ਪੰਜਾਬ ਚੋਣਾਂ ’ਚ ਜਿੱਤ ਤੋਂ ਬਾਅਦ ‘ਆਪ’ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ’ਤੇ ਅੱਖ ਰੱਖੀ

133
Share

ਚੰਡੀਗੜ੍ਹ, 22 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੀਆਂ 117 ’ਚੋਂ 92 ਸੀਟਾਂ ਜਿੱਤਣ ਮਗਰੋਂ ‘ਆਪ’ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਤੇ ਅੱਖ ਰੱਖ ਲਈ ਹੈ। ਪਾਰਟੀ ਨੇ ਦੋਵਾਂ ਸੂਬਿਆਂ ਦੇ ਨਾਲ-ਨਾਲ ਦੇਸ਼ ’ਚ ਕੁੱਲ 9 ਸੂਬਿਆਂ ਦੇ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ। ਇਨ੍ਹਾਂ ਵਿਚ ਪੰਜਾਬ, ਗੁਜਰਾਤ, ਹਿਮਾਚਲ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਹਰਿਆਣਾ, ਕੇਰਲਾ, ਰਾਜਸਥਾਨ ਅਤੇ ਤਿਲੰਗਾਨਾ ਸ਼ਾਮਲ ਹਨ। ਦੇਸ਼ ਦੇ 9 ਸੂਬਿਆਂ ਵਿਚ ਪੈਰ ਪਸਾਰਨ ਤੋਂ ਸਪੱਸ਼ਟ ਹੁੰਦਾ ਹੈ ਕਿ ‘ਆਪ’ ਆਉਣ ਵਾਲੇ ਦਿਨਾਂ ਵਿਚ ਦੇਸ਼ ਭਰ ਵਿਚ ਪੈਰ ਪਸਾਰਨ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਚੋਣਾਂ ਵਿਚ ਪਾਰਟੀ ਦਾ ਚਾਣਕਿਆ ਮੰਨੇ ਜਾਂਦੇ ਡਾ. ਸੰਦੀਪ ਪਾਠਕ ਨੂੰ ਪੰਜਾਬ ’ਚ ਰਾਘਵ ਚੱਢਾ ਦੀ ਥਾਂ ਦਾ ਸਹਿ-ਇੰਚਾਰਜ ਲਗਾਇਆ ਗਿਆ ਹੈ। ਉੱਥੇ ਹੀ ਸ਼੍ਰੀ ਪਾਠਕ ਨੂੰ ਗੁਜਰਾਤ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ‘ਆਪ’ ਨੇ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਗੁਜਰਾਤ ਵਿਚ ਸੰਨ੍ਹ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡਾ. ਸੰਦੀਪ ਪਾਠਕ ਗੁਜਰਾਤ ਲਈ ਰਣਨੀਤੀ ਤਿਆਰ ਕਰਨਗੇ। ਗੁਜਰਾਤ ਵਿਚ ਚੋਣ ਰਣਨੀਤੀ ਲਈ ਗੁਲਾਬ ਸਿੰਘ ਨੂੰ ਚੋਣ ਇੰਚਾਰਜ ਲਗਾਇਆ ਗਿਆ ਹੈ। ‘ਆਪ’ ਨੇ ਪੰਜਾਬ ਦਾ ਇੰਚਾਰਜ ਜਰਨੈਲ ਸਿੰਘ ਨੂੰ ਲਗਾਇਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ’ਚ ਚੋਣ ਇੰਚਾਰਜ ਸਤੇਂਦਰ ਜੈਨ, ਇੰਚਾਰਜ ਦੁਰਗੇਸ਼ ਪਾਠਕ, ਸਹਿ-ਇੰਚਾਰਜ ਰਤਨੇਸ਼ ਗੁਪਤਾ, ਕਰਮਜੀਤ ਸਿੰਘ, ਕੁਲਵੰਤ ਬਾਠ, ਜਥੇਬੰਦਕ ਮੰਤਰੀ ਸਤੇਂਦਰ ਤੋਂਗਰ, ਸਕੱਤਰ ਬਿਪਿਨ ਰਾਏ ਅਤੇ ਮੀਡੀਆ ਇੰਚਾਰਜ ਦੀਪਕ ਬਾਲੀ ਨੂੰ ਲਗਾਇਆ ਗਿਆ ਹੈ। ਕੇਰਲਾ ਵਿਚ ਏ ਰਾਜਾ ਨੂੰ ਇੰਚਾਰਜ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ ਪਾਰਟੀ ਨੇ ਹਰਿਆਣਾ ਵਿਚ ਚੋਣ ਇੰਚਾਰਜ ਸੌਰਭ ਭਾਰਦਵਾਜ, ਇੰਚਾਰਜ ਸੁਸ਼ੀਲ ਗੁਪਤਾ ਅਤੇ ਸਹਿ-ਇੰਚਾਰਜ ਮਹਿੰਦਰ ਚੌਧਰੀ ਨੂੰ ਲਗਾਇਆ ਹੈ। ਅਸਾਮ ਵਿਚ ਰਾਜੇਸ਼ ਸ਼ਰਮਾ, ਤਿਲੰਗਾਨਾ ਵਿਚ ਸੋਮਨਾਥ ਭਾਰਤੀ ਅਤੇ ਰਾਜਸਥਾਨ ਵਿਚ ਵਿਨੈ ਮਿਸ਼ਰਾ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਛੱਤੀਸਗੜ੍ਹ ਵਿਚ ਚੋਣ ਇੰਚਾਰਜ ਗੋਪਾਲ ਰਾਏ, ਇੰਚਾਰਜ ਸੰਜੀਵ ਝਾਅ ਅਤੇ ਜਥੇਬੰਦਕ ਮੰਤਰੀ ਸੰਤੋਸ਼ ਸ੍ਰੀਵਾਸਤਵ ਨੂੰ ਲਗਾਇਆ ਗਿਆ ਹੈ। ਹਰਿਆਣਾ ਦੇ ਚੋਣ ਇੰਚਾਰਜ ਸੌਰਭ ਭਾਰਦਵਾਜ ਨੇ ਦੱਸਿਆ ਕਿ ਆਮ ਆਦਮੀ ਪਾਰਟੀ ‘ਆਪ’ ਦਿੱਲੀ ਮਾਡਲ ਦਾ ਦੇਸ਼ ਵਿਚ ਪ੍ਰਚਾਰ ਕਰ ਰਹੀ ਸੀ ਪਰ ਪਾਰਟੀ ਹੁਣ ਪੰਜਾਬ ਦੇ ਨਤੀਜਿਆਂ ਨੂੰ ਲੈ ਕੇ ਦੇਸ਼ ਵਿਚ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਵਿਚ ਹੀ ਭਿ੍ਰਸ਼ਟਾਚਾਰ ਅਤੇ 25 ਹਜ਼ਾਰ ਨੌਕਰੀਆਂ ਦਾ ਐਲਾਨ ਕਰਨਾ ਸ਼ਲਾਘਾਯੋਗ ਕਦਮ ਹੈ। ਇਸੇ ਤਰ੍ਹਾਂ ‘ਆਪ’ ਦੀ ਸਰਕਾਰ ਆਉਣ ਵਾਲੇ ਸਮੇਂ ਵਿਚ ਵੀ ਕੰਮ ਕਰੇਗੀ ਅਤੇ ਦੇਸ਼ ਵਿਚ ਨਵੀਂ ਮਿਸਾਲ ਪੇਸ਼ ਕਰੇਗੀ।
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਚੋਣ ਇੰਚਾਰਜ ਸੌਰਭ ਭਾਰਦਵਾਜ ਅਤੇ ਇੰਚਾਰਜ ਸੁਸ਼ੀਲ ਗੁਪਤਾ ਨੇ ਹਰਿਆਣਾ ’ਚ ਪਾਰਟੀ ਦਾ ਢਾਂਚਾ ਭੰਗ ਕਰ ਦਿੱਤਾ ਹੈ। ਸੁਸ਼ੀਲ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਹਰਿਆਣਾ ਦਾ ਦੌਰਾ ਕੀਤਾ ਜਾਵੇਗਾ। ਇਸ ਦੌਰਾਨ ਕਈ ਨਵੇਂ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਲਦ ਹੀ ਕੰਮ ਕਰਨ ਵਾਲੇ ਆਗੂਆਂ ਨੂੰ ਨਵੀਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।

Share