ਪੰਜਾਬ ‘ਚ ਪੈਰੋਲ ‘ਤੇ ਗਏ ਕੈਦੀਆਂ ਦੀ ਜੇਲ੍ਹਾਂ ‘ਚ ਵਾਪਸੀ ਦੀ ਪ੍ਰਕਿਰਿਆ 17 ਫਰਵਰੀ ਤੋਂ ਹੋਵੇਗੀ ਸ਼ੁਰੂ

419
Share

ਚੰਡੀਗੜ੍ਹ, 15 ਫਰਵਰੀ (ਪੰਜਾਬ ਮੇਲ)-  ਪੰਜਾਬ ‘ਚ ਕੋਵਿਡ-19 ਦੇ ਮਾਮਲਿਆਂ ‘ਚ ਆਈ ਗਿਰਾਵਟ ਦੇ ਮੱਦੇਨਜ਼ਰ ਸੁਪਰੀਮ ਕੋਰਟ ਵਲੋਂ ਜੇਲ੍ਹਾਂ ‘ਚ ਕੋਵਿਡ-19 ਨਾਲ ਨਜਿੱਠਣ ਲਈ ਗਠਿਤ ਉੱਚ ਤਾਕਤੀ ਕਮੇਟੀ ਨੇ ਕੈਦੀਆਂ ਦੀ ਪੈਰੋਲ ‘ਚ ਅੱਗੇ ਹੋਰ ਵਾਧਾ ਨਾ ਕੀਤੇ ਜਾਣ ਦਾ ਫ਼ੈਸਲਾ ਲਿਆ ਹੈ | ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਜੈ ਤਿਵਾੜੀ ਦੀ ਪ੍ਰਧਾਨਗੀ ਵਾਲੀ ਕਮੇਟੀ, ਜਿਸ ‘ਚ ਪ੍ਰਮੁੱਖ ਸਕੱਤਰ (ਜੇਲ੍ਹਾਂ) ਡੀ.ਕੇ. ਤਿਵਾੜੀ (ਆਈ.ਏ.ਐਸ.) ਤੇ ਏ.ਡੀ.ਜੀ.ਪੀ, ਜੇਲ੍ਹਾਂ ਪੀ.ਕੇ. ਸਿਨਹਾ (ਆਈ.ਪੀ.ਐਸ) ਸ਼ਾਮਿਲ ਹਨ, ਨੇ ਪੈਰੋਲ ‘ਤੇ ਗਏ ਸਾਰੇ ਕੈਦੀਆਂ ਵਲੋਂ ਜੇਲ੍ਹਾਂ ‘ਚ ਵਾਪਸ ਰਿਪੋਰਟ ਕਰਨ ਦੀ ਸਿਫ਼ਾਰਸ਼ ਕੀਤੀ ਹੈ | ਇਸ ਕਮੇਟੀ ਨੂੰ ਪੈਰੋਲ ਤੋਂ ਵਾਪਸ ਪਰਤਣ ਵਾਲੇ ਕੈਦੀਆਂ ਦੀ ਟੈਸਟਿੰਗ ਤੇ ਉਨ੍ਹਾਂ ਨੂੰ ਆਪਣੀ ਜੇਲ੍ਹ ‘ਚ ਤਬਦੀਲ ਕਰਨ ਤੋਂ ਪਹਿਲਾਂ ਇਕਾਂਤਵਾਸ ‘ਚ ਰੱਖਣ ਲਈ ਅਧਿਕਾਰਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਪੜਾਅਵਾਰ ਢੰਗ ਨਾਲ ਕੀਤੀ ਜਾਵੇਗੀ ਤੇ ਇਹ 17.02.2021 ਤੋਂ ਸ਼ੁਰੂ ਹੋਵੇਗੀ, ਜਿਸ ਲਈ ‘ਫ਼ਸਟ ਆਊਟ-ਫਸਟ ਇਨ’ ਵਿਧੀ ਅਪਣਾਈ ਜਾਵੇਗੀ, ਭਾਵ ਜੋ ਕੈਦੀ ਸਭ ਤੋਂ ਲੰਬੇ ਸਮੇਂ ਤੱਕ ਪੈਰੋਲ ‘ਤੇ ਰਿਹਾ ਹੈ, ਉਸ ਨੰੂ ਜੇਲ੍ਹ ‘ਚ ਸਭ ਤੋਂ ਪਹਿਲਾਂ ਰਿਪੋਰਟ ਕਰਨਾ ਹੋਵੇਗਾ | ਬੁਲਾਰੇ ਨੇ ਦੱਸਿਆ ਕਿ ਹਰੇਕ 9-10 ਦਿਨਾਂ ਅੰਦਰ ਇਕ ਬੈਚ ‘ਚ ਤਕਰੀਬਨ 650-700 ਕੈਦੀਆਂ ਦੀ ਵਾਪਸੀ ਸਬੰਧੀ ਸ਼ਡਿਊਲ ਸਾਰੇ ਸਬੰਧਤ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ | ਪੈਰੋਲ ‘ਤੇ ਗਏ ਸਾਰੇ ਕੈਦੀਆਂ ਨੂੰ ਵਾਪਸ ਰਿਪੋਰਟ ਕਰਨ ਤੋਂ ਪਹਿਲਾਂ 3 ਦਿਨਾਂ ਦੇ ਅੰਦਰ-ਅੰਦਰ ਇਕ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ (ਸਿਰਫ਼ ਆਰ.