ਪੰਜਾਬ ‘ਚ ਸਿੱਖ ਚਿਹਰੇ ਲਿਆ ਕੇ ਮਜ਼ਬੂਤ ਹੋਣਾ ਚਾਹੁੰਦੀ ਹੈ ਭਾਜਪਾ

11

-ਘੱਟਗਿਣਤੀ ਵਿਰੋਧੀ ਅਕਸ ਨੂੰ ਧੋਣ ਦੀ ਕੋਸ਼ਿਸ਼ ‘ਚ ਜੁਟੀ ਹੈ ਭਾਜਪਾ
ਚੰਡੀਗੜ੍ਹ, 24 ਜਨਵਰੀ (ਪੰਜਾਬ ਮੇਲ)- ਬੀਤੇ ਦਿਨੀਂ ਮਨਪ੍ਰੀਤ ਬਾਦਲ ਵੀ ਆਖਿਰ ਭਾਜਪਾ ‘ਚ ਸ਼ਾਮਲ ਹੋ ਗਏ। ਪੰਜਾਬ ਤੋਂ ਸਾਬਕਾ ਮੁੱਖ ਮੰਤਰੀ, ਸਾਬਕਾ ਪ੍ਰਧਾਨ ਅਤੇ 6 ਮੰਤਰੀ ਅਤੇ ਕਈ ਸਾਬਕਾ ਵਿਧਾਇਕ ਹੁਣ ਤੱਕ ਭਾਜਪਾ ਵਿਚ ਜਾ ਚੁੱਕੇ ਹਨ।
ਹੁਣ ਹਾਲ ਹੀ ਵਿਚ ਬਣੀ ਪੰਜਾਬ ਦੀ ਨਵੀਂ ਟੀਮ ਵਿਚ ਇਨ੍ਹਾਂ ‘ਬਾਹਰੀ’ ਆਗੂਆਂ ਦਾ ਦਬਦਬਾ ਇੰਨਾ ਵਧ ਗਿਆ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਸੂਬੇ ਵਿਚ ਉਪ-ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਤੋਂ ਇਲਾਵਾ ਜ਼ਿਲਾ ਪ੍ਰਧਾਨ ਤੱਕ ਦੇ ਅਹੁਦਿਆਂ ਨਾਲ ਨਿਵਾਜਣ ਵਿਚ ਕੋਈ ਕਸਰ ਨਹੀਂ ਛੱਡੀ। ਭਾਜਪਾ ਵਿਚ ਇਨ੍ਹਾਂ ਨੇਤਾਵਾਂ ਦੇ ਆਉਣ ਨਾਲ ਪਾਰਟੀ ਚਾਹੇ ਉਤੋਂ ਮਜ਼ਬੂਤ ਦਿਖਾਈ ਦਿੰਦੀ ਹੋਵੇ ਪਰ ਸੱਚ ਇਹ ਹੈ ਕਿ ਪਾਰਟੀ ਦੀ ਨੀਂਹ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਹਿੱਲਣ ਲੱਗੀ ਹੈ। ਭਾਜਪਾ ਦੇ ਇਸ ਕਾਂਗਰਸੀਕਰਨ ਨਾਲ ਪਾਰਟੀ ਦੇ ਉਹ ਕਰਮਚਾਰੀ ਹਤਾਸ਼ ਹਨ, ਜਿਨ੍ਹਾਂ ਨੇ ਲੰਮੇ ਅਰਸੇ ਤੋਂ ਪਾਰਟੀ ਦੀ ਸੇਵਾ ਕੀਤੀ ਹੈ।
