ਪੰਜਾਬ ’ਚ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਚੱਕਾ ਜਾਮ ਨੂੰ ਵਿਆਪਕ ਹੁੰਗਾਰਾ

271
Share

ਚੰਡੀਗੜ੍ਹ, 6 ਫਰਵਰੀ (ਪੰਜਾਬ ਮੇਲ)- ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ ਦੌਰਾਨ ਸਾਂਝੇ ਕਿਸਾਨ ਮੋਰਚੇ ਦੀ ਅਪੀਲ ’ਤੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਹ ਚੱਕਾ ਜਾਮ ਸੂਬੇ ਦੀਆਂ 32 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਾਜ ਦੇ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਉਪਰ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਐਮਰਜੈਂਸੀ, ਐਂਬੂਲੈਂਸ, ਸਕੂਲ ਬੱਸਾਂ, ਮੀਡੀਆ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਛੋਟ ਦੇਣ ਦਾ ਜਥੇਬੰਦਕ ਤੌਰ ‘ਤੇ ਦਾਅਵਾ ਕੀਤਾ ਗਿਆ ਹੈ। ਚੱਕਾ ਜਾਮ ਦਿੱਲੀ ਦੇ ਬਾਰਡਰਾਂ ਉਪਰ ਇੰਟਰਨੈੱਟ ਸੇਵਾਵਾਂ ਬੰਦ ਕਰਨ, ਬਿਜਲੀ -ਪਾਣੀ ਕੱਟਣ ਦੇ ਵਿਰੁੱਧ ਅਤੇ ਗ੍ਰਿਫਤਾਰ ਅੰਦੋਲਨਕਾਰੀਆਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਅਤੇ ਅਗਵਾਈ ਹੇਠ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਇਹ ਜਾਮ ਪੂਰਨ ਤੌਰ ‘ਤੇ ਸ਼ਾਂਤੀ ਪੂਰਵਕ ਰਹੇਗਾ ਅਤੇ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਕਾਮਯਾਬ ਕੀਤਾ ਜਾਵੇਗਾ। ਉਧਰ ਪੰਜਾਬ ਪੁਲੀਸ ਵੱਲੋਂ ਇਸ ਚੱਕਾ ਜਾਮ ਬਾਰੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਥਾਂ-ਥਾਂ ਧਰਨਿਆਂ ਉਪਰ ਪੁਲੀਸ ਦਲ ਤਾਇਨਾਤ ਕੀਤੇ ਗਏ ਹਨ।


Share