ਪੰਜਾਬ ਦਾ ਦਿਲ ਹੈ ਦੋਆਬਾ-ਮੁੱਖ ਮੰਤਰੀ ਚੰਨੀ

271
Share

ਆਦਮਪੁਰ ਦਾ ਸਰਬਪੱਖੀ ਵਿਕਾਸ ਕਰਨਾ ਉਨ੍ਹਾਂ ਲਈ ਪ੍ਰਮੁੱਖ ਤਰਜੀਹ-ਮੁੱਖ ਮੰਤਰੀ
ਸੜਕਾਂ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ 19 ਕਰੋੜ ਰੁਪਏ ਦੇਣ ਦਾ ਐਲਾਨ
ਆਦਮਪੁਰ ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਿਆ ਜਾਵੇਗਾ
ਆਦਮਪੁਰ (ਜਲੰਧਰ)/ਚੰਡੀਗੜ੍ਹ, 15 ਨਵੰਬਰ (ਪੰਜਾਬ ਮੇਲ)- ਦੋਆਬਾ ਨੂੰ ਪੰਜਾਬ ਦਾ ਦਿਲ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਖਾਸ ਕਰਕੇ ਆਦਮਪੁਰ ਹਲਕੇ ਵਿਚ ਵਿਕਾਸ ਮੁਖੀ ਪ੍ਰਾਜੈਕਟਾਂ ਨੂੰ ਪ੍ਰਮੁੱਖ ਤੌਰ ਉਤੇ ਤਰਜੀਹ ਦੇ ਕੇ ਇਸ ਨੂੰ ਸੂਬੇ ਦਾ ਮੋਹਰੀ ਹਿੱਸਾ ਬਣਾਉਣ ਦਾ ਪ੍ਰਣ ਲਿਆ। ਆਦਮਪੁਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੇ ਤਹਿਤ ਮੁੱਖ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਲਈ 19 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਇੱਥੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 19 ਕਰੋੜ ਰੁਪਏ ਵਿੱਚੋਂ 9 ਕਰੋੜ ਰੁਪਏ ਸੜਕਾਂ ਦੀ ਮਜ਼ਬੂਤੀ/ਚੌੜਾ ਕਰਨ ਅਤੇ ਚਾਰ ਮਾਰਗੀ ਕਰਨ ਲਈ ਰੱਖੇ ਗਏ ਹਨ ਜਦਕਿ 10 ਕਰੋੜ ਰੁਪਏ ਕਿਸੇ ਕਿਸਮ ਦੇ ਵਿਕਾਸ ਮੁਖੀ ਕਾਰਜ ਕਰਨ ਲਈ ਮਹਿੰਦਰ ਸਿੰਘ ਕੇ.ਪੀ. ਲਈ ਰੱਖ ਦਿੱਤੇ ਗਏ ਹਨ।
ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ (ਕੈਬਨਿਟ ਰੈਂਕ) ਮਹਿੰਦਰ ਸਿੰਘ ਕੇ.ਪੀ. ਵੱਲੋਂ ਆਦਮਪੁਰ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣ ਦੀ ਰੱਖੀ ਗਈ ਮੰਗ ਦੇ ਜਵਾਬ ਵਿਚ ਮੁੱਖ ਮੰਤਰੀ ਚੰਨੀ ਨੇ ਇਸ ਮੰਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਛੇਤੀ ਹੀ ਸਰਵੇਖਣ ਕਰਵਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਵੱਡੀ ਸੜਕ ਨਾਲ 5-10 ਏਕੜ ਜ਼ਮੀਨ ਦੀ ਵਿਵਸਥਾ ਹੋਣ ਉਤੇ ਆਦਮਪੁਰ ਵਿਚ ਡਿਗਰੀ ਕਾਲਜ ਖੋਲ੍ਹਣ ਦੀ ਮੰਗ ਮੰਨਣ ਲਈ ਤਿਆਰ ਹਨ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਆਦਮਪੁਰ ਏਅਰਪੋਰਟ ਵੱਲੋਂ ਜਾਂਦੀ ਸੜਕ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਿਆ ਜਾਵੇਗਾ ਅਤੇ ਹਵਾਈ ਅੱਡੇ ਦਾ ਨਾਮ ਵੀ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਣ ਲਈ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇਕ ਹੋਰ ਮੰਗ ਦੇ ਜਵਾਬ ਵਿਚ ਕਿਹਾ, “ਕਸ਼ੱਤਰੀਆ ਰਾਜਪੂਤਾਂ ਨੂੰ ਮੁੜ ਜਨਰਲ ਕੈਟਾਗਰੀ ਦਾ ਦਰਜਾ ਦਿੱਤਾ ਜਾਵੇਗਾ।”
ਅਕਾਲੀਆਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਹਮੇਸ਼ਾ ਹੀ ਸਿਆਸੀ ਸ਼ਤਰੰਜ ਦੇ ਮੋਹਰੇ ਵਜੋਂ ਵਰਤਿਆ ਹੈ। ਚੰਨੀ ਨੇ ਕਿਹਾ, “ਸਾਲ 1996 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ ਸੀ ਪਰ ਉਸ ਤੋਂ ਅਗਲੇ ਸਾਲ ਬਸਪਾ ਨੂੰ ਧੋਖਾ ਦੇ ਦਿੱਤਾ ਅਤੇ ਭਾਜਪਾ ਦੀ ਸ਼ਰਨ ਵਿਚ ਚਲੇ ਗਏ।” ਚੰਨੀ ਨੇ ਕਿਹਾ ਕਿ ਜਦੋਂ ਭਾਜਪਾ ਨਾਲ ਸਾਂਝ-ਭਿਆਲੀ ਟੁੱਟ ਗਈ ਤਾਂ ਇਕ ਵਾਰ ਫੇਰ ਬਸਪਾ ਨਾਲ ਹੱਥ ਮਿਲਾ ਲਿਆ ਪਰ ਅਕਾਲੀਆਂ ਨੇ ਇਸ ਵਾਰ ਵੀ ਸਿਆਸੀ ਚਾਲ ਖੇਡੀ ਹੈ ਅਤੇ ਹੁਸ਼ਿਆਰਪੁਰ ਅਤੇ ਪਠਾਨਕੋਟ ਵਰਗੀਆਂ ਸੀਟਾਂ ਬਸਪਾ ਦੀ ਝੋਲੀ ਪਾ ਦਿੱਤੀਆਂ ਜਦਕਿ ਇੱਥੋਂ ਇਨ੍ਹਾਂ ਨੂੰ ਕਦੇ ਵੀ ਜਿੱਤ ਨਸੀਬ ਨਹੀਂ ਹੋਈ। ਲੁਕਵੇਂ ਰੂਪ ਵਿਚ ਅਕਾਲੀ ਦਲ ਦੀ ਅਜੇ ਵੀ ਭਾਜਪਾ ਨਾਲ ਗੰਢਤੁੱਪ ਹੈ।
ਬਹੁਜਨ ਸਮਾਜ ਨੂੰ ਕਾਂਗਰਸ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਹੁਣ ਵੀ ਬਹੁਜਨ ਸਮਾਜ ਦਾ ਸ਼ਾਸਨ ਹੈ।
ਸਮਾਜ ਦੇ ਸਾਰੇ ਵਰਗਾਂ ਦੇ ਫਾਇਦੇ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਗਏ ਇਤਿਹਾਸਕ ਕਦਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਬਿਜਲੀ ਦੀਆਂ ਦਰਾਂ ਵਿਚ ਪ੍ਰਤੀ ਯੂਨਿਟ 3 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਤੋਂ ਇਲਾਵਾ 21 ਲੱਖ ਪਰਿਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਪਹਿਲਾਂ ਵਾਂਗ ਜਾਰੀ ਰਹੇਗੀ, ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਲਾਲ ਲਕੀਰ ਦੇ ਤਹਿਤ ਰਹਿ ਰਹੇ ਲੋਕਾਂ ਨੂੰ ‘ਮੇਰਾ ਘਰ, ਮੇਰੇ ਨਾਮ’ ਅਧੀਨ ਮਾਲਕੀ ਹੱਕ ਦਿੱਤੇ, ਇਕ ਲੱਖ ਨੌਕਰੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ, ਟਿਊਬਵੈਲਾਂ ਦੇ ਬਿੱਲ ਮੁਆਫ਼ ਕਰਕੇ 1200 ਕਰੋੜ ਰੁਪਏ ਦੀ ਰਾਹਤ ਦਿੱਤੀ ਅਤੇ ਪਾਣੀ ਦੀਆਂ ਦਰਾਂ 50 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕਰਨ ਸਮੇਤ ਕਈ ਹੋਰ ਲੋਕ ਪੱਖੀ ਉਪਰਾਲੇ ਕੀਤੇ ਗਏ।
ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹੁਣ ‘ਲੋਹ ਪੁਰਸ਼’ ਸੂਬੇ ਦਾ ਮੁੱਖ ਮੰਤਰੀ ਬਣਿਆ ਹੈ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਨੇ ਖੁਲਾਸਾ ਕੀਤਾ ਕਿ ਅੱਜ ਆਦਮਪੁਰ ਵਿਚ 130 ਕਰੋੜ ਰੁਪਏ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਨੇ ਖੁਸ਼ਹਾਲੀ ਦੀ ਹਵਾ ਦਾ ਮੁੱਢ ਬੰਨਿਆ।      
ਇਸ ਮੌਕੇ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਆਦਮਪੁਰ ਤੋਂ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ।


Share