ਪੰਜਾਬ ‘ਚ ‘ਆਪ’ ਦੀ ਹੂੰਝਾਫੇਰ ਜਿੱਤ ‘ਤੇ ਕੇਜਰੀਵਾਲ ਦਾ ਵੱਡਾ ਬਿਆਨ

127
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਉਨ੍ਹਾਂ ਨਾਲ ‘ਆਪ’ ਆਗੂ ਭਗਵੰਤ ਮਾਨ ਵੀ ਹਨ।
Share

ਨਵੀਂ ਦਿੱਲੀ, 10 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਆਏ ਰੁਝਾਨਾਂ ‘ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਜਿਸ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ,”ਪੰਜਾਬ ਵਾਲਿਆਂ ਤੋਂ ਤੁਸੀਂ ਕਮਾਲ ਕਰ ਦਿੱਤਾ। ਅਸੀਂ ਸਾਰੇ ਪੰਜਾਬ ਨੂੰ ਪਿਆਰ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਅੱਜ ਜੋ ਪੰਜਾਬ ਦੇ ਨਤੀਜੇ ਆਏ ਹਨ ਉਹ ਬਹੁਤ ਵੱਡਾ ਇੰਕਲਾਬ ਹੈ। ਇਨ੍ਹਾਂ ਨਤੀਜਿਆਂ ਨਾਲ ਵੱਡੀਆਂ-ਵੱਡੀਆਂ ਕੁਰਸੀਆਂ ਹਿਲ ਗਈਆਂ ਹਨ। ਸੁਖਬੀਰ ਸਿੰਘ ਬਾਦਲ, ਕੈਪਟਨ ਸਾਹਿਬ, ਚੰਨੀ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਸਾਹਿਬ, ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ ਹਾਰ ਗਏ ਹਨ। ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦੁਖ਼ ਦੀ ਗੱਲ ਹੈ ਕਿ ਪਿਛਲੇ 75 ਸਾਲਾਂ ਤੋਂ ਇਨ੍ਹਾਂ ਪਾਰਟੀਆਂ ਨੇ ਅੰਗਰੇਜ਼ਾਂ ਵਾਲਾ ਸਿਸਟਮ ਰੱਖਿਆ ਹੋਇਆ ਸੀ। ਲੋਕਾਂ ਨੂੰ ਜਾਣਬੁੱਝ ਕੇ ਗਰੀਬ ਬਣਾ ਕੇ ਰੱਖਿਆ ਗਿਆ ਸੀ। ਆਮ ਆਦਮੀ ਪਾਰਟੀ ਨੇ 7 ਸਾਲਾਂ ਅੰਦਰ ਇਹ ਸਿਸਟਮ ਬਦਲਿਆ ਹੈ। ਹੁਣ ਬੱਚਿਆਂ ਦੇ ਸਕੂਲ ਬਣ ਰਹੇ ਹਨ, ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ। ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਜੀ ਦਾ ਸੁਫ਼ਨਾ ਪੂਰਾ ਹੋਣ ਲੱਗਾ ਹੈ। ਇਨ੍ਹਾਂ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਕੇਜਰੀਵਾਲ ਅੱਤਵਾਦੀ ਹੈ ਪਰ ਇਨ੍ਹਾਂ ਨਤੀਜਿਆਂ ਰਾਹੀਂ ਦੇਸ਼ ਦੀ ਜਨਤਾ ਨੇ ਬੋਲ ਦਿੱਤਾ ਹੈ ਕੇਜਰੀਵਾਲ ਅੱਤਵਾਦੀ ਨਹੀਂ ਹੈ, ਉਹ ਸੱਚਾ ਦੇਸ਼ਭਗਤ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇਕ ਅਜਿਹਾ ਭਾਰਤ ਬਣਾਵਾਂਗੇ, ਜਿੱਥੇ ਕੋਈ ਕਿਸੇ ਨਾਲ ਨਫ਼ਰਤ ਨਹੀਂ ਕਰੇਗਾ। ਸਾਰੀਆਂ ਮਾਂਵਾਂ-ਭੈਣਾਂ ਸੁਰੱਖਿਅਤ ਹੋਣਗੀਆਂ। ਭਦੌੜ ਤੋਂ ਚੰਨੀ ਜੀ ਨੂੰ ਜਿਸ ਲਾਭ ਸਿੰਘ ਉਗੋਕੇ ਨੇ ਹਰਾਇਆ ਹੈ, ਉਹ ਇਕ ਮੋਬਾਇਲ ਰਿਪੇਅਰਿੰਗ ਕੰਪਨੀ ‘ਚ ਕੰਮ ਕਰਦਾ ਹੈ। ਜਿਸ ਨੇ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ ਹੈ, ਉਹ ਇਕ ਮਹਿਲਾ ਵਲੰਟੀਅਰ ਹੈ।


Share