ਪੰਜਾਬ ਦਾ ਹਰ ਵਸਨੀਕ ਕਾਲੇ ਝੰਡੇ ਲਹਿਰਾ ਕੇ ਕਿਸਾਨਾਂ ਦਾ ਸਮਰਥਨ ਕਰੇ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ)

108
Share

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਇਸ ਹਫ਼ਤੇ ਐਲਾਨ ਕੀਤਾ ਜਾਵੇਗਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਅਰਦਾਸ ਸਮਾਗਮ ਕਰੇਗਾ

ਬ੍ਰਹਮਪੁਰਾ, ਢੀਂਡਸਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਆਪਣਾ ਜ਼ਿੱਦੀ ਰਵੱਈਆ ਛੱਡੋ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰੋਂ

ਚੰਡੀਗੜ੍ਹ, 25 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਐਲਾਨ ਪਾਰਟੀ ਦੇ  ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ ਵੱਲੋਂ ਜਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਇਸ ਬਾਰੇ ਸਹਿਮਤੀ ਬਣਾ ਚੁੱਕੇ ਹਨ ਅਤੇ ਇਸ ਦੀ ਘੋਸ਼ਣਾ ਇਸ ਹਫ਼ਤੇ  ਕਰ ਦਿੱਤੀ ਜਾਵੇਗੀ। ਜਥੇਦਾਰ ਬ੍ਰਹਮਪੁਰਾ ਅਤੇ ਸ੍ਰ. ਢੀਂਡਸਾ ਸਾਂਝੇ ਤੌਰ ਤੇ ਕਿਹਾ ਕਿ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਅਕਾਲੀ ਦਲ ਸੰਯੁਕਤ ਦੀ ਸਮੂਹ ਲੀਡਰਸ਼ਿਪ, ਸਮਰਥਕਾਂ ਅਤੇ ਵਰਕਰਾਂ ਸਮੇਤ, (26 ਮਈ) ਬੁੱਧਵਾਰ ਨੂੰ ਆਪਣੇ ਘਰਾਂ ‘ਤੇ ਕਾਲੇ ਝੰਡੇ ਲਗਾਕੇ ਤਿੰਨੋਂ ‘ਕਾਲੇ ਖ਼ੇਤੀ ਕਨੂੰਨਾਂ’ ਦਾ ਵਿਰੋਧ ਕਰਨਗੇ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਦਾ ਪੁਰਜ਼ੋਰ ਸਮਰਥਨ ਕਰੇਗਾ।

ਇੱਥੇ ਇਹ ਵਰਨਣਯੋਗ ਹੈ ਕਿ ਭਲਕੇ ਬੁੱਧਵਾਰ ਨੂੰ ਕਿਸਾਨ ਮੋਰਚੇ ਨੂੰ ਮੋਦੀ ਸਰਕਾਰ ਦਾ ਤਿੰਨੇ ਖ਼ੇਤੀ ਕਨੂੰਨਾਂ ਖਿਲਾਫ਼ ਵਿਰੋਧ ਅਤੇ ਰੋਸ਼ ਕਰਦੇ 6 ਮਹੀਨਿਆਂ ਦਾ ਸਮਾਂ ਹੋ ਜਾਵੇਗਾ।

ਬ੍ਰਹਮਪੁਰਾ, ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਆਪਣਾ ਜ਼ਿੱਦੀ ਰਵੱਈਆ ਤਿਆਗਣ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੀਡੀਆ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਡੈਮੋਕ੍ਰੇਟਿਕ ਨੂੰ ਭੰਗ ਕਰਕੇ ਨਵਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਕੀਤਾ ਗਿਆ ਹੈ ਅਤੇ ਸਾਡੇ ਵੱਲੋਂ ਸਾਰੇ ਹਮਖ਼ਿਆਲ ਸੋਚ ਵਾਲੇ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਨਿੱਘਾ ਸੱਦਾ ਹੈ ਤਾਂ ਜੋ ਸੂਬੇ ਦੀ ਭਲਾਈ ਇੱਕ ਸਫ਼ਲ ਚੌਥਾ ਫਰੰਟ ਬਣਾਉਣ ਦੀ ਸਾਡੀ ਪੇਸ਼ਕਸ਼ ਸਿਰੇ ਚੜ੍ਹ ਸਕੇ ਅਤੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਨਿਜਾਤ ਦਿਵਾਈ ਜਾ ਸਕੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਗੁਰਦੁਆਰੇ ਵਿਖੇ ਅਰਦਾਸ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਹੈ, (ਜਿੱਥੇ 1 ਜੂਨ 2014 ਨੂੰ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਸੀ।) ਇਸ ਅਰਦਾਸ ਸਮਾਗਮ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਅਰਦਾਸ ਵਿਚ ਸ਼ਾਮਲ ਹੋਣਗੇ।

ਸ੍ਰ. ਪੀਰ ਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ‘ ਤੇ ਨੀਵੇਂ ਪੱਧਰ ਦੀ ਰਾਜਨੀਤੀ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਦੋਵੇਂ ਰਵਾਇਤੀ ਰਾਜਨੀਤਕ ਪਰਿਵਾਰ ਲੋਕਾਂ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ।

ਉਨ੍ਹਾਂ ਨੇ ਬਠਿੰਡਾ ਦੇ ਬੀੜ ਤਲਾਬ ਗੁਰੂ ਘਰ ਵਿੱਚ ਡੇਰਾ ਸਿਰਸਾ ਦੇ ਪਖੰਡੀ ਸਾਧ ਰਾਮ ਰਹੀਮ ਦੀ ਜੇਲ੍ਹ ’ਚੋਂ  (ਪਰੋਲ) ਰਿਹਾਈ ‘ਤੇ ਗ਼ਲਤ ਢੰਗ ਨਾਲ ਪਾਠੀ ਦੁਆਰਾ ਅਰਦਾਸ ਕਰਨ ਨੂੂੰ ਵੀ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।


Share