ਪੰਜਾਬ ‘ਚ ਕੋਰੋਨਾ ਨੇ ਇੱਕੋ ਦਿਨ ਲਈਆਂ ਚਾਰ ਜਾਨਾਂ

346
Share

ਜਲੰਧਰ, 12 ਜੂਨ (ਪੰਜਾਬ ਮੇਲ)- : ਪੰਜਾਬ ਵਿਚ ਪਹਿਲੀ ਵਾਰ ਇਕ ਦਿਨ ਵਿਚ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 77 ਪਾਜ਼ੇਟਿਵ ਕੇਸ ਸਾਹਮਣੇ ਆਏ। ਕੁੱਲ ਮੌਤਾਂ ਦੀ ਗਿਣਤੀ 62 ਹੋ ਗਈ ਹੈ। ਇਸ ਤੋਂ ਪਹਿਲਾਂ ਚਾਰ ਵਾਰ ਇਕ ਹੀ ਦਿਨ ਵਿਚ ਤਿੰਨ-ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਹੁਣ ਤਕ 2997 ਪਾਜ਼ੇਟਿਵ ਕੇਸ ਆ ਚੁੱਕੇ ਹਨ। ਵੀਰਵਾਰ ਨੂੰ 27 ਹੋਰ ਲੋਕ ਠੀਕ ਹੋ ਗਏ। ਸੂਬੇ ਵਿਚ ਹੁਣ ਤਕ 2259 ਲੋਕ ਤੰਦਰੁਸਤ ਹੋ ਚੁੱਕੇ ਹਨ। ਹੁਣ ਸਿਰਫ਼ 676 ਐਕਟਿਵ ਕੇਸ ਬਚੇ ਹਨ, ਠੀਕ ਹੋਣ ਵਾਲਿਆਂ ਦੀ ਦਰ 75.37 ਫ਼ੀਸਦੀ ਹੈ। ਅੰਮ੍ਰਿਤਸਰ ‘ਚ  62 ਸਾਲਾ ਔਰਤ ਤੇ 63 ਤੇ 70 ਸਾਲਾ ਦੋ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਜ਼ਿਲ੍ਹੇ ਵਿਚ 14 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਬੀਐੱਸਐੱਫ ਦੇ ਜਵਾਨ ਵੀ ਸ਼ਾਮਲ ਹਨ। ਇਹ ਪਿਛਲੇ ਦਿਨੀਂ ਹੈਦਰਾਬਾਦ ਤੋਂ ਯੂਨਿਟ ਦੇ ਨਾਲ ਆਏ ਸਨ। ਇਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। 14 ਵਿਚੋਂ 11 ਮਰੀਜ਼ ਕਿਵੇਂ ਇਨਫੈਕਟਿਡ ਹੋਏ, ਇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਹੈ। ਲੁਧਿਆਣੇ ਦੇ ਇਕ ਮਰੀਜ਼ ਨੇ ਚੰਡੀਗੜ੍ਹ ਵਿਚ ਦਮ ਤੋੜ ਦਿੱਤਾ, ਜਦਕਿ ਇਕ ਪੁਲਿਸ ਮੁਲਾਜ਼ਮ ਸਮੇਤ 13 ਲੋਕ ਪਾਜ਼ੇਟਿਵ ਪਾਏ ਗਏ। ਵੀਰਵਾਰ ਨੂੰ ਸਭ ਤੋਂ ਜ਼ਿਆਦਾ ਪਠਾਨਕੋਟ ਵਿਚ 19 ਕੇਸ ਆਏ ਜਿਨ੍ਹਾਂ ਵਿਚ 25 ਸਾਲਾ ਤੇ ਉਸ ਦੀਆਂ ਤਿੰਨ ਤੇ ਛੇ ਸਾਲ ਦੀਆਂ ਬੇਟੀਆਂ ਸ਼ਾਮਲ ਹਨ।

Share