ਪੰਜਾਬ ’ਚ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਸੋਮਵਾਰ ਤੋਂ

109
Share

ਚੰਡੀਗੜ੍ਹ, 7 ਮਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮਹਿਕਮੇ ਦੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ 18 ਤੋਂ 45 ਸਾਲ ਉਮਰ ਵਰਗ ਦੇ ਤਰਜੀਹੀ ਗਰੁੱਪਾਂ ਦੇ ਟੀਕਾਕਰਨ ਲਈ ਤਿਆਰੀਆਂ ਕਰਨ ਵਾਸਤੇ ਆਖ ਦਿੱਤਾ ਹੈ। ਪੰਜਾਬ ਨੂੰ ਅਗਲੇ ਦੋ ਦਿਨਾਂ ਭਾਵ ਵੀਕਐਂਡ ਵਿਚ ਪੁਣੇ ਆਧਾਰਿਤ ਭਾਰਤੀ ਸੀਰਮ ਇੰਸਟੀਚਿਊਟ ਤੋਂ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀਆਂ ਇਕ ਲੱਖ ਖੁਰਾਕਾਂ ਮਿਲਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੁਰਾਕਾਂ ਦੇ ਮਿਲਦੇ ਸਾਰ ਹੀ ਸੂਬਾ ਸਰਕਾਰ ਵੱਲੋਂ ਫੇਜ਼ ਤਿੰਨ ਲਈ ਸ਼ਨਾਖਤ ਕੀਤੇ ਤਰਜੀਹੀ ਗਰੁੱਪਾਂ ਵਾਸਤੇ ਟੀਕਾਕਰਨ ਦੀ ਸ਼ੁਰੂਆਤ ਹੋ ਜਾਵੇਗੀ। ਸੂਬਾ ਸਰਕਾਰ ਨੇ 18-45 ਸਾਲ ਉਮਰ ਵਰਗ ਵਿੱਚ ਉਸਾਰੀ ਵਰਕਰਜ਼, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਵੱਧ ਜੋਖ਼ਮ ਵਾਲੇ ਵਿਅਕਤੀਗਤ ਲੋਕ, ਜੋ ਵੱਖ ਵੱਖ ਬਿਮਾਰੀਆਂ ਨਾਲ ਗ੍ਰਸਤ ਹਨ, ਨੂੰ ਟੀਕਾਕਰਨ ਲਈ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਹੈ। ਮੁੱਖ ਮੰਤਰੀ ਕੋਵਿਡ ਸਮੀਖਿਆ ਸਬੰਧੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਨੂੰ ਤੀਜੇ ਗੇੜ ਦੇ ਟੀਕਾਕਰਨ ਲਈ 30 ਲੱਖ ਵੈਕਸੀਨਾਂ ਦਾ ਆਰਡਰ ਦਿੱਤਾ ਸੀ, ਪਰ ਕੇਂਦਰ ਸਰਕਾਰ ਨੇ ਸੂਬੇ ਨੂੰ ਇਸ ਮਹੀਨੇ 3.30 ਲੱਖ ਖੁਰਾਕਾਂ ਹੀ ਅਲਾਟ ਕੀਤੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਹੈ ਕਿ ਉਹ ਸੂਬੇ ਨੂੰ ਵਿਸ਼ਵ ਬੈਂਕ ਤੋਂ ਮਿਲੇ ਕਰਜ਼ੇ ’ਚੋਂ 10,000 ਆਕਸੀਜਨ ਕੰਸਨਟਰੇਟਰਾਂ ਦੀ ਖ਼ਰੀਦ ਕਰਨ ਲਈ ਫੰਡਾਂ ਦੀ ਵਰਤੋਂ ਦੇ ਪਹਿਲੂ ਨੂੰ ਘੋਖਣ।

Share