ਪੰਜਾਬ ਤੋਂ ਦਿੱਲੀ ਦੀ ਟਰੈਕਟਰ ਪਰੇਡ ’ਚ ਸ਼ਮੂਲੀਅਤ ਕਰਨ ਲਈ ਕਾਫਲਿਆਂ ਦੇ ਰੂਪ ’ਚ ਕੂਚ ਸ਼ੁਰੂ

430
Share

ਚੰਡੀਗੜ੍ਹ, 24 ਜਨਵਰੀ (ਪੰਜਾਬ ਮੇਲ)- ਪੰਜਾਬ ਤੋਂ ਕਿਸਾਨਾਂ ਨੇ ਨਵੀਂ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ’ਚ ਸ਼ਮੂਲੀਅਤ ਕਰਨ ਲਈ ਕਾਫ਼ਲਿਆਂ ਦੇ ਰੂਪ ਵਿੱਚ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿੱਚ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕਿਸਾਨਾਂ ਦੇ ਕਾਫ਼ਲੇ ਦਿਨ ਚੜ੍ਹਦਿਆਂ ਹੀ ਖਨੌਰੀ, ਡੱਬਵਾਲੀ, ਸਰਦੂਲਗੜ੍ਹ, ਸ਼ੰਭੂ ਅਤੇ ਹੋਰਨਾਂ ਸਰਹੱਦਾਂ ਰਾਹੀਂ ਹਰਿਆਣਾ ’ਚ ਦਾਖਲ ਹੁੰਦੇ ਹੋਏ ਦਿੱਲੀ ਵੱਲ ਨੂੰ ਰਵਾਨਾ ਹੋਣੇ ਸ਼ੁਰੂ ਹੋ ਗਏ ਸਨ ਤੇ ਦਿਨ ਢਲਣ ਤੱਕ ਟਰੈਕਟਰਾਂ-ਟਰਾਲੀਆਂ ਦੀਆਂ ਕਤਾਰਾਂ ਕੌਮੀ ਰਾਜਧਾਨੀ ਨੂੰ ਜਾਂਦੀਆਂ ਰਹੀਆਂ। ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਪ੍ਰਸਤਾਵਿਤ ਟਰੈਕਟਰ ਪਰੇਡ ਲਈ ਕਿਸਾਨਾਂ ਦੇ ਕਾਫ਼ਲਿਆਂ ਨੇ ਤਾਂ 20 ਜਨਵਰੀ ਤੋਂ ਹੀ ਦਿੱਲੀ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸਨ ਪਰ ਵੱਡੀ ਗਿਣਤੀ ਟਰੈਕਟਰਾਂ ਨੇ ਪਹਿਲਾਂ ਸਰਹੱਦਾਂ ’ਤੇ ਪੜਾਅ ਕੀਤਾ ਅਤੇ ਉੱਥੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਕੂਚ ਕੀਤਾ। ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਕਿਸਾਨ ਜੋਸ਼ ’ਚ ਹਨ। ਇਸ ਲਈ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ।
ਉਧਰ ਪੰਜਾਬ ’ਚ ਕਿਸਾਨਾਂ ਨੇ ਟੌਲ ਪਲਾਜ਼ਿਆਂ, ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਅਤੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਵਿਚ ਧਰਨੇ ਦਿੱਤੇ।
‘ਗਣਤੰਤਰ ਟਰੈਕਟਰ ਪਰੇਡ’ ਲਈ ਕਿਸਾਨਾਂ ਵੱਲੋਂ ਕਾਫ਼ਲਿਆਂ ਦੇ ਰੂਪ ਵਿਚ ਪੰਜਾਬ ਤੋਂ ਕੌਮੀ ਰਾਜਧਾਨੀ ਵੱਲ ਕੂਚ ਕਰਨ ਨਾਲ ਸੜਕਾਂ ’ਤੇ ਟਰੈਕਟਰਾਂ ਦੀਆਂ ਹੀ ਕਤਾਰਾਂ ਦਿਖਾਈ ਦੇ ਰਹੀਆਂ ਹਨ। ਨਵੀਂ ਦਿੱਲੀ ਨੂੰ ਨਿੱਜੀ ਕੰਮਾਂ ਲਈ ਜਾਣ ਵਾਲੇ ਵਿਅਕਤੀਆਂ ਵੱਲੋਂ ਆਪਣੇ ਕੰਮ-ਕਾਰ ਮੁਲਤਵੀ ਕਰ ਦਿੱਤੇ ਗਏ ਹਨ। ਪੰਜਾਬ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਦੇ ਅੰਦੋਲਨ ’ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣਾ ਚਾਹੀਦਾ। ਇਸ ਲਈ ਕੰਮ-ਕਾਰ 26 ਜਨਵਰੀ ਤੋਂ ਬਾਅਦ ਵੀ ਕੀਤੇ ਜਾ ਸਕਦੇ ਹਨ।

Share