ਪੰਜਾਬ ‘ਚ ਭਾਜਪਾ ਦੀ ਨਵੀਂ ਬਣੀ ਟੀਮ ‘ਚ ਇਕ ਤਿਹਾਈ ਸਿੱਖ ਚਿਹਰੇ!

543
Share

-ਸਿਆਸੀ ਹਲਕਿਆਂ ‘ਚ ਅਕਾਲੀ-ਭਾਜਾ ਗਠਜੋੜ ਦੇ ਭਵਿੱਖ ਬਾਰੇ ਹਲਚਲ ਪੈਦਾ
ਸੰਗਰੂਰ, 29 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਦੀ ਨਵੀਂ ਬਣੀ ਟੀਮ ‘ਚ ਇਕ ਤਿਹਾਈ ਸਿੱਖ ਚਿਹਰੇ ਹੋਣ ਨਾਲ ਸਿਆਸੀ ਹਲਕਿਆਂ ਵਿਚ ਅਕਾਲੀ ਭਾਜਪਾ ਗੱਠਜੋੜ ਦੇ ਭਵਿੱਖ ਬਾਰੇ ਹਲਚਲ ਪੈਦਾ ਹੋ ਗਈ ਹੈ। ਪੰਜਾਬ ਦੀ ਸੂਬਾ ਕਮੇਟੀ ‘ਚ ਜਨਰਲ ਸਕੱਤਰ ਮਾਲਵਿੰਦਰ ਸਿੰਘ ਕੰਗ, ਸਕੱਤਰ ਸੁਖਪਾਲ ਸਿੰਘ ਸਰਾ, ਸਕੱਤਰ ਸੁਖਵਿੰਦਰ ਕੌਰ ਨੌਲੱਖਾ, ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਮੀਤ ਪ੍ਰਧਾਨ ਦਿਆਲ ਸਿੰਘ ਸੋਢੀ ਅਤੇ ਪ੍ਰੈੱਸ ਸਕੱਤਰ ਰਵਿੰਦਰ ਸਿੰਘ ਸ਼ੇਰਗਿੱਲ ਨੂੰ ਸਿੱਖ ਚਿਹਰਿਆਂ ਵਜੋਂ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰਜ ‘ਤੇ ਜ਼ਿਲ੍ਹਾ ਤੇ ਮੰਡਲ ਕਮੇਟੀਆਂ ‘ਚ ਵੀ ਸਿੱਖ ਚਿਹਰਿਆਂ ਨੂੰ ਇਕ ਤਿਹਾਈ ਹਿੱਸਾ ਦਿੱਤਾ ਗਿਆ ਹੈ। ਪਾਰਟੀ ਸੂਤਰਾਂ ਅਨੁਸਾਰ ਰਾਜ ‘ਚ ਭਾਜਪਾ ਦੇ 33 ਜ਼ਿਲ੍ਹੇ ਅਤੇ 365 ਮੰਡਲ ਹਨ ਅਤੇ ਹਰ ਜ਼ਿਲ੍ਹੇ ਤੇ ਮੰਡਲ ਦੀ ਕਮੇਟੀ ‘ਚ ਇਕ ਤਿਹਾਈ ਸਿੱਖ ਚਿਹਰੇ ਅੱਗੇ ਲਿਆਂਦੇ ਗਏ ਹਨ। ਜ਼ਿਲ੍ਹਾ ਪੱਧਰ ‘ਤੇ ਪ੍ਰਧਾਨ ਤੇ ਜਨਰਲ ਸਕੱਤਰ ਦੇ ਦੋ ਅਹੁਦਿਆਂ ‘ਚੋਂ ਇਕ ਅਹੁਦੇ ‘ਤੇ ਸਿੱਖ ਚਿਹਰੇ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਦੇ ਕਿਸਾਨ ਮੋਰਚੇ ‘ਚ ਇਸ ਤੋਂ ਪਹਿਲਾਂ ਗੈਰ ਸਿੱਖ ਵੀ ਸ਼ਾਮਿਲ ਕਰ ਲਏ ਜਾਂਦੇ ਸਨ ਪਰ ਇਸ ਵਾਰ ਵਿਕਰਮਜੀਤ ਸਿੰਘ ਚੀਮਾ ਦੀ ਅਗਵਾਈ ਹੇਠਲੇ ਪੰਜਾਬ ਦੇ ਕਿਸਾਨ ਮੋਰਚੇ ਦੀ ਸੂਬਾ ਕਮੇਟੀ ‘ਚ ਸਾਰੇ ਦੇ ਸਾਰੇ 17 ਅਹੁਦੇਦਾਰ ਸਿੱਖ ਕਿਸਾਨ ਹਨ, ਜਿਨ੍ਹਾਂ ਵਿਚ ਮਨਿੰਦਰ ਸਿੰਘ ਕਪਿਆਲ ਨੂੰ ਜਨਰਲ ਸਕੱਤਰ ਲਿਆ ਗਿਆ ਹੈ। ਸਿਆਸੀ ਹਲਕਿਆਂ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਡੈਮੋਕ੍ਰੇਟਿਕ ਸ਼੍ਰੋਮਣੀ ਅਕਾਲੀ ਦਲ ਦੇ ਬਣਨ ਕਾਰਨ ਪੈਦਾ ਹੋਈ ਸਥਿਤੀ ਦਾ ਲਾਹਾ ਲੈਣ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਸਿਆਸੀ ਸੁਨੇਹਾ ਦੇਣ ਲਈ ਸਿੱਖ ਚਿਹਰੇ ਅੱਗੇ ਲਿਆਂਦੇ ਹਨ ਅਤੇ ਉਨ੍ਹਾਂ ਨੂੰ ਪਿੰਡਾਂ ਵੱਲ ਜ਼ਿਆਦਾ ਧਿਆਨ ਦੇਣ ਦੀਆਂ ਹਦਾਇਤਾਂ ਕੀਤੀਆਂ ਹਨ। ਸੂਤਰਾਂ ਅਨੁਸਾਰ ਇਸ ਵਾਰ ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਮਾਲਵੇ ਦੀਆਂ ਸੀਟਾਂ ‘ਚੋਂ ਆਪਣਾ ਢੁੱਕਵਾਂ ਹਿੱਸਾ ਮੰਗੇਗੀ। ਹੁਣ ਤੱਕ ਭਾਜਪਾ ਨੂੰ ਅਕਾਲੀ ਦਲ ਵਲੋਂ ਮਾਲਵਾ ਖੇਤਰ ਵਿਚ ਲਗਪਗ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਜੇ ਇਸ ਵਾਰ ਭਾਜਪਾ ਆਗੂਆਂ ਦੀ ਤਸੱਲੀ ਨਹੀਂ ਹੁੰਦੀ ਤਾਂ ਪਾਰਟੀ ਦੀ ਅੰਦਰੂਨੀ ਰਾਜਨੀਤੀ ਨੂੰ ਦੇਖਦਿਆਂ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਨ ਨੂੰ ਵੀ ਦੇਰ ਨਹੀਂ ਲੱਗੇਗੀ। ਇਸ ਮੁੱਦੇ ਨੂੰ ਲੈ ਕੇ ਪਾਰਟੀ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹਨ ਤੇ ਹਰ ਮੀਟਿੰਗ ‘ਚ ਡੂੰਘਾਈ ਤੱਕ ਮੰਥਨ ਕੀਤਾ ਜਾਂਦਾ ਹੈ।


Share