ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਤਹਿਸੀਲ/ਸਬ ਡਵੀਜ਼ਨ ਪੱਧਰ ’ਤੇ ਧਰਨੇ ਦੇ ਕੇ ਬੀਜੇਪੀ ਦੇ ਪੁਤਲੇ ਫੂਕਣ ਦਾ ਐਲਾਨ

151
Share

ਚੰਡੀਗੜ੍ਹ, 13 ਫਰਵਰੀ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਆਗੂਆਂ ਸਰਵਸ੍ਰੀ ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਜੰਗਬੀਰ ਸਿੰਘ ਚੌਹਾਨ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਤਹਿਸੀਲ/ਸਬ ਡਵੀਜ਼ਨ ਪੱਧਰ ’ਤੇ ਧਰਨੇ ਦੇ ਕੇ ਬੀਜੇਪੀ ਦੇ ਪੁਤਲੇ ਫੂਕੇ ਜਾਣਗੇ।
ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੇਂਦਰੀ ਰਾਜ ਹੋਮ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਨੂੰ ਜੁਡੀਸ਼ਰੀ (ਹਾਈਕੋਰਟ) ਵਲੋਂ ਜ਼ਮਾਨਤ ਮਿਲ ਜਾਣ ’ਤੇ ਉਤਰ ਪ੍ਰਦੇਸ਼ ਦੀ ਪੁਲਿਸ ਕੇਸ ਦੀ ਪੈਰਵੀ ਵਿਚ ਢਿੱਲ ਕਾਰਨ ਮਿਲੀ, ਜਦੋਂਕਿ ਉਹ 4 ਕਿਸਾਨਾਂ ਤੇ ਇਕ ਪੱਤਰਕਾਰ ਦਾ ਮੁੱਖ ਕਾਤਲ ਹੈ। ਬੀਜੇਪੀ ਦੇ ਇਸ ਕੋਝੇ ਕਾਰਨਾਮੇ ਤੇ ਰੋਸ ਪ੍ਰਗਟਾਵਾ ਬੀਜੇਪੀ ਦੇ ਪੁਤਲੇ ਫੂਕ ਕੇ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਨਾਲ ਹੀ ਮੰਗ ਕੀਤੀ ਜਾਵੇਗੀ ਕਿ ਰਹਿੰਦੇ ਮਸਲੇ ਜਿਵੇਂ ਕਿ ਐਮ.ਐਸ.ਪੀ. ’ਤੇ ਕਮੇਟੀ ਬਣਾਉਣਾ, ਹਰ ਪ੍ਰਕਾਰ ਦੇ ਪੂਰੇ ਕਿਸਾਨਾਂ ਤੋਂ ਕੇਸ ਵਾਪਸ ਲੈਣੇ ਸਮੇਤ ਲਖਮੀਰਪੁਰ ਖੀਰੀ ਵਿਚ ਨਵੇਂ ਬਣਾਏ ਕੇਸ ਵੀ ਵਾਪਸ ਲਏ ਜਾਣ। ਹਰ ਸੂਬੇ ਦੇ ਸ਼ਹੀਦ ਹੋ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ।
ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਕਾਤਲ ਟੋਨੀ ਮਿਸ਼ਰਾ ਦੀ ਪੈਰਵੀ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਢਿੱਲ ਵਰਤਣ ਵਾਲਿਆਂ ਅਫ਼ਸਰਾਂ ਵਿਰੁੱਧ ਯੋਗ ਕਾਰਵਾਈ ਕੀਤੀ ਜਾਵੇ ਅਤੇ ਸਰਕਾਰ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੈਲਿੰਜ ਕਰਕੇ ਤੁਰੰਤ ਜ਼ਮਾਨਤ ਰੱਦ ਕਰਵਾਏ। ਕੈਦ ਪੂਰੀ ਕਰ ਚੁੱਕੇ ਹਰ ਪ੍ਰਕਾਰ ਦੇ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਗੈਂਗਸਟਰਾਂ/ਰਾਮ ਰਹਿਮ ਵਰਗੇ ਬਾਬਿਆਂ ਅਤੇ ਹੋਰ ਜਰਾਇਮਪੇਸ਼ਾ ਵਿਅਕਤੀਆਂ ਦੀਆਂ ਜ਼ਮਾਨਤਾਂ ਜਾਂ ਜ਼ੇਲ੍ਹਾਂ ਤੋਂ ਛੁੱਟੀਆਂ ਤੁਰੰਤ ਰੱਦ ਕੀਤੀਆਂ ਜਾਣ।
ਇਨ੍ਹਾਂ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਆਗੂਆਂ ਸਰਵਸ੍ਰੀ ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਜੰਗਬੀਰ ਸਿੰਘ ਚੌਹਾਨ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਮਨਜੀਤ ਸਿੰਘ ਰਾਏ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਭਰਵੇਂ ਰੋਸ ਪ੍ਰਗਟਾਵੇ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਬੀਜੇਪੀ ਆਗੂਆਂ ਦਾ ਬਾਈਕਾਟ ਬਰਕਰਾਰ ਰੱਖਿਆ ਜਾਵੇ।

Share