ਪੰਜਾਬ ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਖਿਲਾਫ ਚੰਡੀਗੜ੍ਹ ਅਦਾਲਤ ’ਚ ਕੇਸ ਦਾਇਰ

146
Share

ਮਾਨਸਾ, 14 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਅਤੇ ਵਿਵਾਦਤ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਫਸ ਗਏ ਹਨ। ਉਨ੍ਹਾਂ ਦੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਹੈ। ਪਟੀਸ਼ਨਕਰਤਾ ਐਡਵੋਕੇਟ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਸੰਜੂ ਗੀਤ ਵਿਚ ਉਸ ਨੇ ਵਕੀਲਾਂ ਦੇ ਬਾਰੇ ਵਿਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਨੇ ਜਾਣਬੁੱਝ ਕੇ ਵਕੀਲਾਂ ਦਾ ਅਕਸ ਖਰਾਬ ਕਰਨ ਦਾ ਕੰਮ ਕੀਤਾ ਹੈ। ਮੂਸੇਵਾਲਾ ਨੇ ਜਾਣਬੁੱਝ ਕੇ ਗਲਤ ਨੀਅਤ ਨਾਲ ਇਹ ਗੀਤ ਜਾਰੀ ਕੀਤਾ ਅਤੇ ਨਿਆਇਕ ਪ੍ਰਣਾਲੀ ਦੇ ਅਕਸ ਨੂੰ ਖਰਾਬ ਕਰਨ ਦਾ ਕੰਮ ਕੀਤਾ।
ਉਹ ਗਾਣੇ ਦੇ ਜ਼ਰੀਏ ਪੰਜਾਬ ਦੇ ਨੌਜਵਾਨਾਂ ਨੂੰ ਹਿੰਸਾ ਅਤੇ ਦੰਗੇ ਫਸਾਦ ਲਈ ਵਰਗਲਾ ਰਿਹਾ ਹੈ। ਮੂਸੇਵਾਲਾ ’ਤੇ ਗੰਨ ਕਲਚਰ ਨੂੰ ਬੜਾਵਾ ਦੇਣ ਦੇ ਦੋਸ਼ ਵੀ ਲਗਾਏ ਗਏ ਹਨ। ਉਹ ਗਾਣੇ ’ਚ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਦਿਖ ਰਿਹਾ ਹੈ। ਮੂਸੇਵਾਲਾ ਦਾ ਇਹ ਕਾਰਾ ਆਈ.ਪੀ.ਸੀ. ਦੀ ਧਾਰਾਵਾਂ, ਆਰਮਸ ਐਕਟ ਅਤੇ ਆਈ.ਟੀ. ਐਕਟ ਦੀ ਧਾਰਾਵਾਂ ਤਹਿਤ ਆਉਂਦਾ ਹੈ।
ਐਡਵੋਕੇਟ ਸੁਨੀਲ ਕੁਮਾਰ ਨੇ ਇਹ ਕੇਸ ਦਾਇਰ ਕੀਤਾ ਹੈ। ਮੂਸੇਵਾਲਾ ਤੋਂ ਇਲਾਵਾ ਮਾਮਲੇ ’ਚ ਸੰਜੂ ਗੀਤ ਮਿਊਜ਼ਿਕ ਡਾਇਰੈਕਟਰ ਗਗਨਦੀਪ ਸਿੰਘ, ਵੀਡੀਓ ਡਾਇਰੈਕਟਰ ਨਵਕਰਣ ਬਰਾੜ ਅਤੇ ਹੋਰਾਂ ਨੂੰ ਪਾਰਟੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਐਡਵੋਕੇਟ ਨੇ ਮੂਸੇਵਾਲਾ ਨੂੰ ਇਸ ਗਾਣੇ ਨੂੰ ਲੈ ਕੇ 15 ਜੁਲਾਈ, 2021 ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਇਸ ’ਤੇ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਮੂਸੇਵਾਲਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਤੋਂ ਇਲਾਵਾ ਸੰਜੂ ਗੀਤ ਰਾਹੀਂ ਕਮਾਈ ਰਕਮ ਵਕੀਲਾਂ ਨੂੰ ਮੁਆਵਜ਼ੇ ਦੇ ਰੂਪ ’ਚ ਬਾਰ ਕੌਂਸਲ ਆਫ਼ ਪੰਜਾਬ ਹਰਿਆਣਾ ਦੇ ਐਡਵੋਕੇਟ ਵੈਲਫੇਅਰ ਫੰਡ ਵਿਚ ਪਵਾਏ ਜਾਣ ਦੀ ਮੰਗ ਕੀਤੀ ਗਈ ਹੈ।
ਯਾਚੀ ਮੁਤਾਬਕ ਮੂਸੇਵਾਲਾ ਬਰਨਾਲਾ ਜ਼ਿਲ੍ਹੇ ਵਿਚ ਏ.ਕੇ. 47 ਵੀ ਚਲਾਉਂਦਾ ਦਿਖਿਆ ਸੀ। ਇਸ ਦੀ ਵੀਡੀਓ ਵਾਇਰਲ ਹੋਣ ’ਤੇ ਪੰਜਾਬ ਪੁਲਿਸ ਨੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੂਸੇਵਾਲਾ ਦੇ ਖ਼ਿਲਾਫ਼ ਮਾਨਸਾ ’ਚ ਫਰਵਰੀ, 2020 ਨੂੰ ਗਾਣੇ ਜ਼ਰੀਏ ਭੱਦੀ ਸ਼ਬਦਾਵਲੀ ਇਸਤੇਮਾਲ ਕਰਨ ਨੂੰ ਲੈ ਕੇ ਕੇਸ ਦਰਜ ਹੋਇਆ ਸੀ। ਸੰਗਰੂਰ ਜ਼ਿਲ੍ਹੇ ਵਿਚ ਵੀ ਉਸ ਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਉਸ ਨੂੰ ਇੱਕ ਅਪਰਾਧਿਕ ਕੇਸ ’ਚ ਜਦ ਜ਼ਮਾਨਤ ਦਿੱਤੀ ਗਈ ਤਾਂ ਉਸ ਨੇ ਕਿਹਾ ਸੀ ਕਿ ਉਹ ਅਜਿਹੇ ਸ਼ਰਮਨਾਕ ਗਾਣੇ ਨਹੀਂ ਗਾਵੇਗਾ, ਪ੍ਰੰਤੁੂ ਜ਼ਮਾਨਤ ’ਤੇ ਛੁਡ ਕੇ ਫਿਰ ਤੋਂ ਉਹ ਅਜਿਹੇ ਗੀਤ ਗਾਉਣ ਲੱਗ ਪਿਆ।

Share