ਪੰਜਾਬ ‘ਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ‘ਚ ਘਟ ਰਹੇ ਕੋਰੋਨਾ ਮਰੀਜ਼

800

ਬਰਨਾਲਾ ਤੇ ਫਿਰੋਜ਼ਪੁਰ ਕੋਰੋਨਾ ਮੁਕਤ ਜ਼ਿਲ੍ਹੇ ਬਣੇ

ਚੰਡੀਗੜ੍ਹ, 17 ਮਈ (ਪੰਜਾਬ ਮੇਲ)- ਕੋਰੋਨਾ ਵਾਇਰਸ ਉਹ ਖਤਰਨਾਕ ਬਿਮਾਰੀ ਹੈ ਜਿਸ ਨੇ ਪੂਰੀ ਦੁਨੀਆਂ ‘ਚ ਵੱਸਦੇ ਲੋਕਾਂ ਦੀ ਜੀਵਨ ਜਾਂਚ ਬਦਲ ਦਿੱਤੀ ਹੈ। ਕਿਸੇ ਨੇ ਸ਼ਾਇਦ ਸੋਚਿਆ ਨਹੀਂ ਹੋਵੇਗਾ ਕਿ ਅਜਿਹਾ ਦੌਰ ਵੀ ਆਵੇਗਾ ਜਦੋਂ ਆਪਣੇ ਹੀ ਆਪਣਿਆਂ ਦੀਆਂ ਲਾਸ਼ਾਂ ਤੋਂ ਵੀ ਮੂੰਹ ਮੋੜਨਗੇ ਪਰ ਹਰ ਰਾਤ ਤੋਂ ਬਾਅਦ ਦਿਨ ਦਾ ਹੋਣਾ ਤੈਅ ਹੁੰਦਾ ਹੈ। ਇਸੇ ਤਰ੍ਹਾਂ ਪੰਜਾਬ ‘ਚ ਦਿਨ-ਬ-ਦਿਨ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ‘ਚ ਘਟ ਰਹੀ ਹੈ।

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਜਿੱਥੇ ਨਵੇਂ ਕੇਸਾਂ ਦੀ ਆਮਦ ਘਟੀ ਹੈ, ਉੱਥੇ ਹੀ ਪਹਿਲਾਂ ਤੋਂ ਪੌਜ਼ੇਟਿਵ ਵੀ ਠੀਕ ਹੋਣੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਮੁਤਾਬਕ ਪਿਛਲੇ ਦੋ ਦਿਨਾਂ ਦੌਰਾਨ 952 ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਹਾਲਾਂਕਿ ਸਿਹਤ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ 14 ਨਵੇਂ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 1946 ਮਾਮਲੇ ਉਜਾਗਰ ਹੋ ਚੁੱਕੇ ਹਨ ਪਰ ਰਾਹਤ ਦੀ ਵੱਡੀ ਗੱਲ ਇਹ ਹੈ ਕਿ ਹਸਪਤਾਲਾਂ ਤੇ ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 657 ਵਿਅਕਤੀ ਹੀ ਇਲਾਜ ਅਧੀਨ ਹਨ ਜਦਕਿ 1257 ਵਿਅਕਤੀ ਹੁਣ ਤੱਕ ਕੋਰੋਨਾ ਖ਼ਿਲਾਫ਼ ਜੰਗ ਜਿੱਤ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ’ਚ ਤਿੰਨ, ਕਪੂਰਥਲਾ ਵਿੱਚ ਪੰਜ, ਰੋਪੜ ਵਿੱਚ ਇੱਕ, ਫਰੀਦਕੋਟ ਵਿੱਚ ਤਿੰਨ ਤੇ ਜਲੰਧਰ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ।

ਪੰਜਾਬ ਦੇ ਬਰਨਾਲਾ ਤੇ ਫਿਰੋਜ਼ਪੁਰ ਦੋ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਬਰਨਾਲਾ ’ਚੋਂ ਸਾਰੇ 19, ਫਿਰੋਜ਼ਪੁਰ ਦੇ 40 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੰਮ੍ਰਿਤਸਰ ਵਿੱਚ ਇਕਦਮ ਮਰੀਜ਼ਾਂ ਦਾ ਅੰਕੜਾ ਤਿੰਨ ਸੌ ਦੇ ਕਰੀਬ ਪਹੁੰਚ ਗਿਆ ਸੀ ਪਰ ਹੁਣ ਮਹਿਜ਼ 2 ਮਰੀਜ਼ ਹੀ ਰਹਿ ਗਏ ਹਨ। ਮੋਗਾ ’ਚ ਇੱਕ, ਹੁਸ਼ਿਆਰਪੁਰ ’ਚ ਤਿੰਨ, ਮੁਹਾਲੀ ਵਿੱਚ ਚਾਰ ਤੇ ਗੁਰਦਾਸਪੁਰ ਵਿੱਚ ਵੀ ਪੰਜ ਮਰੀਜ਼ ਹਨ।

ਪੰਜਾਬ ਚ ਉਸ ਵੇਲੇ ਚਿੰਤਾ ਵਧ ਗਈ ਸੀ ਜਦੋਂ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀਆਂ ਲਗਾਤਾਰ ਕੋਰੋਨਾ ਪੌਜ਼ੇਟਿਵ ਰਿਪੋਰਟਾਂ ਆ ਰਹੀਆਂ ਸਨ ਪਰ ਹੁਣ ਕੋਈ ਲੱਛਣ ਨਾ ਹੋਣ ਕਾਰਨ ਹਸਪਤਾਲਾਂ ਤੇ ਆਈਸੋਲੇਸ਼ਨ ਕੇਂਦਰਾਂ ਵਿੱਚੋਂ ਇਨ੍ਹਾਂ ਸ਼ਰਧਾਲੂਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਹਸਪਤਾਲਾਂ ਦੇ ਅਮਲੇ ਵੱਲੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਫੁੱਲ ਦੇ ਕੇ ਵਿਦਾ ਕੀਤਾ ਗਿਆ ਤੇ ਮਰੀਜ਼ਾਂ ਦੇ ਚਿਹਰਿਆਂ ’ਤੇ ਰੌਣਕਾਂ ਸਨ। ਸਿਹਤ ਅਧਿਕਾਰੀਆਂ ਮੁਤਾਬਕ ਆਉਂਦੇ ਕੁਝ ਦਿਨਾਂ ਤੱਕ ਹੋਰ ਮਰੀਜ਼ਾਂ ਨੂੰ ਵੀ ਛੁੱਟੀ ਦੇ ਦਿੱਤੀ ਜਾਵੇਗੀ।