ਪੰਜਾਬ ਕਾਂਗਰਸ ਨਿਰਾਸ਼ਾ ਤੇ ਬੇਭਰੋਸਗੀ ਦੇ ਆਲਮ ‘ਚ ਘਿਰੀ

816

* ਕਈ ਮਹੀਨੇ ਤੋਂ ਸੂਬਾਈ ਤੇ ਜ਼ਿਲ੍ਹਾ ਅਹੁਦੇ ਭੰਗ
-ਮਜ਼ਬੂਤ ਧੁਰੇ ਵਾਲੀ ਲੀਡਰਸ਼ਿਪ ਦੀ ਘਾਟ ਰੜਕੀ
ਜਲੰਧਰ, 3 ਜੂਨ (ਮੇਜਰ ਸਿੰਘ/ਪੰਜਾਬ ਮੇਲ)-ਚੋਣਾਂ ਵੇਲੇ ਕੀਤੇ ਵਾਅਦੇ ਪੂਰਾ ਨਾ ਹੋਣ, ਚੁਣੇ ਹੋਏ ਪ੍ਰਤੀਨਿਧਾਂ ਦੀ ਪੁੱਛ-ਪੜਤਾਲ ਨਾ ਹੋਣ, ਕਾਂਗਰਸ ਪਾਰਟੀ ਦੀ ਸਰਗਰਮੀ ਪੂਰੀ ਤਰ੍ਹਾਂ ਠੱਪ ਹੋਣ ਅਤੇ ਖ਼ਾਸਕਰ ਮੁੱਖ ਮੰਤਰੀ ਵੱਲੋਂ ਪਾਰਟੀ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤੇ ਜਾਣ ਕਾਰਨ ਪੰਜਾਬ ਕਾਂਗਰਸ ਇਸ ਵੇਲੇ ਮੁਕੰਮਲ ਨਿਰਾਸ਼ਾ ਅਤੇ ਬੇਭਰੋਸਗੀ ਦੇ ਆਲਮ ਵਿਚ ਘਿਰੀ ਹੋਈ ਹੈ। ਮੁੱਖ ਮੰਤਰੀ ਦੀ ਕਾਰਜ ਸ਼ੈਲੀ ਤੇ ਸਰਕਾਰ ‘ਚ ਬਾਬੂਸ਼ਾਹੀ ਦੇ ਬੋਲਬਾਲੇ ਖ਼ਿਲਾਫ਼ ਕਾਫ਼ੀ ਸਮੇਂ ਤੋਂ ਪੈਦਾ ਹੋ ਰਹੀ ਬੇਚੈਨੀ ਦੇ ਮਈ ਮਹੀਨੇ ਦੇ ਸ਼ੁਰੂ ਵਿਚ ਲਾਵਾ ਬਣ ਕੇ ਫੁੱਟ ਪੈਣ ਤੋਂ ਬਾਅਦ ਇਸ ਮਾਮਲੇ ਉਪਰ ਪ੍ਰਦੇਸ਼ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਮਸਲੇ ਨੂੰ ਮੁੱਖ ਸਕੱਤਰ ਨਾਲ ਤਕਰਾਰ ਤੱਕ ਸਮੇਟ ਕੇ ਪੈਰ ਪਿੱਛੇ ਖਿੱਚਣ ਨਾਲ ਪਾਰਟੀ ਅੰਦਰ ਧੁਰ ਹੇਠਾਂ ਤੱਕ ਬੇਭਰੋਸਗੀ ਤੇ ਲਾਚਾਰਗੀ ਵਾਲੀ ਹਾਲਤ ਪਸਰੀ ਨਜ਼ਰ ਆ ਰਹੀ ਹੈ। ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਪੈਦਾ ਹੋਏ ਸੰਕਟ ਸਮੇਂ ਕਾਂਗਰਸ ਆਗੂਆਂ, ਕਈ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਕੀਤੀ ਜਨਤਕ ਬਿਆਨਬਾਜ਼ੀ ‘ਚ ਸ਼ਰੇਆਮ ਚੁਣੌਤੀ ਮੁੱਖ ਮੰਤਰੀ ਦੀ ਕਾਰਜਸ਼ਾਲੀ ਨੂੰ ਦਿੱਤੀ ਗਈ ਸੀ। ਕਈਆਂ ਨੇ ਕੈਪਟਨ ਸਰਕਾਰ ਦੀ ਗਵਰਨਰੀ ਰਾਜ ਨਾਲ ਤੁਲਨਾ ਕੀਤੀ ਸੀ। ਖ਼ਾਸਕਰ ਮੰਤਰੀਆਂ ਨੇ ਬਾਬੂਸ਼ਾਹੀ ਦੇ ਬੋਲਬਾਲੇ ਖ਼ਿਲਾਫ਼ ਭੜਾਸ ਕੱਢੀ ਸੀ। ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਦੇ ਮੁੱਖ ਸਕੱਤਰ ਨਾਲ ਤਕਰਾਰ ਦਾ ਮੁੱਦਾ ਵੀ ਅਫ਼ਸਰਸ਼ਾਹੀ ਦਾ ਕੰਮਕਾਜ ਹੀ ਸੀ ਤੇ ਮੰਤਰੀਆਂ ਨੇ ਜਦੋਂ ਅਫ਼ਸਰਸ਼ਾਹੀ ਦੀ ਦੁਖਦੀ ਰਗ ਉਪਰ ਹੱਥ ਧਰਦਿਆਂ ਪਿਛਲੇ ਸਾਲਾਂ ਦੌਰਾਨ ਸ਼ਰਾਬ ਮਾਲੀਏ ਵਿਚ ਘਾਟੇ ਦੀ ਜ਼ਿੰਮੇਵਾਰੀ ਮਿੱਥਣ ਦੀ ਗੱਲ ਕੀਤੀ ਤਾਂ ਮੁੱਖ ਸਕੱਤਰ ਤੈਸ਼ ਵਿਚ ਆ ਗਏ ਸਨ। ਪਾਰਟੀ ਅੰਦਰ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਆ ਰਹੀ ਕਿ ‘ਤੈਸ਼’ ਵਿਚ ਆਉਣ ਦੀ ਤਾਂ ਮੁੱਖ ਸਕੱਤਰ ਨੇ ਮਾਫ਼ੀ ਮੰਗ ਲਈ ਤੇ ਮੰਤਰੀਆਂ ਨੇ ਮਾਫ਼ ਵੀ ਕਰ ਦਿੱਤਾ, ਪਰ ਬਾਕੀ ਮੁੱਦੇ ਇਸ ਮਾਫ਼ੀ ‘ਚ ਕਿਵੇਂ ਰੁੜ੍ਹ ਗਏ? ਸੁਚੇਤ ਕਾਂਗਰਸੀ ਹਲਕਿਆਂ ਵਿਚ ਚਰਚਾ ਹੈ ਕਿ ਮੁੱਖ ਮੰਤਰੀ ਜਿਸ ਤਰ੍ਹਾਂ ਪਿਛਲੇ ਸਾਲਾਂ ਤੋਂ ਅਫ਼ਸਰਸ਼ਾਹੀ ਨੂੰ ਮੂਹਰੇ ਲਗਾ ਕੇ ਕੰਮ ਚਲਾਉਂਦੇ ਆਏ ਹਨ ਤੇ ਚੁਣੇ ਪ੍ਰਤੀਨਿਧਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਕੀਤੀ ਜਾਂਦੀ, ਇਸ ਸੰਕਟ ਮੌਕੇ ਵੀ ਉਨ੍ਹਾਂ ਮੰਤਰੀਆਂ ਤੇ ਕੁਝ ਆਗੂਆਂ ਨੂੰ ਅੱਡੋਪਾਟ ਕਰਕੇ ਗੱਲ ਮੁੜ ਫਿਰ ਆਈ ਗਈ ਕਰ ਲਈ। ਇਕ ਸੀਨੀਅਰ ਆਗੂ ਕਹਿ ਰਹੇ ਸਨ ਕਿ ਮੁੱਖ ਮੰਤਰੀ ਪਿਛਲੇ ਸਾਲ ਹੋਈਆਂ ਕਾਂਗਰਸ ਵਿਧਾਇਕ ਦਲ ਦੀਆਂ ਮੀਟਿੰਗਾਂ ‘ਚ ਵੀ ਤਿੱਖੇ ਸੁਆਲਾਂ ਦਾ ਸਾਹਮਣਾ ਕਰਨ ਦੀ ਥਾਂ ਟਾਲਮਟੋਲ ਦਾ ਰੁਖ਼ ਹੀ ਅਖਤਿਆਰ ਕਰਦੇ ਰਹੇ ਹਨ।
ਮੰਤਰੀਆਂ ਤੇ ਅਫ਼ਸਰਸ਼ਾਹੀ ਵਿਚਕਾਰ ਪੇਚੇ ਦਾ ਨਿਪਟਾਰਾ ਬਾਬੂਸ਼ਾਹੀ ਦੀ ਚੜ੍ਹਤ ਵਾਲੇ ਪਾਸੇ ਹੋਣ ਨਾਲ ਪਾਰਟੀ ਦੇ ਧੁਰ ਹੇਠਾਂ ਤੱਕ ਨਿਰਾਸ਼ਾ ਅਤੇ ਬੇਭਰੋਸਗੀ ਪਸਰ ਗਈ ਹੈ। ਆਰ-ਪਾਰ ਦੀ ਲੜਾਈ ਦੇ ਦਮਗੱਜੇ ਮਾਰਨ ਵਾਲੇ ਕਈ ਵਿਧਾਇਕ ਤੇ ਮੰਤਰੀ, ਮੁੱਖ ਮੰਤਰੀ ਦੇ ਫਾਰਮ ਹਾਊਸ ਨੂੰ ਜਾਂਦਿਆਂ ਸਿਸਵਾਂ ਨਦੀ ਲੰਘਦਿਆਂ ਜਿਸ ਤਰ੍ਹਾਂ ਠੰਢੇ-ਸੀਲੇ ਹੋ ਗਏ, ਇਸ ਨੂੰ ਲੈ ਕੇ ਪਾਰਟੀ ‘ਚ ਹੈਰਾਨਗੀ ਵੀ ਹੈ ਅਤੇ ਇਹ ਵੀ ਅਹਿਸਾਸ ਪੈਦਾ ਹੋ ਗਿਆ ਹੈ ਕਿ ਮੁੱਖ ਮੰਤਰੀ ਨਾਲ ਆਢਾ ਲੈਣ ਲਈ ਰਹਿੰਦੇ ਪੌਣੇ ਦੋ ਸਾਲ ਸ਼ਾਇਦ ਹੀ ਕੋਈ ਆਗੂ ਅੱਖ ਚੁੱਕ ਕੇ ਵੇਖ ਸਕੇ।
