ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ ਮਲੇਰਕੋਟਲਾ; ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਉਦਘਾਟਨ

81
ਮਲੇਰਕੋਟਲਾ ਵਿਖੇ ਸਰਕਾਰੀ ਗਰਲਜ਼ ਕਾਲਜ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ। ਨਾਲ ਹਨ ਡਿਪਟੀ ਕਮਿਸ਼ਨਰ ਅੰਮਿ੍ਰਤ ਕੌਰ ਗਿੱਲ, ਐੱਸ.ਐੱਸ.ਪੀ. ਕੰਵਰਦੀਪ ਕੌਰ ਤੇ ਹੋਰ।
Share

ਮਲੇਰਕੋਟਲਾ, 9 ਜੂਨ (ਪੰਜਾਬ ਮੇਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਮਈ ਨੂੰ ਈਦ-ਉਲ-ਫਿਤਰ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦੇ ਕੀਤੇ ਐਲਾਨ ਨੂੰ ਸਾਕਾਰ ਕਰਦਿਆਂ ਵੀਡੀਓ ਕਾਨਫ਼ਰੰਸ ਰਾਹੀਂ ਨਵੇਂ ਜ਼ਿਲ੍ਹੇ ਮਲੇਰਕੋਟਲਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਮਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਰਕਾਰੀ ਮੈਡੀਕਲ ਕਾਲਜ, ਨਵਾਂ ਬੱਸ ਅੱਡਾ ਅਤੇ ਲੜਕੀਆਂ ਦੇ ਸਰਕਾਰੀ ਕਾਲਜ ਦੇ ਨੀਂਹ ਪੱਥਰ ਰੱਖਣ ਸਮੇਤ ਮਹਿਲਾ ਥਾਣੇ ਦੀ ਵੀ ਸ਼ੁਰੂਆਤ ਕੀਤੀ। ਨਵੇਂ ਜ਼ਿਲ੍ਹੇ ਦੇ ਉਦਘਾਟਨ ਅਤੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਿੱਧੇ ਪ੍ਰਸਾਰਨ ਲਈ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਸੌ ਡਿਜੀਟਲ ਸਕਰੀਨਾਂ ਲਗਾਈਆਂ ਸਨ ਅਤੇ ਹਜ਼ਾਰਾਂ ਲੋਕ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣੇ। ਨਵੇਂ ਜ਼ਿਲ੍ਹੇ ਦੇ ਉਦਘਾਟਨੀ ਸਮਾਗਮ ਦਾ ਮੁੱਖ ਸਮਾਰੋਹ ਡਿਪਟੀ ਕਮਿਸ਼ਨਰ ਮਲੇਰਕੋਟਲਾ ਅੰਮਿ੍ਰਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਪੰਜਾਬ ਉਰਦੂ ਅਕੈਡਮੀ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ, ਜਿੱਥੇ ਪੰਜਾਬ ਦੇ ਟਰਾਂਸਪੋਰਟ ਤੇ ਜਲ ਸਪਲਾਈ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸੇਵਾਮੁਕਤ ਡੀ.ਜੀ.ਪੀ. ਜਨਾਬ ਮੁਹੰਮਦ ਮੁਸਤਫ਼ਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ’ਚ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਅਧਿਕਾਰੀ ਮੌਜੂਦ ਸਨ। ਉਦਘਾਟਨ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਸਰਹਿੰਦ ਦੇ ਨਾਜ਼ਮ ਦੀ ਕਚਹਿਰੀ ਵਿਚ ਬੁਲੰਦ ਕੀਤੇ ਹਾਅ ਦੇ ਨਾਅਰੇ ਦੀ ਇਤਿਹਾਸਕ ਘਟਨਾ ਨੂੰ ਯਾਦ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਢਾਂਚੇ ਲਈ 20 ਕਰੋੜ ਰੁਪਏ, 500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਰਕਾਰੀ ਮੈਡੀਕਲ ਕਾਲਜ ਲਈ 50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਮਨਜ਼ੂਰ ਕਰਨ, ਲੜਕੀਆਂ ਦੇ ਨਵੇਂ ਸਰਕਾਰੀ ਕਾਲਜ ਲਈ 12 ਕਰੋੜ ਰੁਪਏ, ਨਵੇਂ ਬੱਸ ਅੱਡੇ ਲਈ 10 ਕਰੋੜ ਰੁਪਏ, ਮਲੇਰਕੋਟਲਾ ਦੇ ਵਿਕਾਸ ਲਈ ਅਰਬਨ ਇਨਵਾਇਰਨਮੈਂਟ ਡਿਵੈਲਪਮੈਂਟ ਇੰਪਰੂਵਮੈਂਟ ਪ੍ਰੋਗਰਾਮ ਤਹਿਤ 6 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਨਾਲ ਸਬੰਧਿਤ ਮੁਬਾਰਕ ਮੰਜ਼ਿਲ ਮਹਿਲ ਨੂੰ ਆਗਾ ਖ਼ਾਨ ਫਾਊਂਡੇਸ਼ਨ ਰਾਹੀਂ ਇਤਿਹਾਸਕ ਵਿਰਾਸਤ ਵਜੋਂ ਸੰਭਾਲਣ ਬਾਰੇ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਮਲੇਰਕੋਟਲਾ ਸਥਿਤ ਸ਼ੇਖ਼ ਸਦਰੂਦੀਨ ਅਤੇ ਬਾਬਾ ਬੋਦਲੇ ਸ਼ਾਹ ਦੀਆਂ ਮਜ਼ਾਰਾਂ ਸਮੇਤ ਡੇਰਾ ਬਾਬਾ ਆਤਮਾ ਰਾਮ ਨੂੰ ਵੀ ਸ਼ਰਧਾ ਨਾਲ ਯਾਦ ਕੀਤਾ। ਮੁੱਖ ਮੰਤਰੀ ਨੇ ਡੀ.ਸੀ. ਅੰਮਿ੍ਰਤ ਕੌਰ ਗਿੱਲ ਅਤੇ ਐੱਸ.ਐੱਸ.ਪੀ. ਕੰਵਰਦੀਪ ਕੌਰ ਦੇ ਸ਼ਾਨਦਾਰ ਪ੍ਰਸ਼ਾਸਨਿਕ ਪਿਛੋਕੜ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਦੋਵੇਂ ਮਹਿਲਾ ਅਧਿਕਾਰੀ ਮਲੇਰਕੋਟਲਾ ਨੂੰ ਬਿਹਤਰੀਨ ਪ੍ਰਸ਼ਾਸਨ ਮੁਹੱਈਆ ਕਰਵਾਉਣਗੀਆਂ।
ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਅਤੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸਥਾਪਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ੁਕਰੀਆ ਅਦਾ ਕਰਦਿਆਂ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਭਾਵੁਕ ਹੋ ਗਏ। ਬੀਬੀ ਰਜ਼ੀਆ ਸੁਲਤਾਨਾ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਿ੍ਰੰਸੀਪਲ ਸਕੱਤਰ ਸੁਰੇਸ਼ ਕੁਮਾਰ ਦਾ ਧੰਨਵਾਦ ਕੀਤਾ।

Share