ਪੰਜਾਬ ਕਾਂਗਰਸ ਵਿਧਾਇਕਾਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਦੇ ਸਾਰੇ ਅਧਿਕਾਰ ਕਾਂਗਰਸ ਹਾਈਕਮਾਨ ਨੂੰ ਦਿੱਤੇ

431
Share

– ਸੋਨੀਆ ਗਾਂਧੀ ਤੈਅ ਕਰੇਗੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਨਾਂ
-ਵਿਧਾਇਕਾਂ ਨੇ ਦਸਤਖਤ ਕਰ ਕੇ ਸਾਂਝਾ ਮਤਾ ਪਾਸ ਕੀਤਾ
– ਰਾਜਪਾਲ ਨੇ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮਨਜ਼ੂਰ ਕੀਤਾ
ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ)- ਇਥੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਵਿਧਾਇਕਾਂ ਨੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਕਾਂਗਰਸ ਹਾਈ ਕਮਾਨ ਨੂੰ ਦੇ ਦਿੱਤੇ ਹਨ। ਇਸ ਸਬੰਧੀ ਵਿਧਾਇਕਾਂ ਨੇ ਦਸਤਖਤ ਕਰ ਕੇ ਸਾਂਝਾ ਮਤਾ ਪਾਸ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਮੁਖੀ ਸੋਨੀਆ ਗਾਂਧੀ ਜਲਦੀ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰਨਗੇ। ਅੱਜ ਦੀ ਵਿਧਾਇਕਾਂ ਨਾਲ ਮੀਟਿੰਗ ਵਿਚ ਦੋ ਪ੍ਰਸਤਾਵ ਪਾਸ ਕੀਤੇ ਗਏ। ਪਹਿਲੇ ਪ੍ਰਸਤਾਵ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿਚ ਮੁੱਖ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ ਤੇ ਦੂਜੇ ਮਤੇ ਵਿਚ ਮੁੱਖ ਮੰਤਰੀ ਚੁਣਨ ਦੇ ਅਧਿਕਾਰ ਹਾਈ ਕਮਾਨ ਨੂੰ ਦਿੱਤੇ ਗਏ। ਇਸ ਤੋਂ ਪਹਿਲਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ। ਦੂਜੇ ਪਾਸੇ ਰਾਜਪਾਲ ਨੇ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।

Share