ਪੰਜਾਬ ‘ਚ ਦੋ ਦਿਨਾਂ ਤੋਂ ਕਰੋਨਾਵਾਇਰਸ ਦੇ ਸੱਜਰੇ ਕੇਸ ਘੱਟਣ ਨਾਲ ਸੂਬੇ ਨੂੰ ਕੁਝ ਰਾਹਤ ਮਿਲੀ

709

ਚੰਡੀਗੜ੍ਹ, 15 ਮਈ (ਪੰਜਾਬ ਮੇਲ)- ਪੰਜਾਬ ‘ਚ ਪਿਛਲੇ ਦੋ ਦਿਨਾਂ ਤੋਂ ਕਰੋਨਾਵਾਇਰਸ ਦੇ ਸੱਜਰੇ ਕੇਸ ਘੱਟਣ ਨਾਲ ਸੂਬੇ ਨੂੰ ਕੁਝ ਰਾਹਤ ਮਿਲੀ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 11 ਕੇਸ ਸਾਹਮਣੇ ਆਏ ਹਨ। ਲੁਧਿਆਣਾ ਵਿੱਚ 3, ਜਲੰਧਰ ਵਿੱਚ 7 ਅਤੇ ਪਟਿਆਲਾ ਵਿੱਚ ਇੱਕ ਕਰੋਨਾ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ। ਇਸ ਤਰ੍ਹਾਂ ਨਾਲ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 1935 ਹੋ ਗਈ ਹੈ। ਸੂਬੇ ਵਿੱਚ 6 ਮਹੀਨਿਆਂ ਦੀ ਬੱਚੀ ਸਮੇਤ ਹੁਣ ਤੱਕ 32 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਿਛਲੇ ਦੋ ਦਿਨਾਂ ਤੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ ’ਚ ਨਿਘਾਰ ਆਇਆ ਹੈ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਵੀ ਸੁਖ ਦਾ ਸਾਹ ਆ ਸਕਦਾ ਹੈ। ਸਿਹਤ ਵਿਭਾਗ ਹਾਲਾਂਕਿ ਇਹ ਵੀ ਮੰਨਦਾ ਹੈ ਕਿ ਵਿਦੇਸ਼ਾਂ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਵਿਅਕਤੀਆਂ ਵਿੱਚ ਵਾਇਰਸ ਦੇ ਲੱਛਣ ਹੋ ਸਕਦੇ ਹਨ। ਲਿਹਾਜ਼ਾ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਤੇ ਹਰ ਸਾਵਧਾਨੀ ਵਰਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਬਾਹਰੋਂ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਹੀ ਇਕਾਂਤ ਵਿਚ ਰੱਖਣ ਦਾ ਫੈਸਲਾ ਕੀਤਾ ਹੋਇਆ ਹੈ। ਪੰਜਾਬ ਲਈ ਰਾਹਤ ਵਾਲੀ ਖ਼ਬਰ ਇਹ ਵੀ ਹੈ ਕਿ 223 ਵਿਅਕਤੀਆਂ ਨੇ ਕਰੋਨਾ ਨੂੰ ਹਰਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਦੇ ਮਾਮਲੇ ਵਿੱਚ ਇੱਕ ਪੱਖ ਇਹ ਵੀ ਹੈ ਕਿ ਅਪਰੈਲ ਮਹੀਨੇ ਦੇ ਪਹਿਲੇ ਹਫਤੇ ਤੱਕ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਮਹਿਜ਼ 100 ਤੱਕ ਵੀ ਨਹੀਂ ਸੀ ਅੱਪੜੀ ਅਤੇ 7 ਅਪਰੈਲ ਤੋਂ ਬਾਅਦ ਅੰਕੜਾ ਅਜਿਹਾ ਵਧਣਾ ਸ਼ੁਰੂ ਹੋਇਆ ਕਿ ਅੱਜ 1935 ਤੱਕ ਪਹੁੰਚ ਗਿਆ ਹੈ। ਮਾਮਲਿਆਂ ਦੇ ਘਟਣ ਕਾਰਨ ਸਰਕਾਰ ਨੇ ਪਾਬੰਦੀਆਂ ਵੀ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।