ਭਾਜਪਾ ਦਾ ਅਕਸ ਦੇਸ਼ ਭਰ ਵਿਚ ਘੱਟ ਗਿਣਤੀ ਵਿਰੋਧੀ ਮੰਨਿਆ ਜਾਂਦਾ ਹੈ ਪਰ ਪੰਜਾਬ ਵਿਚ ਉਹ ਆਪਣੇ ਇਸ ਅਕਸ ਨੂੰ ਧੋਣ ਦੀ ਕੋਸ਼ਿਸ਼ ਵਿਚ ਜੁਟੀ ਹੈ। ਪੰਜਾਬ ਵਿਚ ਭਾਜਪਾ ਕੋਲ ਸਿੱਖ ਚਿਹਰਿਆਂ ਦੀ ਹਮੇਸ਼ਾ ਤੋਂ ਕਮੀ ਰਹੀ ਹੈ ਅਤੇ ਹੁਣ ਉਹ ਇਸ ਦੀ ਭਰਪਾਈ ਕਾਂਗਰਸ ਤੋਂ ਆਗੂਆਂ ਨੂੰ ਲਿਆ ਕੇ ਕਰ ਰਹੀ ਹੈ। ਪਾਰਟੀ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਚਿਹਰੇ ਭਾਜਪਾ ਦਾ ਹਿੱਸਾ ਬਣਨ। ਇਸ ਦਾ ਕਿੰਨਾ ਫਾਇਦਾ ਉਸਨੂੰ ਮਿਲੇਗਾ, ਇਹ ਤਾਂ ਫਿਲਹਾਲ ਸਾਫ਼ ਨਹੀਂ ਹੋਇਆ ਹੈ ਪਰ ਇਹ ਤੈਅ ਹੈ ਕਿ ਭਾਜਪਾ ਅੱਗੇ ਵੀ ਸਿੱਖ ਚਿਹਰਿਆਂ ਨਾਲ ਆਪਣਾ ‘ਪਰਿਵਾਰ’ ਵਧਾਉਣਾ ਜਾਰੀ ਰੱਖੇਗੀ। ਭਾਜਪਾ ਲੀਡਰਸ਼ਿਪ ਨੂੰ ਪਤਾ ਹੈ ਕਿ ਪੰਜਾਬ ਵਿਚ ਸਿਰਫ਼ ਹਿੰਦੂ ਆਗੂਆਂ ਦੇ ਬਲਬੂਤੇ ਉਹ ਕਦੇ ਸੱਤਾ ਵਿਚ ਨਹੀਂ ਆ ਸਕਦੀ।
ਪਿਛਲੀ ਚੋਣ ਵਿਚ ਸਥਾਪਿਤ ਦਲਾਂ ਅਤੇ ਉਨ੍ਹਾਂ ਦੇ ਦਿੱਗਜਾਂ ਨੂੰ ਜੋ ਪਟਖਨੀ ਵੋਟਰਾਂ ਨੇ ਦਿੱਤੀ ਹੈ, ਉਸ ਵਿਚ ਭਾਜਪਾ ਸੁਫ਼ਨਾ ਦੇਖ ਰਹੀ ਹੈ ਕਿ ਉਸ ਨੂੰ ਵੀ ਸੱਤਾ ਦੀ ਕੁੰਜੀ ਹਾਸਲ ਹੋ ਸਕਦੀ ਹੈ, ਬਸ਼ਰਤੇ ਵੋਟਰਾਂ ਦੀ ਨਾਰਾਜ਼ਗੀ ਅਕਾਲੀ ਦਲ ਅਤੇ ਕਾਂਗਰਸ ਦੇ ਪ੍ਰਤੀ ਬਰਕਰਾਰ ਰਹੇ। ਭਾਜਪਾਈ ਤਾਂ ਕਹਿੰਦੇ ਵੀ ਹਨ ਕਿ ਅਗਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਹੀ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਦੀ ਕਸਰਤ ਉਸ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀਆਂ ਦੇ ਪੰਜਾਬ ਵਿਚ ਦੌਰੇ ਵਧਾ ਕੇ ਸ਼ੁਰੂ ਵੀ ਕਰ ਦਿੱਤੀ ਹੈ।
ਅਮਿਤ ਸ਼ਾਹ ਦੀ ਮੁਲਤਵੀ ਹੋਈ 29 ਜਨਵਰੀ ਦੀ ਪਟਿਆਲਾ ਰੈਲੀ ਵਿਚ ਵੀ ਕਈ ਸਿੱਖ ਆਗਆਂ ਨੂੰ ਭਾਜਪਾ ‘ਚ ਸ਼ਾਮਲ ਕਰਨ ਦੀ ਯੋਜਨਾ ਸੀ, ਜੋ ਧਰੀ ਰਹਿ ਗਈ।