ਪੰਜਾਬ ਕਾਂਗਰਸ ਵੱਲੋਂ ਦੁਬਾਰਾ ਸੱਤਾ ਹਾਸਲ ਕਰਨ ਲਈ ਤਿਆਰੀ

79
Share

ਜਲੰਧਰ, 9 ਜੂਨ (ਪੰਜਾਬ ਮੇਲ)- ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਦਲਾਂ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸ ਨੇ ਵੀ ਸੂਬੇ ’ਚ ਦੁਬਾਰਾ ਸੱਤਾ ਹਾਸਲ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਵਿਚ ਪਾਰਟੀ ਨੇ ਪੰਜਾਬ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਸੂਚਨਾ ਮਿਲੀ ਹੈ ਕਿ ਪੰਜਾਬ ਕਾਂਗਰਸ ਲਈ ਟੀਮ ਪ੍ਰਸ਼ਾਂਤ ਕਿਸ਼ੋਰ ਦਾ ਇਕ ਯੂਨਿਟ ਪੰਜਾਬ ਆ ਚੁੱਕਾ ਹੈ। ਇਸ ਟੀਮ ਨੂੰ ਕੋਰ ਕਮੇਟੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਜੋ ਪੰਜਾਬ ਵਿਚ ਮੌਜੂਦਾ ਹਾਲਾਤ ’ਤੇ ਡਾਟਾ ਇਕੱਠਾ ਕਰਨ ਤੋਂ ਲੈ ਕੇ ਹੋਰ ਕੰਮ ਕਰੇਗੀ। ਇਹ ਵੀ ਖ਼ਬਰ ਮਿਲੀ ਹੈ ਕਿ ਇਸ ਮੁਹਿੰਮ ਲਈ ਜੋ ਟੀਮ ਕੰਮ ਕਰ ਰਹੀ ਹੈ, ਉਸ ਦੇ 8 ਮੈਂਬਰ ਚੰਡੀਗੜ੍ਹ ਪਹੁੰਚ ਚੁੱਕੇ ਹਨ।
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਟ੍ਰੇਟਜੀ ’ਤੇ ਕੰਮ ਸ਼ੁਰੂ ਹੋ ਗਿਆ ਹੈ, ਇਸ ਲਈ 8 ਮੈਂਬਰਾਂ ਦੀ ਟੀਮ ਸੋਮਵਾਰ ਨੂੰ ਚੰਡੀਗੜ੍ਹ ਪਹੁੰਚ ਗਈ ਸੀ। ਇਸ ਟੀਮ ਨੇ ਪੰਜਾਬ ਦੇ 4 ਜ਼ੋਨਾਂ ਮਾਝਾ, ਮਾਲਵਾ, ਦੋਆਬਾ ਅਤੇ ਕੰਢੀ ਖੇਤਰ ਦੇ ਹਿਸਾਬ ਨਾਲ ਕੰਮ ਸ਼ੁਰੂ ਕੀਤਾ ਹੈ। ਹਰ ਖੇਤਰ ਵਿਚ 2 ਸਟ੍ਰੇਟਜਿਸਟਸ ਲਗਾਏ ਗਏ ਹਨ, ਜੋ ਇਨ੍ਹਾਂ ਇਲਾਕਿਆਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਕੇ ਟੀਮ ਨੂੰ ਕੰਟਰੋਲ ਕਰ ਰਹੇ ਹੈੱਡ ਨੂੰ ਦੇਣਗੇ।
ਚੰਡੀਗੜ੍ਹ ’ਚ ਪ੍ਰਸ਼ਾਂਤ ਕਿਸ਼ੋਰ ਟੀਮ ਵੱਲੋਂ 2 ਤਰੀਕਿਆਂ ਨਾਲ ਸਟ੍ਰੇਟਜੀ ਬਣਾਈ ਗਈ ਹੈ, ਇਕ ਵਿਚ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਮੁਹਿੰਮ ਚਲਾਈ ਜਾਣੀ ਸ਼ਾਮਲ ਹੈ, ਤਾਂ ਦੂਜੀ ਸਭ ਤੋਂ ਵੱਡੀ ਮੁਹਿੰਮ ’ਚ ਸੂਬੇ ਦੇ ਮੌਜੂਦਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਦਾ ਪ੍ਰਚਾਰ ਕਰਕੇ ਉਨ੍ਹਾਂ ਦੀ ਇਮੇਜ ਬਣਾਉਣ ਲਈ ਕੰਮ ਕਰੇਗਾ। ਦੂਜੀ ਟੀਮ ਇਸ ਦੌਰਾਨ ਪੰਜਾਬ ਵਿਚ ਕਾਂਗਰਸ ਦੇ ਪੱਖ ’ਚ ਚੋਣ ਪ੍ਰਚਾਰ ਮੁਹਿੰਮ ਚਲਾਵੇਗੀ। ਸੂਬੇ ’ਚ ਹੋਏ ਬਿਹਤਰ ਕੰਮਾਂ ਨੂੰ ਪ੍ਰਚਾਰਿਤ ਕੀਤਾ ਜਾਵੇਗਾ, ਜਦੋਂ ਕਿ ਸਰਕਾਰ ਵਿਰੁੱਧ ਜਾਣ ਵਾਲੇ ਮਸਲਿਆਂ ਨੂੰ ਲੈ ਕੇ ਸਰਕਾਰ ਦੀ ਇਮੇਜ ਸੁਧਾਰਨ ਦੀ ਟੀਮ ਕੋਸ਼ਿਸ਼ ਕਰੇਗੀ।
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮੈਦਾਨ ’ਚ ਉਤਰੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਲਈ ਚੰਡੀਗੜ੍ਹ ਦੇ ਸੈਕਟਰ 2 ’ਚ ਸਥਿਤ ਸੀ.ਐੱਮ. ਦੀ ਸਰਕਾਰੀ ਕੋਠੀ ’ਚ ਕੈਂਪ ਆਫਿਸ ਬਣਾਇਆ ਗਿਆ ਹੈ, ਜਿਥੋਂ ਪੂਰੀ ਮੁਹਿੰਮ ਚਲਾਈ ਜਾਵੇਗੀ। ਆਉਣ ਵਾਲੇ ਦਿਨਾਂ ਵਿਚ ਇਸ ਟੀਮ ਵਿਚ ਹੋਰ ਲੋਕ ਵੀ ਸ਼ਾਮਲ ਕੀਤੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਇਹ ਉਹੀ ਟੀਮ ਹੈ, ਜਿਸ ਨੇ 2017 ਵਿਚ ਪੰਜਾਬ ਵਿਚ ਕੈਪਟਨ ਲਈ ਪ੍ਰਚਾਰ ਦਾ ਕੰਮ ਕੀਤਾ ਸੀ। ਉਸ ਸਮੇਂ ਵੀ ਪ੍ਰਸ਼ਾਂਤ ਕਿਸ਼ੋਰ ਟੀਮ ਨੇ ਇਸ ਮੁਹਿੰਮ ਨੂੰ ਲੀਡ ਕੀਤਾ ਸੀ।


Share