ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪਰਗਟ ਸਿੰਘ ਨੂੰ ਸੌਂਪੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ

317
Share

ਚੰਡੀਗੜ੍ਹ, 17 ਅਗਸਤ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਨੇੜਲੇ ਸਾਥੀ ਅਤੇ ਜਲੰਧਰ (ਛਾਉਣੀ) ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਜਨਰਲ ਸਕੱਤਰ (ਸੰਗਠਨ) ਦੀ ਜ਼ਿੰਮੇਵਾਰੀ ਸੌਂਪੀ ਹੈ। ਪ੍ਰਧਾਨ ਨਵਜੋਤ ਸਿੱਧੂ ਵੱਲੋਂ ਇਸ ਨਿਯੁਕਤੀ ਦੀ ਹਾਈਕਮਾਨ ਤੋਂ ਅਗਾਊਂ ਪ੍ਰਵਾਨਗੀ ਲਈ ਗਈ ਹੈ। ਹਾਲਾਂਕਿ ਨਵਜੋਤ ਸਿੱਧੂ ਨੇ ਆਪਣੇ ਚਾਰ ਨਵੇਂ ਸਲਾਹਕਾਰਾਂ ਦੀ ਨਿਯੁਕਤੀ ਸਮੇਂ ਹਾਈਕਮਾਨ ਤੋਂ ਕੋਈ ਪ੍ਰਵਾਨਗੀ ਲੈਣ ਦਾ ਹਵਾਲਾ ਨਹੀਂ ਦਿੱਤਾ ਸੀ। ਬੀਤੇ ਹਫ਼ਤੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਇਸ ਮਿਲਣੀ ’ਚ ਮੁੱਖ ਮੰਤਰੀ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਸ਼ਿਕਾਇਤ ਰੱਖੀ ਗਈ ਸੀ। ਹੁਣ ਨਵਜੋਤ ਸਿੱਧੂ ਵੱਲੋਂ ਜਾਰੀ ਪੱਤਰ ਅਨੁਸਾਰ ਪਰਗਟ ਸਿੰਘ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸਲਾਹ-ਮਸ਼ਵਰੇ ਮਗਰੋਂ ਹੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਨਵਜੋਤ ਸਿੱਧੂ ਨੇ ਪਰਗਟ ਸਿੰਘ ਦੀ ਇਹ ਨਿਯੁਕਤੀ ਉਦੋਂ ਕੀਤੀ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਜਗਬੀਰ ਸਿੰਘ ਨੂੰ ਪਾਰਟੀ ਵਿਚ ਸ਼ਾਮਿਲ ਕਰਾਉਣ ਜਾ ਰਿਹਾ ਸੀ। ਇੱਧਰ ਪਰਗਟ ਸਿੰਘ ਨੂੰ ਜਨਰਲ ਸਕੱਤਰੀ ਮਿਲੀ ਤੇ ਉੱਧਰ ਕੁਝ ਘੰਟਿਆਂ ਮਗਰੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ (ਛਾਉਣੀ) ਹਲਕੇ ਤੋਂ ਜਗਬੀਰ ਸਿੰਘ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚ ਗੱਠਜੋੜ ਹੋਣ ਕਰਕੇ ਪਰਗਟ ਸਿੰਘ ਲਈ ਜਲੰਧਰ (ਛਾਉਣੀ) ਹਲਕੇ ਤੋਂ ਇਹ ਨਵੀਂ ਚੁਣੌਤੀ ਵੀ ਹੋਵੇਗੀ।

Share