ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਾਰੇ ਡਿਪੂਆਂ ‘ਚ ਪੁਰਾਣੀਆਂ ਅਤੇ ਕੰਡਮ ਬੱਸਾਂ ਦੀ ਈ-ਆਕਸ਼ਨ ਨਾਲ ਕੀਤੀ ਜਾਵੇਗੀ ਵਿਕਰੀ

849
Share

ਇਹ ਪਹਿਲਕਦਮੀ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਮਾਲੀਆ ਵਧਾਉਣ ਵਿੱਚ ਹੋਵੇਗੀ ਸਹਾਈ
ਪੰਜਾਬ ਸਰਕਾਰ ਨੇ ਅੰਮਿ੍ਰਤਸਰ ਅਤੇ ਫਿਰੋਜ਼ਪੁਰ ਵਿੱਚ ਕੰਡਮ ਬੱਸਾਂ ਅਤੇ ਕਬਾੜ ਦੀ ਈ-ਆਕਸ਼ਨ ਨਾਲ ਰਾਖਵੀਂ ਕੀਮਤ ਤੋਂ 26 ਲੱਖ ਰੁਪਏ ਵੱਧ ਕਮਾਈ ਕੀਤੀ
ਚੰਡੀਗੜ, 24 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ ਵਿੱਚ ਕੰਡਮ ਬੱਸਾਂ ਅਤੇ ਕਬਾੜ ਸਮੱਗਰੀ ਦੀ ਈ-ਆਕਸ਼ਨ ਰਾਹੀਂ ਵਿਕਰੀ ਨਾਲ ਰਾਖਵੀਂ ਕੀਮਤ ਤੋਂ 26 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇੱਕਠਾ ਕੀਤਾ ਹੈ। ਸਰਕਾਰ ਨੇ 45 ਕੰਡਮ ਬੱਸਾਂ ਦੀ ਵਿਕਰੀ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ ਵਿਚ ਬੱਸਾਂ ਅਤੇ ਕਬਾੜ ਸਮੱਗਰੀ ਵੇਚਣ ਲਈ ਈ-ਆਕਸ਼ਨ ਕਰਵਾਈ ਗਈ ਸੀ। ਇਸ ਦੌਰਾਨ ਈ-ਨੀਲਾਮੀ ਰਾਹੀਂ ਅੰਮਿ੍ਰਤਸਰ -2 ਡਿਪੂ ਵਿਚ 25 ਕੰਡਮ ਬੱਸਾਂ ਅਤੇ ਫਿਰੋਜ਼ਪੁਰ ਡਿਪੂ ਵਿਚ 20 ਕੰਡਮ ਬੱਸਾਂ ਵੇਚੀਆਂ ਗਈਆਂ।
ਉਨਾਂ ਦੱਸਿਆ ਕਿ ਅੰਮਿ੍ਰਤਸਰ -2 ਡਿਪੂ ਵਿੱਚ ਇਹ ਬੱਸਾਂ 35.74 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 15.28 ਲੱਖ ਰੁਪਏ ਦੇ ਵਾਧੇ ਨਾਲ ਅਤੇ ਫਿਰੋਜ਼ਪੁਰ ਡਿਪੂ ਵਿਚ 31.51 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 8.16 ਲੱਖ ਰੁਪਏ ਦੇ ਵਾਧੇ ਨਾਲ ਵਿਕੀਆਂ ਹਨ। ਉਨਾਂ ਅੱਗੇ ਦੱਸਿਆ ਕਿ ਇਸ ਤਰਾਂ ਇਹ ਬੱਸਾਂ 90.70 ਲੱਖ ਰੁਪਏ ਵਿੱਚ ਵਿਕੀਆਂ ਹਨ ਜਦੋਂ ਕਿ ਇਨਾਂ ਦੀ ਰਾਖਵੀਂ ਕੀਮਤ 67.26 ਲੱਖ ਰੁਪਏ ਬਣਦੀ ਹੈ। ਇਸ ਤਰਾਂ 23.44 ਲੱਖ ਰੁਪਏ ਦਾ ਵਾਧੂ ਮਾਲੀਆ ਇੱਕਤਰ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕਬਾੜ ਸਮੱਗਰੀ ਜਿਵੇਂ ਕਿ ਕੰਡਮ ਟਾਇਰਾਂ, ਵਰਤੇ ਗਏ ਤੇਲ ਅਤੇ ਨਾ ਵਰਤਣ ਯੋਗ ਪੁਰਜ਼ਿਆਂ ਨੂੰ 12.19 ਲੱਖ ਰੁਪਏ ਵਿੱਚ ਵੇਚਿਆ ਗਿਆ ਹੈ ਜਿਨਾਂ ਦੀ ਰਾਖਵੀਂ ਕੀਮਤ 9.07 ਲੱਖ ਰੁਪਏ ਬਣਦੀ ਹੈ। ਇਸ ਤਰਾਂ ਕਬਾੜ ਦੀ ਵਿਕਰੀ ਤੋਂ 3.12 ਲੱਖ ਰੁਪਏ ਦਾ ਵਾਧਾ ਦਰਜ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪਹਿਲਕਦਮੀ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਮਾਲੀਆ ਵਧਾਉਣ ਵਿੱਚ ਸਹਾਈ ਹੋਵੇਗੀ। ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਈ-ਬੋਲੀ ਰਾਹੀਂ ਸਕ੍ਰੈਪ ਦੀ ਵਿਕਰੀ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਸ਼ਮੂਲੀਅਤ ਰਾਹੀਂ ਵਧੇਰੇ ਪਾਰਦਰਸਤਾ ਲਿਆਂਦੀ ਜਾ ਸਕੇ। ਟਰਾਂਸਪੋਰਟ ਵਿਭਾਗ ਦੇ 2 ਡਿਪੂਆਂ ਵਿਚ ਇਹ ਬੋਲੀ ਮੁਕੰਮਲ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿਚ ਬਾਕੀ ਡਿਪੂਆਂ ਵਿਚ ਈ-ਨੀਲਾਮੀ ਕਰਵਾਈ ਜਾਵੇਗੀ ਜਿਸ ਨਾਲ ਵਿਭਾਗ ਦੇ ਮਾਲੀਏ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

Share