ਪੰਜਾਬ ‘ਚ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ

116
Share

ਜਲੰਧਰ, 29 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲਾਂਕਿ 1 ਮਈ ਤੋਂ 18 ਸਾਲਾਂ ਤੋਂ ਲੈ ਕੇ 44 ਸਾਲ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਪਰ ਪੰਜਾਬ ’ਚ ਫਿਲਹਾਲ 1 ਮਈ ਤੋਂ 18 ਸਾਲਾਂ ਤੇ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ ਕਿਉਂਕਿ ਅਜੇ ਸੂਬੇ ’ਚ ਵੈਕਸੀਨ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ 1 ਮਈ ਤੋਂ ਕੇਂਦਰ ਤੋਂ ਹਰ ਵੈਕਸੀਨ ਮਿਲਣ ਦੇ ਆਸਾਰ ਨਹੀਂ ਹਨ ਤਾਂ ਵਿੰਨੀ ਮਹਾਜਨ ਨੇ ਕਿਹਾ ਕਿ ਅਜੇ ਇਸ ਸਬੰਧ ’ਚ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ 45 ਸਾਲਾਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਟੀਕਾ ਲਗਾਉਣ ਲਈ ਲੋੜੀਂਦੀ ਮਾਤਰਾ ’ਚ ਟੀਕੇ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ 30 ਲੱਖ ਵੈਕਸੀਨ ਖ੍ਰੀਦਣ ਦੇ ਆਰਡਰ ਤਾਂ ਸਰਕਾਰ ਨੇ ਦੇ ਦਿੱਤੇ ਹਨ ਪਰ ਅਜੇ ਇਹ ਕਹਿਣਾ ਹੈ ਮੁਸ਼ਕਿਲ ਹੈ ਕਿ ਵੈਕਸੀਨ ਦੀ ਸਪਲਾਈ ਦਵਾਈ ਕੰਪਨੀਆਂ ਵੱਲੋਂ ਕਦੋਂ ਤੱਕ ਪੰਜਾਬ ਨੂੰ ਦਿੱਤੀ ਜਾਵੇਗੀ। ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਿਲਹਾਲ 45 ਸਾਲਾਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੈਕਸੀਨ ਲਗਾਉਣ ਦਾ ਕੰਮ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਪੰਜਾਬ ਕੋਲ ਵਾਧੂ ਵੈਕਸੀਨ ਹੀ ਨਹੀਂ ਹੈ ਤਾਂ ਉਸ ਹਾਲਤ ’ਚ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਕਿਵੇਂ ਕੀਤਾ ਜਾ ਸਕਦਾ ਹੈ।


Share