ਪੰਜਾਬ ‘ਚ ਕੋਰੋਨਾਵਾਇਰਸ ਕਾਰਨ 4 ਦੀ ਮੌਤ

733
Share

ਪੀ.ਜੀ.ਆਈ. ‘ਚ ਦਾਖ਼ਲ ਨਵਾਂ ਗਰਾਓਂ ਵਾਸੀ ਨੇ ਦਮ ਤੋੜਿਆ
ਚੰਡੀਗੜ੍ਹ, 1 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾਵਾਇਰਸ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਮਗਰੋਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਪੀ.ਜੀ.ਆਈ. ‘ਚ ਜ਼ੇਰੇ ਇਲਾਜ ਨਵਾਂ ਗਰਾਓਂ ਦਾ ਓਮ ਪ੍ਰਕਾਸ਼ (65) ਦਮ ਤੋੜ ਗਿਆ। ਇਸ ਸੱਜਰੀ ਮੌਤ ਨਾਲ ਸੂਬੇ ਵਿਚ ਇਸ ਮਹਾਮਾਰੀ ਕਰਕੇ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 4 ਹੋ ਗਈ ਹੈ। ਪੰਜਾਬ ‘ਚ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 41 ਹੋ ਗਈ ਹੈ। ਪੰਜਾਬ ਵਿਚ ਹੁਣ ਤੱਕ ਇਸ ਵਾਇਰਸ ਨਾਲ ਮਰਨ ਵਾਲੇ ਵਿਅਕਤੀਆਂ ਦੀ ਮੌਤ ਦਰ ਨੂੰ ਵੀ ਜ਼ਿਆਦਾ ਮੰਨਿਆ ਜਾ ਰਿਹਾ ਹੈ। ਉਧਰ ਲੁਧਿਆਣਾ ਦੀ ਅਮਰਪੁਰਾ ਬਸਤੀ ਨਾਲ ਸਬੰਧਤ ਪੂਜਾ ਰਾਣੀ (43) ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਮੌਤ ਹੋਣ ਮਗਰੋਂ ਸਨਅਤੀ ਸ਼ਹਿਰ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਦੋ ਦਰਜਨ ਪਿੰਡ ਪਹਿਲਾਂ ਹੀ ਸੀਲ ਕੀਤੇ ਹੋਏ ਹਨ। ਪੁਲਿਸ ਵੱਲੋਂ ਅਮਰਪੁਰਾ ਬਸਤੀ ਵਿਚ ਵੱਡੀ ਗਿਣਤੀ ਨਫ਼ਰੀ ਤਾਇਨਾਤ ਕਰਕੇ ਨਿਗਰਾਨੀ ਕੀਤੀ ਜਾ ਰਹੀ ਹੈ। ਸ਼ਹਿਰ ਦੀ ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਆਏ ਕਿਸਾਨਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਲੋਕਾਂ ਨੂੰ ਸਖ਼ਤ ਪਾਬੰਦੀਆਂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਿਹਤ ਵਿਭਾਗ ਇਸ ਕਰਕੇ ਵੀ ਵਧੇਰੇ ਚੌਕਸ ਹੋ ਗਿਆ ਹੈ ਕਿ ਲੁਧਿਆਣਾ ਅਤੇ ਨਵਾਂ ਗਰਾਓਂ ਨਾਲ ਸਬੰਧਤ ਉਕਤ ਦੋਵੇਂ ਮ੍ਰਿਤਕਾਂ ਦੇ ਸਰੀਰ ਵਿਚ ਇਸ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਮੌਤ ਬਹੁਤ ਜਲਦੀ ਹੋਈ ਹੈ। ਵਿਭਾਗ ਨੇ ਇਨ੍ਹਾਂ ਦੋਵਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਵੀ ਲਏ ਹਨ। ਓਮ ਪ੍ਰਕਾਸ਼ ਤੇ ਪੂਜਾ ਰਾਣੀ ਬਾਰੇ ਵਿਭਾਗ ਨੂੰ ਇਹ ਵੀ ਤੱਥ ਹਾਸਲ ਨਹੀਂ ਹੋਏ ਕਿ ਇਨ੍ਹਾਂ ਦੋਵਾਂ ਨੂੰ ਇਹ ਵਾਇਰਸ ਕਿਸ ਸਰੋਤ ਤੋਂ ਮਿਲਿਆ। ਨਵਾਂਸ਼ਹਿਰ ‘ਚ 19, ਮੁਹਾਲੀ ‘ਚ 7, ਹੁਸ਼ਿਆਰਪੁਰ ‘ਚ 6, ਅੰਮ੍ਰਿਤਸਰ ‘ਚ 1, ਜਲੰਧਰ ‘ਚ 5, ਲੁਧਿਆਣਾ ‘ਚ 2 ਅਤੇ ਪਟਿਆਲਾ ‘ਚ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹੁਣ ਤੱਕ 1198 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 1009 ਨੈਗੇਟਿਵ ਪਾਏ ਗਏ ਤੇ 148 ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ 36 ਵਿਅਕਤੀਆਂ ਨੂੰ ਅਲਹਿਦਾ ਰੱਖਿਆ ਗਿਆ ਹੈ।
ਪੰਜਾਬ ਦੇ ਸਿਹਤ ਵਿਭਾਗ ਲਈ ਵੱਡੀ ਚਿੰਤਾ ਦਾ ਵਿਸ਼ਾ ਨਵੀਂ ਦਿੱਲੀ ਦੇ ਨਿਜ਼ਾਮੂਦੀਨ ਖੇਤਰ ‘ਚ ਹੋਈ ਧਾਰਮਿਕ ਇਕੱਤਰਤਾ ਵਿਚ ਪੰਜਾਬ ਦੇ 9 ਵਿਅਕਤੀਆਂ ਦੀ ਸ਼ਮੂਲੀਅਤ ਬਣੀ ਹੋਈ ਹੈ। ਇਸ ਇਕੱਤਰਤਾ ਵਿਚ ਸ਼ਿਰਕਤ ਕਰਕੇ ਪਰਤੇ ਕਈ ਵਿਅਕਤੀਆਂ ਦੀ ਮੌਤ ਹੋਣ ਅਤੇ ਹਿੱਸਾ ਲੈਣ ਵਾਲੇ ਕਈ ਵਿਅਕਤੀਆਂ ਵਿਚ ਕੋਰੋਨਾਵਾਇਰਸ ਦੇ ਲੱਛਣ ਹੋਣ ਦੀ ਪੁਸ਼ਟੀ ਕੌਮੀ ਪੱਧਰ ‘ਤੇ ਹੋ ਗਈ ਹੈ। ਧਾਰਮਿਕ ਇਕੱਤਰਤਾ ਵਿਚ ਸ਼ਾਮਲ ਵਿਅਕਤੀਆਂ ਵਿਚ ਪੰਜਾਬ ਨਾਲ ਸਬੰਧਤ ਵਿਅਕਤੀਆਂ ਦੀ ਗਿਣਤੀ 9 ਦੱਸੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਜਾਬ ਪੁਲਿਸ ਨੇ ਇਨ੍ਹਾਂ 9 ਵਿਅਕਤੀਆਂ ਦੀ ਤਲਾਸ਼ ਵਿੱਢ ਦਿੱਤੀ ਹੈ।


Share