਆ ਜਾਵੇ। ਅੰਦਰਖਾਤੇ ਹੁਣ ਕਈ ਵਜ਼ੀਰ ਮੁੱਖ ਸਕੱਤਰ ਪੰਜਾਬ ਨੂੰ ਲਾਂਭੇ ਕਰਨ ਦੀ ਮੰਗ ਕਰ ਰਹੇ ਹਨ। ਦੱਸਣਯੋਗ ਹੈ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ 31 ਅਗਸਤ 2020 ਨੂੰ ਸੇਵਾਮੁਕਤ ਹੋ ਰਹੇ ਹਨ। ਬਹੁਤੀ ਸੰਭਾਵਨਾ ਹੈ ਕਿ ਮੁੱਖ ਮੰਤਰੀ ਵਜ਼ੀਰਾਂ ਨੂੰ ਪਲੋਸ ਲੈਣਗੇ ਅਤੇ ਉਪਰੋਂ ਮੁੱਖ ਸਕੱਤਰ ਤੋਂ ਵੀ ਗਲਤੀ ਦਾ ਅਹਿਸਾਸ ਕਰਾ ਦੇਣਗੇ। ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਤੋਂ ਸਭ ਜਾਣੂ ਹਨ ਕਿ ਉਹ ਬਹੁਤਾ ਦਬਾਅ ਝੱਲਣ ਵਾਲੇ ਨਹੀਂ ਹਨ। ਪਤਾ ਲੱਗਾ ਹੈ ਕਿ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ, ਮੁੱਖ ਪ੍ਰਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਨੂੰ ਮਿਲ ਕੇ ਆਏ ਸਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਖੜ ਰਵੱਈਏ ਵਾਲੇ ਅਧਿਕਾਰੀਆਂ ਨੂੰ ਨਕੇਲ ਪਾਉਣ ਦਾ ਸਮਾਂ ਆ ਗਿਆ ਹੈ ਅਤੇ ਨੌਕਰਸ਼ਾਹੀ ਦਾ ਲੋਕ ਨੁਮਾਇੰਦਿਆਂ ਪ੍ਰਤੀ ਗਲਤ ਵਿਵਹਾਰ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਖੜ ਨੇ ਕਿਹਾ ਕਿ ਉਹ ਤਾਂ ਕਾਫ਼ੀ ਸਮੇਂ ਤੋਂ ਇਸ ਮਸਲੇ ਨੂੰ ਉਠਾ ਰਹੇ ਹਨ ਅਤੇ ਹੁਣ ਅਫ਼ਸਰਸ਼ਾਹੀ ਨੂੰ ਆਪਣਾ ਵਤੀਰਾ ਠੀਕ ਕਰਨਾ ਹੋਵੇਗਾ। ਜਾਖੜ ਨੇ ਕਿਹਾ ਕਿ ਉਮੀਦ ਹੈ ਕਿ ਮੁੱਖ ਮੰਤਰੀ ਇਸ ਘਟਨਾਕ੍ਰਮ ‘ਤੇ ਢੁੱਕਵੀਂ ਕਾਰਵਾਈ ਕਰਨਗੇ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਖ ਰਹੇ ਹਨ ਕਿ ਉਹ ਸਾਰਾ ਮਾਮਲਾ ਮੁੱਖ ਮੰਤਰੀ ਕੋਲ ਰੱਖਣਗੇ। ਇਸੇ ਦੌਰਾਨ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੇਂ ਉੱਭਰੇ ਵਿਵਾਦ ਮਗਰੋਂ ਅਫਸਰਸ਼ਾਹੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਵੇਂ ਹੀ ਮੋਗਾ ਤੋਂ ਵਿਧਾਇਕ ਹਰਜੋਤ ਕਮਲ ਵੀ ਨੌਕਰਸ਼ਾਹੀ ਖ਼ਿਲਾਫ਼ ਖੁੱਲ੍ਹ ਕੇ ਬੋਲੇ ਹਨ।
ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਜ਼ੀਰਾਂ ਨੂੰ ਹੁਣ ਆਪਣੇ ਸਟੈਂਡ ‘ਤੇ ਕਾਇਮ ਰਹਿਣਾ ਚਾਹੀਦਾ ਹੈ ਅਤੇ ਮਾਣ-ਸਨਮਾਨ ਖਾਤਰ ਪਿਛਾਂਹ ਨਹੀਂ ਹਟਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਵਜ਼ੀਰਾਂ ਨਾਲ ਖੜ੍ਹਨਗੇ ਜਾਂ ਫਿਰ ਅਫ਼ਸਰਸ਼ਾਹੀ ਦਾ ਪੱਖ ਪੂਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਰਾਬ ਦੀ ਹੋਮ ਡਿਲਿਵਰੀ ਦਾ ਫੈਸਲਾ ਵੀ ਵਾਪਸ ਲੈਣਾ ਚਾਹੀਦਾ ਹੈ।