ਪੰਜਾਬ ਚੋਣਾਂ: ਮਾਲਵੇ ’ਚ ਸਿਆਸੀ ਮਾਹੌਲ ਹੋਇਆ ਗਰਮ

133
Share

– ਸੱਤਾ ਪ੍ਰਾਪਤੀ ਲਈ ਮਾਲਵਾ ਬਣਿਆ ਸਿਆਸੀ ਜੰਗ ਦਾ ਮੈਦਾਨ
– ਚੰਨੀ, ਸੁਖਬੀਰ, ਭਗਵੰਤ, ਢੀਂਡਸਾ, ਕੈਪਟਨ ਤੇ ਭਾਜਪਾ ਦਾ ਵੱਕਾਰ ਦਾਅ ’ਤੇ ਲੱਗਿਆ
ਮੋਗਾ, 3 ਫਰਵਰੀ (ਪੰਜਾਬ ਮੇਲ)- ਪੰਜਾਬ ’ਚ ਸੱਤਾ ਪ੍ਰਾਪਤੀ ਲਈ ਮਾਲਵਾ ਸਿਆਸੀ ਜੰਗ ਦਾ ਮੈਦਾਨ ਬਣ ਗਿਆ ਹੈ। ਚੋਣ ਮੌਸਮ ’ਚ ਨਸ਼ਾ, ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਕੇਸ ਖੁੱਲ੍ਹਣ ’ਤੇ ਈ.ਡੀ. ਦੀਆਂ ਕਾਰਵਾਈਆਂ ਨਾਲ ਸਿਆਸੀ ਮਾਹੌਲ ਵੀ ਗਰਮ ਹੈ।
ਸੂਬੇ ਵਿਚ ਕੁੱਲ 117 ਵਿਧਾਨ ਸਭਾ ਹਲਕਿਆਂ ’ਚੋਂ ਸਭ ਤੋਂ ਵੱਧ 69 ਸੀਟਾਂ ਮਾਲਵੇ ਵਿਚ ਹਨ ਜਦਕਿ ਮਾਝੇ ਵਿਚ 25 ਅਤੇ ਦੁਆਬੇ ਵਿਚ 23 ਸੀਟਾਂ ਹਨ। ਸਭ ਤੋਂ ਵੱਧ ਸੀਟਾਂ ਵਾਲਾ ਮਾਲਵਾ ਖੇਤਰ ਕਿਸਾਨਾਂ ਦਾ ਗੜ੍ਹ ਹੈ, ਜੋ ਚੋਣਾਂ ਵਿਚ ਫ਼ੈਸਲਾਕੁਨ ਭੂਮਿਕਾ ਨਿਭਾਉਂਦਾ ਹੈ। ਮਾਲਵੇ ’ਚ ਜੰਗ ਇਸ ਲਈ ਵੀ ਮਹੱਤਵਪੂਰਨ ਹੈ ਕਿ ਖਿੱਤੇ ’ਚੋਂ ਚੋਣ ਪਿੜ ’ਚ ਉੱਤਰੇ ਮੁੱਖ ਮੰਤਰੀ ਚੰਨੀ, ਸੁਖਬੀਰ ਬਾਦਲ, ਸੁਖਦੇਵ ਸਿੰਘ ਢੀਂਡਸਾ, ਭਗਵੰਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਆਗੂਆਂ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਹੈ। ਸੂਬੇ ’ਚ ਵਿਧਾਨ ਸਭਾ ਚੋਣ ਨਤੀਜੇ ਇਨ੍ਹਾਂ ਦਿੱਗਜ਼ ਆਗੂਆਂ ਦੇ ਭਵਿੱਖ ਦਾ ਫੈਸਲਾ ਕਰਨਗੇ। ਹਾਸ਼ੀਏ ’ਤੇ ਰਹੀ ਬਹੁਜਨ ਸਮਾਜ ਪਾਰਟੀ ਦੀ ਸੁਰਜੀਤੀ ਹੋਈ ਹੈ, ਜਿਹੜੀ ਅਕਾਲੀ-ਬਸਪਾ ਗਠਜੋੜ ਨਾਲ ਚੋੜ ਪਿੜ ’ਚ ਨਿੱਤਰੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ’ਚ ਪੈਂਦੇ ਵਿਧਾਨ ਸਭਾ ਹਲਕਾ ਭਦੌੜ ਤੋਂ ਵੀ ਚੋਣ ਮੈਦਾਨ ਵਿਚ ਹਨ। ਸਿਆਸੀ ਮਾਹਿਰਾਂ ਮੁਤਾਬਕ ਜੇਕਰ ਚੰਨੀ ਚਮਕੌਰ ਸਾਹਿਬ ਜਾਂ ਭਦੌੜ ਹਲਕਿਆਂ ’ਚੋਂ ਕਿਸੇ ਇਕ ਵਿਚ ਜਿੱਤ ਤੇ ਇਕ ਵਿਚ ਹਾਰ ਜਾਂਦੇ ਹਨ, ਤਾਂ ਉਨ੍ਹਾਂ ਦੇ ਸਿਆਸੀ ਵੱਕਾਰ ਨੂੰ ਵੱਡਾ ਧੱਕਾ ਲੱਗੇਗਾ। ਕਾਂਗਰਸ ਕਸੂਤੀ ਸਥਿਤੀ ਵਿਚ ਫਸੀ ਲੱਗ ਰਹੀ ਹੈ ਅਤੇ ਹਾਲੇ ਉਹ ਮੁੱਖ ਮੰਤਰੀ ਦਾ ਚਿਹਰਾ ਤੈਅ ਨਹੀਂ ਕਰ ਸਕੀ। ਪਾਰਟੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਦੀ ਹੈ, ਤਾਂ ਉਸ ਨੂੰ ਦਲਿਤ ਵਰਗ ਅਤੇ ਜੇਕਰ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਂਦੀ ਹੈ ਤਾਂ ਜਨਰਲ ਵੋਟ ਬੈਂਕ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।¿;
ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਗੜ੍ਹ ਹਲਕਾ ਲੰਬੀ ਤੋਂ ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਪਟਿਆਲਾ ਤੋਂ ਚੋਣ ਪਿੜ ਵਿਚ ਹਨ। ਵੱਡੇ ਬਾਦਲ ਵਡੇਰੀ ਉਮਰ ਤੇ ਸਿਹਤ ਪੱਖੋਂ ਠੀਕ ਨਾ ਹੋਣ ਕਾਰਨ ਭੱਜ-ਨੱਠ ਨਹੀਂ ਕਰ ਸਕਦੇ। ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਮੁੱਖ ਮੰਤਰੀ ਦੀ ਕੁਰਸੀ ਖੁੱਸ ਗਈ, ਤਾਂ ਉਨ੍ਹਾਂ ਕਾਂਗਰਸ ਛੱਡ ਕੇ ਵੱਕਾਰ ਦੀ ਲੜਾਈ ’ਚ ਆਪਣੀ ਪਾਰਟੀ ਬਣਾ ਲਈ। ਇਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਆਪਣਾ ਸੰਯੁਕਤ ਅਕਾਲੀ ਦਲ ਬਣਾ ਲਿਆ ਸੀ। ਹੁਣ ਸ਼੍ਰੀ ਢੀਂਡਸਾ ਤੇ ਕੈਪਟਨ ਭਾਜਪਾ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਹਲਕਾ, ਲਹਿਰਾਗਾਗਾ ਤੇ¿; ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਹਲਕਾ ਮੌੜ ਤੋਂ ਕਿਸਮਤ ਅਜ਼ਮਾ ਰਹੇ ਹਨ।¿;
ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ‘ਆਪ’ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਪਿੜ ’ਚ ਲਿਆਂਦਾ ਹੈ। ਉਨ੍ਹਾਂ ਲਈ ਇਸ ਹਲਕੇ ਤੋਂ ਹੀ ਚੋਣ ਜਿੱਤਣੀ ਵੱਕਾਰ ਦਾ ਸਵਾਲ ਨਹੀਂ ਸਗੋਂ ਸਰਕਾਰ ਬਣਾਉਣ ਲਈ ਪੂਰੇ ਸੂਬੇ ’ਚ ਉਮੀਦਵਾਰਾਂ ਦੀ ਜਿੱਤ ਲਈ ਸਿਰਤੋੜ ਕੋਸ਼ਿਸ ਕਰਨੀ ਪੈ ਰਹੀ ਹੈ। ਕਿਸਾਨ ਅੰਦੋਲਨ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਚੋਣ ਦੰਗਲ ਕਾਫੀ ਦਿਲਚਸਪ ਬਣ ਹੋਇਆ ਹੈ।

Share