ਪੰਜਾਬ ਚੋਣਾਂ: ਭਾਜਪਾ 60, ਪੰਜਾਬ ਲੋਕ ਕਾਂਗਰਸ 40 ਤੇ ਅਕਾਲੀ ਦਲ (ਸੰਯੁਕਤ) 12 ਸੀਟਾਂ ’ਤੇ ਲੜ ਸਕਦੇ ਨੇ ਚੋਣ

140
Share

* ਬੈਂਸ ਭਰਾਵਾਂ ਨੂੰ 5 ਸੀਟਾਂ ਦੀ ਪੇਸ਼ਕਸ਼
ਪਟਿਆਲਾ, 21 ਜਨਵਰੀ (ਪੰਜਾਬ ਮੇਲ)-ਪੰਜਾਬ ’ਚ ਚੋਣ ਗੱਠਜੋੜ ਦੌਰਾਨ ਭਾਜਪਾ 60 ਸੀਟਾਂ ’ਤੇ ਚੋਣ ਲੜੇਗੀ, ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਲੋਕ ਕਾਂਗਰਸ ਦੇ ਹਿੱਸੇ 40 ਸੀਟਾਂ ਆਈਆਂ ਹਨ। ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ 12 ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਇਸ ਗੱਠਜੋੜ ਵੱਲੋਂ ਬੈਂਸ ਭਰਾਵਾਂ ਨੂੰ ਵੀ ਪੰਜ ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਬਹੁਤੀਆਂ ਸੀਟਾਂ ਬਾਰੇ ਆਪਸੀ ਸਹਿਮਤੀ ਨਾਲ ਫੈਸਲਾ ਹੋ ਚੁੱਕਾ ਹੈ ਪਰ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਸੀਟ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਇਸ ਸੀਟ ਤੋਂ ਕਈ ਸਾਲਾਂ ਤੋਂ ਭਾਜਪਾ ਹੀ ਚੋਣ ਲੜਦੀ ਆ ਰਹੀ ਹੈ। ਪਿਛਲੀਆਂ ਦੋ ਚੋਣਾਂ ਭਾਜਪਾ ਦੇ ਹਰਜੀਤ ਸਿੰਘ ਗਰੇਵਾਲ ਨੇ ਲੜੀਆਂ ਹਨ। ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਲ ਭਰ ਚੱਲੇ ਅੰਦੋਲਨ ਦੌਰਾਨ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਵਧੇਰੇ ਚਰਚਾ ’ਚ ਰਹੇ ਹਰਜੀਤ ਸਿੰਘ ਗਰੇਵਾਲ ਦੀ ਭਾਜਪਾ ਦੀ ਕੇਂਦਰੀ ਹਾਈ ਕਮਾਨ ਵਿਚ ਵੀ ਚੰਗੀ ਠੁੱਕ ਹੈ। ਇਸ ਕਾਰਨ ਭਾਜਪਾ ਹਾਈ ਕਮਾਨ ਰਾਜਪੁਰਾ ਸੀਟ ਹਰਜੀਤ ਗਰੇਵਾਲ ਨੂੰ ਹੀ ਦੇਣਾ ਚਾਹੁੰਦੀ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਉਨ੍ਹਾਂ ਦੇ ਨਾਲ ਰਲੇ ਸਮਾਜ-ਸੇਵੀ ਅਤੇ ਬਹਾਵਲਪੁਰ ਸਮਾਜ ਵਿਚ ਚੰਗਾ ਆਧਾਰ ਰੱਖਦੇ ਸੇਠ ਜਗਦੀਸ਼ ਕੁਮਾਰ ਜੱਗਾ ਲਈ ਇਹ ਸੀਟ ਮੰਗ ਰਹੇ ਹਨ।

Share