ਟੀ.-ਪੀ.ਸੀ.ਆਰ.) ਨਾਲ ਨਿਰਧਾਰਤ ਜੇਲ੍ਹ (ਪੁਰਸ਼ਾਂ ਲਈ ਬਰਨਾਲਾ ਜਾਂ ਪਠਾਨਕੋਟ, ਔਰਤਾਂ ਲਈ ਮਲੇਰਕੋਟਲਾ) ਵਿਖੇ ਰਿਪੋਰਟ ਕਰਨਾ ਹੋਵੇਗਾ | ਉਨ੍ਹਾਂ ਦੱਸਿਆ ਕਿ ਕੈਦੀਆਂ ਨੂੰ ਜੇਲ੍ਹ ‘ਚ 4 ਦਿਨਾਂ (ਵਾਪਸ ਰਿਪੋਰਟ ਕਰਨ ਦੇ ਦਿਨ ਸਮੇਤ) ਇਕਾਂਤਵਾਸ ‘ਚ ਰੱਖਿਆ ਜਾਵੇਗਾ ਤੇ 5ਵੇਂ ਦਿਨ ਉਨ੍ਹਾਂ ਦੇ ਕੋਵਿਡ-19 ਸੈਂਪਲ ਲਏ ਜਾਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀਆਂ ਸਬੰਧਤ ਜੇਲ੍ਹਾਂ ‘ਚ ਤਬਦੀਲ ਕਰ ਦਿੱਤਾ ਜਾਵੇਗਾ | ਜੇ ਕੋਈ ਕੈਦੀ ਵਾਪਸ ਰਿਪੋਰਟ ਕਰਨ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਕੋਵਿਡ-19 ਟੈਸਟ ‘ਚ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਹ ਜਲਦ ਤੋਂ ਜਲਦ ਨਿਰਧਾਰਤ ਜੇਲ੍ਹ ਦੇ ਸੁਪਰਡੈਂਟ ਨੂੰ ਸੂਚਿਤ ਕਰੇਗਾ ਤੇ ਟੈਸਟ ਦੇ ਨਤੀਜੇ ਦੀ ਮਿਤੀ ਤੋਂ 18ਵੇਂ ਦਿਨ ਰਿਪੋਰਟ ਕਰੇਗਾ | ਬੁਲਾਰੇ ਨੇ ਦੱਸਿਆ ਕਿ ਕੈਦੀਆਂ ਦੀ ਵਾਪਸੀ ਦੀ ਯੋਜਨਾ ਪੜਾਅਵਾਰ ਢੰਗ ਨਾਲ ਬਣਾਈ ਗਈ ਹੈ | 2020 ‘ਚ ਪੈਰੋਲ ‘ਤੇ ਰਿਹਾਅ ਕੀਤੇ ਗਏ ਸਾਰੇ ਕੈਦੀਆਂ, ਜੋ ਮੌਜੂਦਾ ਸਮੇਂ ਪੈਰੋਲ ‘ਤੇ ਹਨ, ਦੀ ਪੈਰੋਲ ਉਸ ਦਿਨ ਤੱਕ ਰਹੇਗੀ, ਜਿਸ ਦਿਨ ਤੱਕ ਉਨ੍ਹਾਂ ਨੂੰ ਸਬੰਧਤ ਨਿਰਧਾਰਤ ਜੇਲ੍ਹਾਂ ‘ਚ ਵਾਪਸ ਰਿਪੋਰਟ ਕਰਨ ਲਈ ਕਿਹਾ ਗਿਆ ਹੈ | ਬੁਲਾਰੇ ਨੇ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਤੇ ਗੰਭੀਰ ਰੋਗ ਨਾਲ ਪੀੜਤ ਕੈਦੀਆਂ ਨੂੰ ਆਖ਼ਰੀ ਬੈਚ ‘ਚ ਵਾਪਸ ਬੁਲਾਇਆ ਜਾਵੇਗਾ | ਹਾਲਾਂਕਿ ਇਹ ਸ਼ਡਿਊਲ ਸਾਲ 2021 ‘ਚ ਪੈਰੋਲ ‘ਤੇ ਰਿਹਾਅ ਹੋਏ ਕੈਦੀਆਂ ‘ਤੇ ਲਾਗੂ ਨਹੀਂ ਹੋਵੇਗਾ, ਜੋ ਆਪਣੀਆਂ ਸਬੰਧਤ ਵਿਸ਼ੇਸ਼ ਜੇਲ੍ਹਾਂ ‘ਚ ਪੈਰੋਲ ਦੀ ਮਿਆਦ ਖ਼ਤਮ ਹੋਣ ‘ਤੇ ਵਾਪਸ ਰਿਪੋਰਟ ਕਰਨਗੇ |


Share