ਪੰਜਾਬ ਤੇ ਹਰਿਆਣਾ ’ਚ ਖਤਰਨਾਕ ਪੱਧਰ ਤੱਕ ਹੇਠਾਂ ਡਿੱਗਿਆ ਧਰਤੀ ਹੇਠਲਾ ਪਾਣੀ : ਅਧਿਐਨ ’ਚ ਖੁਲਾਸਾ

223
Share

ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)- ਉੱਤਰ-ਪੱਛਮੀ ਭਾਰਤ ਖ਼ਾਸਕਰ ਪੰਜਾਬ ਅਤੇ ਹਰਿਆਣਾ ਵਿਚ ਧਰਤੀ ਹੇਠਲਾ ਪਾਣੀ ਖ਼ਤਰਨਾਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ। ਇਹ ਖੁਲਾਸਾ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ। ਆਈ.ਆਈ.ਟੀ. ਕਾਨਪੁਰ ਦੁਆਰਾ ਪ੍ਰਕਾਸ਼ਤ ਖੋਜ ਪੱਤਰ ’ਚ ਉੱਤਰ ਪੱਛਮੀ ਭਾਰਤ ਵਿਚ 4,000 ਤੋਂ ਜ਼ਿਆਦਾ ਧਰਤੀ ਹੇਠਲੇ ਖੂਹਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਚਾਰ-ਪੰਜ ਦਹਾਕਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ’ਤੇ ਆ ਗਿਆ ਹੈ। ਭਾਰਤ ਸਿੰਜਾਈ, ਘਰੇਲੂ ਅਤੇ ਉਦਯੋਗਿਕ ਜ਼ਰੂਰਤਾਂ ਲਈ ਧਰਤੀ ਹੇਠਲੇ ਪਾਣੀ ਦੀ ਦੁਨੀਆ ਵਿੱਚ ਸਭ ਤੋਂ ਵੱਧ ਵਰਤੋਂ ਕਰਦਾ ਹੈ। ਆਈ.ਆਈ.ਟੀ. ਕਾਨਪੁਰ ਦੇ ਪ੍ਰੋਫੈਸਰ ਰਾਜੀਵ ਸਿਨਹਾ ਅਤੇ ਉਸ ਦੇ ਪੀ.ਐੱਚ.ਡੀ. ਵਿਦਿਆਰਥੀ ਸੁਨੀਲ ਕੁਮਾਰ ਜੋਸ਼ੀ ਦੀ ਅਗਵਾਈ ਵਿਚ ਹੋਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਰਾਜ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਅਨੁਸਾਰ ਧਰਤੀ ਹੇਠਲੇ ਪਾਣੀ 1974 ਦੌਰਾਨ ਜ਼ਮੀਨੀ ਪੱਧਰ ਤੋਂ 2 ਮੀਟਰ ਹੇਠਾਂ ਸੀ ਜੋ 2010 ਵਿਚ 30 ਮੀਟਰ ਹੋ ਗਿਆ। ਅਧਿਐਨ ’ਚ ਕਿਹਾ ਗਿਆ ਹੈ, ‘ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਦੀ ਸਥਿਤੀ ਵੀ ਮਾੜੀ ਹੈ, ਜੋ ਕਿ ਖੇਤੀਬਾੜੀ ਰਾਜ ਹਨ ਅਤੇ ਜਿੱਥੇ ਧਰਤੀ ਹੇਠਲੇ ਪਾਣੀ ਪ੍ਰਬੰਧਨ ਦੀਆਂ ਰਣਨੀਤੀਆਂ ਅਜੇ ਵੀ ਬਹੁਤ ਪੁਰਾਣੀਆਂ ਹਨ।’ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਹਰਿਆਣਾ ਵਿਚ ਝੋਨੇ ਦੀ ਕਾਸ਼ਤ ਵਾਲਾ ਖੇਤਰ 1966-67 ਵਿਚ 1,92,000 ਹੈਕਟੇਅਰ ਤੋਂ ਵਧ ਕੇ 2017-18 ਵਿਚ 14,22,000 ਹੈਕਟੇਅਰ ਹੋ ਗਿਆ। ਪੰਜਾਬ ’ਚ ਇਹ 2017-18 ਵਿਚ 30,64,000 ਹੈਕਟੇਅਰ ਹੋ ਗਿਆ ਹੈ, ਜੋ 1960-61 ’ਚ 2,27,000 ਸੀ। ਮੰਗ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਪਾਣੀ ਦੀ ਮੰਗ ਵੱਧ ਗਈ। ਇਸ ਤੋਂ ਇਲਾਵਾ ਧਰਤੀ ਦੇ ਪਾਣੀ ਦੇ ਪੱਧਰ ਵਿਚ ਸਭ ਤੋਂ ਮਹੱਤਵਪੂਰਨ ਗਿਰਾਵਟ ਘੱਗਰ-ਹਕਰਾ ਪੈਲੀਓਚੈਨਲ (ਕੁਰੂਕਸ਼ੇਤਰ, ਪਟਿਆਲਾ ਅਤੇ ਫਤਿਹਾਬਾਦ ਜ਼ਿਲ੍ਹੇ) ਅਤੇ ਯਮੁਨਾ ਨਦੀ ਬੇਸਿਨ (ਪਾਣੀਪਤ ਅਤੇ ਕਰਨਾਲ ਜ਼ਿਲ੍ਹਿਆਂ ਦੇ ਹਿੱਸੇ) ਵਿਚ ਦਰਜ ਕੀਤੀ ਗਈ ਹੈ। ਇਹ ਖੋਜ ਕੇਂਦਰੀ ਜਲ ਸਕਤੀ ਮੰਤਰਾਲੇ ਤਹਿਤ ਜ਼ਮੀਨੀ ਜਲ ਬੋਰਡ (ਸੀ.ਜੀ.ਡਬਲਯੂ.ਬੀ.), ਧਰਤੀ ਵਿਗਿਆਨ ਮੰਤਰਾਲੇ ਅਤੇ ਕੁਦਰਤੀ ਵਾਤਾਵਰਣ ਖੋਜ ਪਰਿਸ਼ਦ (ਐੱਨ.ਈ.ਆਰ.ਸੀ.) ਬਰਤਾਨੀਆਂ ਵੱਲੋਂ ਮਿਲੇ ਫੰਡ ਤਹਿਤ ਕੀਤੀ ਗਈ।

Share