
-ਕੋਰੋਨਾਵਾਇਰਸ ਦੇ ਨੈਗੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ ਸਰਕਾਰੀ ਲੈਬਜ਼ ‘ਚ ਹੋ ਰਹੀਆਂ ਨੇ ਪਾਜ਼ੀਟਿਵ
ਜਲੰਧਰ, 13 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਕੋਰੋਨਾ ਨੂੰ ਲੈ ਕੇ ਗੰਭੀਰ ਨਹੀਂ ਜਾਪ ਰਹੀਆਂ। ਕੋਰੋਨਾ ਦੇ ਮਰੀਜ਼ਾਂ ਦੇ ਟੈਸਟਾਂ ਦੀ ਜਾਂਚ ‘ਚ ਵੀ ਗੜਬੜ ਹੋ ਰਹੀ ਹੈ। ਇਹ ਗੰਭੀਰ ਦੋਸ਼ ਮਰੀਜ਼ਾਂ ਵੱਲੋਂ ਲਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੀ.ਜੀ.ਆਈ. ਚੰਡੀਗੜ੍ਹ ਇਕ ਮਰੀਜ਼ ਦੀ ਰਿਪੋਰਟ ਨੂੰ ਨੈਗੇਟਿਵ ਭੇਜਦਾ ਹੈ ਅਤੇ ਸਰਕਾਰੀ ਮੈਡੀਕਲ ਕਾਲਜ ‘ਚ ਸਥਿਤ ਲੈਬਜ਼ ਅਗਲੀਆਂ ਰਿਪੋਰਟਾਂ ਨੂੰ ਪਾਜ਼ੀਟਿਵ ਬਣਾ ਦਿੰਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਸਰਕਾਰੀ ਮੈਡੀਕਲ ਕਾਲਜ ‘ਚ ਸਥਾਪਤ ਲੈਬਜ਼ ‘ਤੇ ਟੈਸਟਾਂ ਦਾ ਕਾਫੀ ਦਬਾਅ ਹੈ ਅਤੇ ਅਜਿਹੇ ‘ਚ ਕੋਰੋਨਾ ਸਬੰਧੀ ਜਾਂਚ ਦਾ ਕੰਮ ਠੀਕ ਢੰਗ ਨਾਲ ਨਹੀਂ ਹੋ ਰਿਹਾ। ਇਸ ਤਰ੍ਹਾਂ ਦਾ ਇਕ ਮਾਮਲਾ ਕੱਲ ਮੋਗਾ ਤੋਂ ਸਾਹਮਣੇ ਆਇਆ ਸੀ, ਜਿੱਥੇ 7 ਲੋਕਾਂ ਦੇ ਟੈਸਟ ਫਰੀਦਕੋਟ ਮੈਡੀਕਲ ਕਾਲਜ ਦੀ ਲੈਬ ਨੇ ਪਾਜ਼ੀਟਿਵ ਦੱਸੇ ਪਰ ਪੀੜਤਾਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਟੈਸਟ ਲੈ ਕੇ ਪੀ.ਜੀ.ਆਈ. ਭੇਜੇ ਗਏ, ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ।
ਕੁਝ ਅਜਿਹਾ ਹੀ ਸਿਵਲ ਹਸਪਤਾਲ ‘ਚ ਇਲਾਜ ਅਧੀਨ ਕੋਰੋਨਾ ਮਰੀਜ਼ਾਂ ਦੇ ਨਾਲ ਹੋ ਰਿਹਾ ਹੈ। ਪੀ.ਜੀ.ਆਈ. ‘ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ, ਤਾਂ ਅੰਮ੍ਰਿਤਸਰ ਦੇ ਸਰਕਾਰੀ ਕਾਲਜ ਦੀ ਲੈਬ ‘ਚ ਉਨ੍ਹਾਂ ਦੀ ਰਿਪੋਰਟ ਨੂੰ ਪਾਜ਼ੀਟਿਵ ਦੱਸ ਦਿੱਤਾ ਜਾਂਦਾ ਹੈ। ਅੰਮ੍ਰਿਤਸਰ ਦੀ ਲੈਬ ‘ਚ ਵੀ ਕੰਮ ਦਾ ਕਾਫੀ ਬੋਝ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ‘ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਭਾਰੀ ਗਿਣਤੀ ‘ਚ ਸੰਗਤਾਂ ਦੇ ਸੈਂਪਲਾਂ ਤੋਂ ਇਲਾਵ ਜਲੰਧਰ ਅਤੇ ਗੁਰਦਾਸਪੁਰ ਆਦਿ ਜ਼ਿਲਿਆਂ ਦੇ ਸੈਂਪਲ ਜਾਂਚ ਲਈ ਆ ਰਹੇ ਹਨ, ਉੱਥੇ ਹੀ ਸੈਂਪਲਾਂ ਦੇ ਪ੍ਰਮਾਣ ਆਉਣ ਵਿਚ ਹੀ 4 ਤੋਂ 6 ਦਿਨ ਲੱਗ ਜਾਂਦੇ ਹਨ, ਇਸ ਨੂੰ ਦੇਖਦੇ ਹੋਏ ਵੀ ਲੋਕਾਂ ‘ਚ ਸਰਕਾਰੀ ਮੈਡੀਕਲ ਕਾਲਜਾਂ ਵਿਚ ਸਥਾਪਤ ਕੀਤੀਆਂ ਲੈਬਾਂ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਅਜਿਹੇ ਵਿਚ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਚਾਹੀਦਾ ਹੈ ਕਿ ਉਹ ਵੀ ਉਨ੍ਹਾਂ ਮਰੀਜ਼ਾਂ ਦੇ ਸੈਂਪਲ ਪੀ.ਜੀ.ਆਈ. ਵਿਚ ਭੇਜਣ, ਜਿਨ੍ਹਾਂ ਦੀ ਰਿਪੋਰਟ ਅੰਮ੍ਰਿਤਸਰ ਤੋਂ ਪਾਜ਼ੀਟਿਵ ਆਈ ਹੈ, ਤਾਂ ਕਿ ਸਥਿਤੀ ਸਪੱਸ਼ਟ ਹੋ ਸਕੇ ਅਤੇ ਜਾਂਚ ‘ਤੇ ਕੋਈ ਪ੍ਰਸ਼ਨ ਨਾ ਉੱਠੇ।
ਜ਼ਿਆਦਾਤਰ ਪਾਜ਼ੀਟਿਵ ਪਾਏ ਗਏ ਲੋਕਾਂ ‘ਚ ਕੋਰੋਨਾ ਦਾ ਕੋਈ ਲੱਛਣ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ‘ਚੋਂ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਹੋਏ 20 ਤੋਂ 30 ਦਿਨ ਹੋ ਗਏ ਹਨ। ਅਜਿਹੇ ‘ਚ ਡਾਕਟਰਾਂ ਨੂੰ ਚਾਹੀਦਾ ਹੈ ਕਿ ਉਸੇ ਵਿਅਕਤੀ ਦੇ ਟੈਸਟ ਕਰਵਾਏ ਜਾਣ, ਜਿਨ੍ਹਾਂ ‘ਚ ਕੋਰੋਨਾ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ। ਕੇਂਦਰੀ ਸਿਹਤ ਮੰਤਰਾਲਾ ਦੀ ਰਿਪੋਰਟ ਦੀਆਂ ਰਿਪੋਰਟਾਂ ਅਨੁਸਾਰ ਵੀ ਹਸਪਤਾਲਾਂ ਚ ਜ਼ਿਆਦਾਤਰ ਅਜਿਹੇ ਪਾਜ਼ੀਟਿਵ ਮਰੀਜ਼ ਦਾਖਲ ਹਨ, ਜਿਨ੍ਹਾਂ ‘ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਕੇਂਦਰ ਸਰਕਾਰ ਨੇ ਵੀ ਪਿਛਲੇ ਦਿਨੀਂ ਨੋਟੀਫਿਕੇਸ਼ਨ ਜਾਰੀ ਕਰਕੇ ਸੂਬਿਆਂ ਨੂੰ ਕਿਹਾ ਸੀ ਕਿ ਜਿਨ੍ਹਾਂ ਲੋਕਾਂ ‘ਚ ਕੋਰੋਨਾ ਦੇ ਲੱਛਣ ਨਹੀਂ ਹਨ, ਉਨ੍ਹਾਂ ਨੂੰ 10 ਦਿਨਾਂ ਦੇ ਬਾਅਦ ਹਸਪਤਾਲ ਤੋਂ ਡਿਸਚਾਰਜ ਕਰਨ, ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਦੀ ਸਲਾਹ ਮੰਨੇ, ਤਾਂ ਕਿ ਕਾਫੀ ਗਿਣਤੀ ਵਿਚ ਲੱਛਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕੇ, ਇਸ ਨਾਲ ਇਕ ਤਾਂ ਡਾਕਟਰਾਂ ਅਤੇ ਕੰਮ ਦਾ ਬੋਝ ਘੱਟ ਪਵੇਗਾ ਅਤੇ ਦੂਜਾ ਹਸਪਤਾਲ ‘ਚ ਨਵੇਂ ਮਰੀਜ਼ਾਂ ਲਈ ਥਾਂ ਬਣ ਸਕੇਗੀ।