ਪੰਜਾਬ ’ਚ ਪਸ਼ੂਆਂ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਇਨਫੈਕਟਿਡ

35
Share

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)-ਪੰਜਾਬ ’ਚ ਪਸ਼ੂਆਂ ’ਚ ਲੰਪੀ ਸਕਿਨ ਵਾਇਰਸ ਦੇ ਮਾਮਲੇ ਵੱਧਣ ਲੱਗੇ ਹਨ। ਇਸ ਵਾਇਰਸ ਨਾਲ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ’ਚ 12 ਹਜ਼ਾਰ ਪਸ਼ੂ ਇਨਫੈਕਟਿਡ ਹੋ ਚੁੱਕੇ ਹਨ। ਸੰਕ੍ਰਮਣ ਦੀ ਰਫ਼ਤਾਰ ਤੇਜ਼ੀ ਨਾਲ ਵੱਧਣ ਕਾਰਨ ਪਸ਼ੂ ਪਾਲਣ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੀਆਂ ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮਹਿਕਮੇ ਮੁਤਾਬਕ ਹੁਣ ਤੱਕ ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ, ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ ਅੰਮ੍ਰਿਤਸਰ, ਮਾਨਸਾ, ਬਰਨਾਲਾ ਆਦਿ ’ਚ ਸੰਕ੍ਰਮਣ ਫ਼ੈਲ ਚੁੱਕਾ ਹੈ। ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਜਾਰੀ ਹੋਏ 76 ਲੱਖ ਰੁਪਏ ਦੇ ਫੰਡ ਨਾਲ ਜਲਦੀ ਹੀ ਦਵਾਈਆਂ ਖ਼ਰੀਦਣ ਨੂੰ ਕਿਹਾ ਗਿਆ ਹੈ। ਪਸ਼ੂਆਂ ਦੇ ਲੱਛਣ ਵੇਖ ਕੇ ਹੀ ਇਲਾਜ ਕਰਨ ਨੂੰ ਕਿਹਾ ਗਿਆ ਹੈ। ਉਥੇ ਹੀ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੈੱਡਕੁਆਰਟਰ ’ਚ ਤਾਇਨਾਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ’ਚ ਅਸਥਾਈ ਤੌਰ ’ਤੇ ਤਾਇਨਾਤੀ ਕਰਕੇ 24 ਘੰਟੇ ਡਿਊਟੀ ਦੇਣ ਨੂੰ ਕਿਹਾ ਗਿਆ ਹੈ। ਉਧਰ ਪਸ਼ੂ ਪਾਲਣ ਮਹਕਿਮੇ ਦੇ ਨੋਡਲ ਅਧਿਕਾਰੀ ਡਾ. ਰਾਮ ਪਾਲ ਨੇ ਦੱਸਿਆ ਕਿ ਲੋੜ ਅਨੁਸਾਰ ਕਿਸਾਨ ਆਪਣੇ ਪਸ਼ੂਆਂ ਨੂੰ ਆਪਣੇ ਕੋਲੋ ਗੋਟ-ਪੌਕਸ ਵੈਕਸੀਨ ਲਗਵਾ ਸਕਦੇ ਹਨ। ਕਿਉਂਕਿ ਪੰਜਾਬ ’ਚ ਅਜੇ ਸਰਕਾਰੀ ਵੈਕਸੀਨ ਨਹੀਂ ਆਈ ਹੈ। ਉਧਰ ਹਰਿਆਣਾ ’ਚ ਵੀ ਲੰਪੀ ਸਕਿਨ ਦੇ ਖ਼ਤਰੇ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ।


Share