ਪੰਜਾਬ ਕਾਂਗਰਸ ਵਿੱਚ ‘ਸਭ ਅੱਛਾ ਨਹੀਂ ਹੈ’ : ਹਰੀਸ਼ ਰਾਵਤ

516
Share

ਹਾਈਕਮਾਨ ਨੂੰ ਸੌਂਪਣਗੇ ਰਿਪੋਰਟ; ਬਾਗੀ ਧੜਾ ਨਾਖੁਸ਼

ਚੰਡੀਗੜ੍ਹ, 3 ਸਤੰਬਰ (ਪੰਜਾਬ ਮੇਲ)- ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਚੰਡੀਗੜ੍ਹ ਦੀ ਆਪਣੀ ਤਿੰਨ ਦਿਨਾਂ ਫੇਰੀ ਦੀ ਸਮਾਪਤੀ ਮੌਕੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਵਿੱਚ ‘ਸਭ ਅੱਛਾ ਨਹੀਂ ਹੈ’, ਪਰ ਉਨ੍ਹਾਂ ਕੈਪਟਨ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਹਾਈਕਮਾਨ ਵੱਲੋਂ ਦਿੱਤੇ 18 ਨੁਕਾਤੀ ਏਜੰਡੇ ਦੀ ਪ੍ਰਗਤੀ ਨੂੰ ਲੈ ਕੇ ਤਸੱਲੀ ਜ਼ਾਹਿਰ ਕੀਤੀ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲਾ ਧੜਾ ਹਰੀਸ਼ ਰਾਵਤ ਦੀ ਫੇਰੀ ਤੋਂ ਬਹੁਤਾ ਆਸਵੰਦ ਨਹੀਂ ਦਿੱਖਿਆ। ਲਿਹਾਜ਼ਾ ਅਗਲੇ ਦਿਨਾਂ ਵਿੱਚ ਪਾਰਟੀ ਹਾਈਕਮਾਨ ਦੇ ਦਖ਼ਲ ਬਿਨਾਂ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਠੱਲ੍ਹ ਪੈਣੀ ਮੁਸ਼ਕਲ ਜਾਪਦੀ ਹੈ। ਦੇਹਰਾਦੂਨ ਰਵਾਨਾ ਹੋਣ ਤੋਂ ਪਹਿਲਾਂ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਵਿਚ ਧੜੇਬੰਦੀ ਦੀ ਗੱਲ ਕਬੂਲਦਿਆਂ ਕਿਹਾ ਕਿ ਲੋਕਰਾਜੀ ਸੰਗਠਨ ’ਚ ਅਜਿਹਾ ਹੁੰਦਾ ਹੈ। ਰਾਵਤ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਹਾਲਾਤ ਨੂੰ ਸੁਧਾਰਨ ’ਚ ਲੱਗੇ ਹੋਏ ਹਨ ਅਤੇ ਜਲਦੀ ਹੀ ਪੰਜਾਬ ਹਿੱਤ ਵਿਚ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੇ 18 ਨੁਕਾਤੀ ਏਜੰਡੇ ’ਤੇ ਹੋਏ ਕੰਮਾਂ ਬਾਰੇ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ। ਉਂਜ ਕਾਂਗਰਸੀ ਆਗੂ ਦੀ ਤਿੰਨ ਰੋਜ਼ਾ ਫੇਰੀ ਵੀ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਤਣ-ਪੱਤਣ ਨਹੀਂ ਲਾ ਸਕੀ। ਮੁੱਖ ਮੰਤਰੀ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਕਰਨ ਵਾਲੇ ਪੰਜ ਵਜ਼ੀਰਾਂ ਨਾਲ ਮੁਲਾਕਾਤ ਕੀਤੇ ਬਿਨਾਂ ਹੀ ਉਹ ਵਾਪਸ ਚਲੇ ਗਏ ਹਨ। ਇਨ੍ਹਾਂ ਵਜ਼ੀਰਾਂ ਨੂੰ ਉਡੀਕ ਸੀ ਕਿ ਹਰੀਸ਼ ਰਾਵਤ ਖੁਦ ਸੱਦਣਗੇ ਤਾਂ ਹੀ ਜਾਣਗੇ ਜਦੋਂ ਕਿ ਰਾਵਤ ਦਾ ਕਹਿਣਾ ਸੀ ਕਿ ‘ਚੰਗਾ ਹੋਇਆ ਇਹ ਵਜ਼ੀਰ ਨਹੀਂ ਆਏ, ਜੇ ਆ ਜਾਂਦੇ ਤਾਂ ਮੀਡੀਆ ਨੇ ਬਾਤ ਦਾ ਬਤੰਗੜ ਬਣਾ ਦੇਣਾ ਸੀ।’

