ਪੰਜਾਬ ਚੋਣਾਂ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਹੋਵੇਗੀ ਡਰੋਨ ਦੀ ਵਰਤੋਂ

194
Share

-ਸਰਹੱਦੀ ਦੇ ਨਾਲ ਲੱਗਦੇ ਖੇਤਰਾਂ ’ਚ ਤਲਾਸ਼ੀ ਮੁਹਿੰਮ ’ਚ ਲਿਆਂਦੀ ਤੇਜ਼ੀ
ਚੰਡੀਗੜ੍ਹ, 19 ਜਨਵਰੀ (ਪੰਜਾਬ ਮੇਲ)- ਸੂਬੇ ’ਚ ਨਿਰਪੱਖ, ਪਾਰਦਰਸ਼ੀ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਖਾਸ ਤੌਰ ’ਤੇ ਸਰਹੱਦੀ ਜ਼ਿਲ੍ਹਿਆਂ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲਗਦੇ ਖੇਤਰਾਂ ’ਚ ਤਲਾਸ਼ੀ ਮੁਹਿੰਮ ’ਚ ਤੇਜ਼ੀ ਲਿਆਂਦੀ ਹੈ, ਤਾਂ ਜੋ ਅਜਿਹੇ ਖੇਤਰਾਂ ’ਚ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ। ਇਸ ਕਾਰਵਾਈ ’ਚ ਬੀ.ਐੱਸ.ਐੱਫ., ਪੀ.ਏ.ਪੀ., ਸੀ.ਆਈ.ਡੀ. ਯੂਨਿਟਾਂ, ਵਿਸ਼ੇਸ਼ ਸ਼ਾਖਾ, ਆਬਕਾਰੀ ਅਤੇ ਕਰ ਵਿਭਾਗ ਅਤੇ ਡੌਗ ਸਕੁਐਡ ਅਤੇ ਐਂਟੀ ਸਾਬੋਤਾਜ ਟੀਮਾਂ ਵਲੋਂ ਸਹਾਇਤਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ-ਕਮ-ਸਟੇਟ ਪੁਲਿਸ ਨੋਡਲ ਅਫ਼ਸਰ ਈਸ਼ਵਰ ਸਿੰਘ ਨੇ ਦੱਸਿਆ ਕਿ ਰਵਾਇਤੀ ਤਲਾਸ਼ੀ ਮੁਹਿੰਮ ਚਲਾਉਣ ਤੋਂ ਇਲਾਵਾ, ਪੰਜਾਬ ਪੁਲਿਸ ਵਲੋਂ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਨਾਲ-ਲਗਦੇ ਔਖੀ ਪਹੁੰਚ ਵਾਲੇ ਮੰਡ ਦੇ ਖੇਤਰਾਂ ਨੂੰ ਕਵਰ ਕਰਨ ਲਈ ਹਵਾਈ ਸਰਵੇਖਣ ਕਰਨ ਲਈ ਡਰੋਨਾਂ ਦੀ ਤਾਇਨਾਤੀ ਕਰਕੇ ਤਕਨਾਲੋਜੀ ਆਧਾਰਿਤ ਪੁਲਿਸਿੰਗ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਹੀ ਅੰਮਿ੍ਰਤਸਰ ਦਿਹਾਤੀ ਪੁਲਿਸ ਨੇ 1100 ਕਿੱਲੋ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਬਟਾਲਾ ਪੁਲਿਸ ਨੇ ਛਾਪੇਮਾਰੀ ਦੌਰਾਨ 620 ਕਿੱਲੋ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

Share