ਪੰਜਾਬ ਕਾਂਗਰਸ ਵਿਵਾਦ: ਆਖਰੀ ਫੈਸਲੇ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਿਲੇ ਪ੍ਰਸ਼ਾਂਤ ਕਿਸ਼ੋਰ

488
Share

-ਮੀਟਿੰਗ ’ਚ ਪਿ੍ਰਯੰਕਾ ਗਾਂਧੀ, ਹਰੀਸ਼ ਰਾਵਤ ਤੇ ਕੇ.ਸੀ. ਵੇਣੂਗੋਪਾਲ ਵੀ ਰਹੇ ਹਾਜ਼ਰ
-ਪੰਜਾਬ ਕਾਂਗਰਸ ਦਾ ਵਿਵਾਦ ਨਜਿੱਠਣ ’ਚ ਪ੍ਰਸ਼ਾਂਤ ਦੀ ਭੂਮਿਕਾ ਅਹਿਮ ਬਣੀ
ਚੰਡੀਗੜ੍ਹ, 14 ਜੁਲਾਈ (ਪੰਜਾਬ ਮੇਲ)- ਕਾਂਗਰਸ ਹਾਈਕਮਾਨ ਦਾ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਲਈ ਆਖਰੀ ਫ਼ੈਸਲਾ ਆਉਣ ਤੋਂ ਪਹਿਲਾਂ ਚੋਣ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਦੇ ਨਿਵਾਸ ’ਤੇ ਹੋਈ ਇਸ ਮਿਲਣੀ ਮੌਕੇ ਕਾਂਗਰਸੀ ਨੇਤਾ ਪਿ੍ਰਯੰਕਾ ਗਾਂਧੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕੇਸੀ ਵੇਣੂਗੋਪਾਲ ਵੀ ਹਾਜ਼ਰ ਸਨ। ਪਤਾ ਲੱਗਾ ਹੈ ਕਿ ਕਾਂਗਰਸ ਹਾਈਕਮਾਨ ਮੁੱਖ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਨੂੰ ਲੈ ਕੇ ਸੰਤੁਲਨ ਬਣਾਏ ਜਾਣ ਲਈ ਪ੍ਰਸ਼ਾਂਤ ਕਿਸ਼ੋਰ ਦੇ ਮਸ਼ਵਰੇ ਨੂੰ ਵਜ਼ਨ ਦੇ ਰਹੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਕੈਪਟਨ ਤੇ ਨਵਜੋਤ ਸਿੱਧੂ ਦੇ ਆਪਸੀ ਵਿਵਾਦ ਨੂੰ ਨਜਿੱਠਣ ਲਈ ਪ੍ਰਸ਼ਾਂਤ ਕਿਸ਼ੋਰ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਕੁਝ ਦਿਨ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਦਿੱਲੀ ਦੇ ਕਪੂਰਥਲਾ ਹਾਊਸ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦਿਆਂ ਪ੍ਰਸ਼ਾਂਤ ਕਿਸ਼ੋਰ ਦੋਵਾਂ ਆਗੂਆਂ ਨੂੰ ਆਪਣੇ ਵੱਕਾਰ ਦਾ ਸੁਆਲ ਛੱਡ ਕੇ ਮਸਲਾ ਸਮੇਟਣ ’ਚ ਭਲਾਈ ਦੱਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਅਮਰਿੰਦਰ ਸਿੰਘ ਨੂੰ ਵੀ ਰਜ਼ਾਮੰਦ ਕੀਤਾ ਹੈ ਅਤੇ ਮੀਟਿੰਗ ’ਚ ਕੈਪਟਨ ਦੀ ਹਾਈਕਮਾਨ ਕੋਲ ਵਕਾਲਤ ਵੀ ਕੀਤੀ ਹੈ। ਪੰਜਾਬ ਕਾਂਗਰਸ ਦੇ ਵਿਵਾਦ ਨੂੰ ਹੱਲ ਕਰਨ ਲਈ ਹਾਈਕਮਾਨ ਪ੍ਰਸ਼ਾਂਤ ਕਿਸ਼ੋਰ ਦੇ ਮਸ਼ਵਰੇ ਨੂੰ ਵੀ ਮਹੱਤਵ ਦੇ ਰਹੀ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਪੁਨਰਗਠਨ ਦਾ ਮੁੱਖ ਮੁੱਦਾ ਰਿਹਾ। ਦੱਸਦੇ ਹਨ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਬਾਰੇ ਹਾਈਕਮਾਨ ਨੇ ਮਨ ਬਣਾ ਲਿਆ ਹੈ ਪਰ ਰਸਮੀ ਐਲਾਨ ਹੋਣ ਤੱਕ ਕੁਝ ਵੀ ਸੰਭਵ ਹੋ ਸਕਦਾ ਹੈ। ਕੈਪਟਨ ਖੇਮਾ ਆਖ ਰਿਹਾ ਹੈ ਕਿ ਨਵਜੋਤ ਸਿੱਧੂ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਘਰ ਦੂਰ ਹਨ ਅਤੇ ਨਵਜੋਤ ਸਿੱਧੂ ਨੂੰ ਚੋਣ ਮੁਹਿੰਮ ਕਮੇਟੀ ਦੀ ਕਮਾਂਡ ਦਿੱਤੀ ਜਾ ਸਕਦੀ ਹੈ। ਦੂਜੇ ਪਾਸੇ ਇਸ ਵਾਸਤੇ ਨਵਜੋਤ ਸਿੱਧੂ ਰਾਜ਼ੀ ਹੋਣ ਲਈ ਤਿਆਰ ਨਹੀਂ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਕਿਹਾ ਸੀ ਕਿ ਹਾਈਕਮਾਨ ਦਾ ਫ਼ੈਸਲਾ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਹੁਣ ਇੰਨਾ ਤੈਅ ਹੈ ਕਿ ਕਾਂਗਰਸ ਦੇ ਪੁਨਰਗਠਨ ਪਿੱਛੋਂ ਹੀ ਪੰਜਾਬ ਵਜ਼ਾਰਤ ’ਚ ਫੇਰਬਦਲ ਹੋਵੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਹਾਲੇ ਹਾਈਕਮਾਨ ਦੇ ਫ਼ੈਸਲੇ ਵੱਲ ਹੀ ਦੇਖ ਰਹੇ ਹਨ। ਸੂਤਰ ਆਖਦੇ ਹਨ ਕਿ ਜੇਕਰ ਨਵਜੋਤ ਸਿੱਧੂ ਦੇ ਹਵਾਲੇ ਪ੍ਰਧਾਨਗੀ ਕੀਤੀ ਜਾਂਦੀ ਹੈ, ਤਾਂ ਪ੍ਰਧਾਨ ਦੇ ਨਾਲ ਜੋ ਦੋ ਐਕਟਿੰਗ ਪ੍ਰਧਾਨ ਲਾਏ ਜਾਣੇ ਹਨ, ਉਹ ਅਮਰਿੰਦਰ ਸਿੰਘ ਦੀ ਪਸੰਦ ਦੇ ਹੋਣਗੇ।
ਇਸੇ ਦੌਰਾਨ ਪੰਜਾਬ ਵਜ਼ਾਰਤ ਵਿਚ ਕੁਝ ਵਜ਼ੀਰਾਂ ਦੀ ਛਾਂਟੀ ਕੀਤੇ ਜਾਣ ਦੇ ਵੀ ਚਰਚੇ ਹਨ ਤੇ ਅੰਦਰੋਂ-ਅੰਦਰ ਇਹ ਚਰਚੇ ਵੀ ਹਨ ਕਿ ਜੇਕਰ ਵਿਰੋਧੀ ਸੁਰ ਰੱਖਣ ਵਾਲੇ ਕਿਸੇ ਮੰਤਰੀ ਦੀ ਛੁੱਟੀ ਹੋਈ, ਤਾਂ ਵਿਰੋਧੀ ਧੜੇ ਦੇ ਮੰਤਰੀ ਅਸਤੀਫਿਆਂ ਦੀ ਪੇਸ਼ਕਸ਼ ਕਰ ਸਕਦੇ ਹਨ।
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੀਟਿੰਗ ਮਗਰੋਂ ਕਿਹਾ ਕਿ ਪੰਜਾਬ ਕਾਂਗਰਸ ਬਾਰੇ ਤਿੰਨ-ਚਾਰ ਦਿਨਾਂ ’ਚ ਖੁਸ਼ਖਬਰੀ ਮਿਲੇਗੀ ਅਤੇ ਇਹ ਖੁਸ਼ਖਬਰੀ ਸਭ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਪਹਿਲਾਂ ਹੀ ਹਾਈਕਮਾਨ ਦਾ ਫ਼ੈਸਲਾ ਪ੍ਰਵਾਨ ਹੋਣ ਦੀ ਗੱਲ ਆਖ ਚੁੱਕੇ ਹਨ। ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਪ੍ਰਸ਼ਾਂਤ ਕਿਸ਼ੋਰ ਅਮਰਿੰਦਰ ਸਿੰਘ ਦੀ ਵਕਾਲਤ ਕਰਨ ਆਏ ਸਨ। ਰਾਵਤ ਨੇ ਕਿਹਾ ਕਿ ਅਮਰਿੰਦਰ ਤੇ ਨਵਜੋਤ ਇੱਕੋ ਪਾਰਟੀ ਦੇ ਆਗੂ ਹਨ ਤੇ ਇਕੱਠੇ ਹੋ ਕੇ ਪਾਰਟੀ ਲਈ ਕੰਮ ਕਰਨਗੇ।

Share