ਚੇਤੇ ਰਹੇ ਕਿ ਹਰੀਸ਼ ਰਾਵਤ ਨੇ ਪਹਿਲਾਂ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਸ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲੇ। ਅੱਜ ਹਰੀਸ਼ ਰਾਵਤ ਨੂੰ ਵਜ਼ੀਰ ਅਰੁਣਾ ਚੌਧਰੀ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਵਿਧਾਇਕ ਰਾਜਾ ਵੜਿੰਗ, ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਸਤਿਕਾਰ ਕੌਰ ਆਦਿ ਮਿਲੇ ਸਨ। ਖੇਡ ਮੰਤਰੀ ਰਾਣਾ ਸੋਢੀ ਵੀ ਵੇਲੇ ਕੁਵੇਲੇ ਰਾਵਤ ਦੇ ਅੰਗ ਸੰਗ ਹੀ ਰਹੇ। ਰਾਵਤ ਨੇ ਅੱਜ ਆਪਣੇ ਦੌਰੇ ਦੇ ਅਖੀਰਲੇ ਦਿਨ ਕਿਹਾ ਕਿ ਨਵਜੋਤ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਵੱਲੋਂ ਪੰਜ ਸੂਤਰੀ ਮੈਮੋਰੰਡਮ ਦਿੱਤਾ ਗਿਆ ਸੀ, ਜਿਸ ਨੂੰ ਮੁੱਖ ਮੰਤਰੀ ਅੱਗੇ ਰੱਖਿਆ ਗਿਆ ਸੀ। ਹਾਈਕਮਾਨ ਵੱਲੋਂ ਦਿੱਤੇ 18 ਨੁਕਾਤੀ ਏਜੰਡੇ ਦੀ ਪ੍ਰਗਤੀ ਬਾਰੇ ਮੁੱਖ ਮੰਤਰੀ ਤੋਂ ਰਿਪੋਰਟ ਲਈ ਗਈ ਹੈ। ਉਂਜ ਰਾਵਤ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਦੇ ਤਾਕਤਵਾਰ ਆਗੂਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਕਿਉਂਕਿ ਤਾਲਮੇਲ ਦੀ ਘਾਟ ਕਰ ਕੇ ਨੁਕਸਾਨ ਵੀ ਇਨ੍ਹਾਂ ਆਗੂਆਂ ਨੂੰ ਹੀ ਝੱਲਣਾ ਪਵੇਗਾ। ਰਾਵਤ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੇਅਦਬੀ ਅਤੇ ਬਰਗਾੜੀ ਕੇਸ ਵਿਚ ਬਿਹਤਰ ਕਦਮ ਉਠਾਏ ਗਏ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਵਜ਼ਾਰਤ ਵਿੱਚ ਫੇਰਬਦਲ ਬਾਰੇ ਅੰੰਤਿਮ ਫੈਸਲਾ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਲਿਆ ਜਾਣਾ ਹੈ। ਹਾਲ ਦੀ ਘੜੀ ਸ੍ਰੀਮਤੀ ਗਾਂਧੀ ਨੇ ਕੋਈ ਫੈਸਲਾ ਨਹੀਂ ਲਿਆ ਹੈ। ਪਾਰਟੀ ਪ੍ਰਧਾਨ ਨੇ ਇਸ ਬਾਰੇ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਮੁੱਖ ਮੰਤਰੀ ਨੂੰ ਕੋਈ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਵਜ਼ਾਰਤੀ ਫੇਰਬਦਲ ਬਾਰੇ ਕੋਈ ਚਰਚਾ ਨਹੀਂ ਹੋਈ ਹੈ।


Share