ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਵੱਲੋਂ ਨੌਕਰੀ ਤਲਾਸ਼ ਰਹੇ ਨੌਜਵਾਨਾਂ ਅਤੇ ਨਿਯੋਜਕਾਂ ਲਈ ਆਨਲਾਈਨ ਸੇਵਾਵਾਂ ਸ਼ੁਰੂ : ਚੰਨੀ

335
Share

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਜ਼ ਵੱਲੋਂ ਆਨਲਾਈਨ ਸੇਵਾਵਾਂ ਲਈ ਵੈੱਬ ਲਿੰਕ ਸ਼ੁਰੂ
ਚੰਡੀਗੜ੍ਹ, 30 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਘਰ-ਘਰ ਰੋਜਗਾਰ ਅਤੇ ਕਰੋਬਾਰ ਮਿਸਨ ਨੂੰ ਡਿਜੀਟਲ ਮਾਧਿਅਮ ਰਾਹੀਂ ਚਲਾਉਣ ਦਾ ਫੈਸਲਾ ਕੀਤਾ ਹੈ।ਅੱਜ ਇਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਥ ਵਿਵਸਥਾ ਦੇ ਖੁੱਲ੍ਹਣ ਅਤੇ ਲਾਕਡਾਊਨ ਦੀਆਂ ਬੰਦਿਸ਼ਾਂ ਵਿੱਚ ਢਿੱਲ ਦੇ ਨਾਲ ਨੌਕਰੀ ਤਲਾਸ਼ ਰਹੇ ਨੌਜਵਾਨਾਂ ਅਤੇ ਨਿਯੋਜਕ (ਕੰਮ ਦੇਣ ਵਾਲੇ ) ਦੋਹਾਂ ਦੇ ਫ਼ਾਇਦੇ ਲਈ ਰੋਜ਼ਗਾਰ ਉੱਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਵਾਸਤੇ ਵਧੇਰੇ ਸਰਗਰਮ ਪਹੁੰਚ ਅਪਣਾਉਣ ਦੀ ਲੋੜ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ ਡੀ.ਬੀ.ਈ.ਈਜ਼ ਰਾਹੀਂ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ।
ਮੰਤਰੀ ਨੇ ਦੱਸਿਆ ਕਿ ਹਰੇਕ ਜ਼ਿਲ੍ਹੇ ਦੇ ਡਿਸਟ੍ਰਿਕਟ ਬਿਊਰੋ ਆਫ਼ ਇੰਪਲਾਇਮੈਂਟ ਐਂਡ ਇੰਟਰਪ੍ਰਾਇਜ਼ ਨੇ ਨੌਕਰੀਆਂ ਤਲਾਸ਼ ਰਹੇ ਪੜ੍ਹੇ-ਲਿਖੇ / ਘੱਟ ਪੜ੍ਹੇ-ਲਿਖੇ ਬੇਰੁਜਗਾਰ ਨੌਜਵਾਨਾਂ ਦੀ ਰਜਿਸਟ੍ਰੇਸਨ ਲਈ ਆਨ ਲਾਈਨ ਵੈੱਬ ਲਿੰਕ ਸ਼ੁਰੂ ਕੀਤਾ ਹੈ। ਇਸੇ ਤਰ੍ਹਾਂ ਕੰਮ ਲਈ ਕਰਮਚਾਰੀਆਂ ਦੀ ਭਾਲ ਕਰ ਰਹੇ ਨਿਯੋਜਕਾਂ ਦੀ ਰਜਿਸਟ੍ਰੇਸਨ ਲਈ ਵੀ ਵੈਬ ਲਿੰਕ ਤਿਆਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਬੀਡੀਪੀਓਜ਼, ਸਰਪੰਚਾਂ, ਪੰਚਾਇਤ ਸੱਕਤਰਾਂ ਆਦਿ ਦੁਆਰਾ ਘੋਸ਼ਣਾਵਾਂ ਨਾਲ ਸਿੱਖਿਆ / ਤਕਨੀਕੀ ਸੰਸਥਾਵਾਂ, ਸੀ.ਐਸ.ਸੀ / ਵੀ.ਐਲ.ਈ.ਐਸ ਜ਼ਰੀਏ ਨੌਕਰੀ ਤਲਾਸ਼ ਰਹੇ ਨੌਜਵਾਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਉਦਯੋਗ, ਕਿਰਤ, ਸਿਹਤ, ਤਕਨੀਕੀ ਸਿੱਖਿਆ, ਸਹਿਕਾਰਤਾ, ਰੱਖਿਆ ਭਲਾਈ ਵਿਭਾਗ ਦੇ ਸਹਿਯੋਗ ਨਾਲ ਰੋਜ਼ਗਾਰਦਾਤਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਵਿਭਾਗ ਹਰ ਜ਼ਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਬੰਧੀ ਆਨ ਲਾਈਨ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ ਅਤੇ ਸਵੈ-ਰੁਜਗਾਰ ਦੀ ਤਲਾਸ਼ ਕਰ ਰਹੇ ਬੇਰੁਜਗਾਰਾਂ ਦੀ ਰਜਿਸਟ੍ਰੇਸਨ ਲਈ ਲਿੰਕ ਤਿਆਰ ਕੀਤਾ ਗਿਆ ਹੈ। ਇਹ ਲਿੰਕ ਜ਼ਿਲ੍ਹੇ ਵਿਚ ਚੱਲ ਰਹੀਆਂ ਲੋਨ ਸਕੀਮਾਂ ਵਿੱਚ ਬਿਨੈਕਾਰ ਦੀ ਰੁਚੀ ਰਜਿਸਟਰ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਨ੍ਹਾਂ ਸਕੀਮਾਂ ਵਿੱਚ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਲੀਡ ਬੈਂਕ ਦੀਆਂ ਸਵੈ-ਰੋਜ਼ਗਾਰ ਸਕੀਮਾਂ ਸ਼ਾਮਲ ਹਨ।
ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੀਆਂ ਆਨਲਾਈਨ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਬੀਈਈਜ ਨੇ ਨੌਕਰੀ ਲਈ ਸਹਾਇਤਾ, ਕਰੀਅਰ ਕੌਂਸਲਿੰਗ, ਸਵੈ ਰੁਜਗਾਰ, ਮੈਨੂਅਲ ਰਜਿਸਟ੍ਰੇਸਨ ਅਤੇ ਪੁੱਛਗਿੱਛ ਲਈ ਇੱਕ ਮੋਬਾਈਲ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। ਉਕਤ ਵਿਅਕਤੀ ਸਰਕਾਰੀ ਕੰਮਕਾਜ ਦੇ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸਾਮ 5 ਵਜੇ ਦੇ ਵਿਚਕਾਰ ਜ਼ਿਲ੍ਹਾ ਜਾਂ ਮੁੱਖ ਦਫਤਰ ਦੀ ਹੈਲਪਲਾਈਨ ‘ਤੇ ਕਾਲ ਕਰ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਨੌਕਰੀਆਂ ਤਲਾਸ਼ ਰਹੇ ਨੌਜਵਾਨ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਲਈ ਅਪਲਾਈ ਕਰਨ ਵਾਸਤੇ www.pgrkam.com ‘ਤੇ ਵੀ ਰਜਿਸਟਰ ਕਰ ਸਕਦੇ ਹਨ ਅਤੇ ਆਪਣੀ ਪ੍ਰੋਫਾਈਲ ਤਿਆਰ ਕਰ ਸਕਦੇ ਹਨ।


Share