ਕਾਂਗਰਸ ਪਾਰਟੀ ਵਿਚ ਨਵੀਂ ਰੂਹ ਫੂਕਣ ਦੇ ਫੈਸਲੇ ਨਾਲ ਜਨਵਰੀ ਮਹੀਨੇ ਪਾਰਟੀ ਦੇ ਸੂਬਾਈ ਅਹੁਦੇਦਾਰ ਤੇ ਜ਼ਿਲ੍ਹਾ ਪ੍ਰਧਾਨ ਭੰਗ ਕਰ ਦਿੱਤੇ ਸਨ ਤੇ ਨਵਾਂ ਢਾਂਚਾ ਉਸਾਰਨ ਲਈ ਕਮੇਟੀ ਬਣਾਈ ਗਈ ਸੀ। ਪਰ ਲੱਗਦਾ ਹੈ ਜਿਵੇਂ ਕਾਂਗਰਸ ਅਹੁਦੇਦਾਰ ਮੁੜ ਬਣਾਉਣੇ ਹੀ ਭੁੱਲ ਗਈ ਜਾਂ ਫਿਰ ਉਸ ਨੂੰ ਲੋੜ ਹੀ ਨਹੀਂ ਰਹਿ ਗਈ। ਢਾਂਚਾ ਭੰਗ ਕਰਨ ਵੇਲੇ ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਪੰਜਾਬ ‘ਚ ਮੈਨੀਫੈਸਟੋ ਲਾਗੂ ਕਰਨ ਦੀ ਅਗਵਾਈ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਤੇ ਕੁਮਾਰੀ ਸ਼ੈਲਜਾ ਨੂੰ ਸੌਂਪੀ ਗਈ ਸੀ, ਪਰ ਉਨ੍ਹਾਂ ਨੂੰ ਵੀ ਸ਼ਾਇਦ ਕਾਂਗਰਸ ਹਾਈ ਕਮਾਨ ਵਾਂਗ ਪੰਜਾਬ ਬਾਰੇ ਇੰਨਾ ਸਮਾਂ ਲੰਘ ਜਾਣ ਬਾਅਦ ਵੀ ਸੋਚਣ ਦਾ ਸਮਾਂ ਹੀ ਨਹੀਂ ਮਿਲਿਆ। ਨਵੇਂ ਅਹੁਦੇਦਾਰ ਥਾਪਣ ਲਈ ਬਣਾਈ ਕਮੇਟੀ ਨੇ ਵੀ ਕਦੇ ਮੀਟਿੰਗ ਤੱਕ ਨਹੀਂ ਕੀਤੀ। ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਭਾਵੇਂ ਪ੍ਰਧਾਨ ਰਹਿਣ ਦਿੱਤਾ, ਪਰ ਅਕਾਲੀ-ਭਾਜਪਾ ਰਾਜ ਵੇਲੇ ਥਰਮਲ ਪਲਾਂਟਾਂ ਨਾਲ ਹੋਏ ਅਣਉਚਿਤ ਸਮਝੌਤਿਆਂ ਨੂੰ ਰੀਵਿਊ ਕਰਨ ਦੀ ਆਵਾਜ਼ ਉਠਾਉਣ ‘ਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਅਪਮਾਨਿਤ ਹੋਣਾ ਪਿਆ, ਇਸ ਤਰ੍ਹਾਂ ਦੀ ਹਾਲਤ ਪਹਿਲਾਂ ਸ਼ਾਇਦ ਹੀ ਕਦੇ ਪੈਦਾ ਹੋਈ ਹੋਵੇ, ਉਹ ਤਿੰਨ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਉਪਰ ਇਹ ਮਸਲਾ ਉਠਾਉਣ ਜਾਂਦੇ ਰਹੇ ਪਰ ਅੱਗੋਂ ਸਮਾਂ ਹੀ ਨਹੀਂ ਦਿੱਤਾ ਗਿਆ। ਪਤਾ ਲੱਗਾ ਹੈ ਕਿ ਮੌਜੂਦਾ ਸੰਕਟ ਸਮੇਂ ਜਦ ਦੋ ਵਿਧਾਇਕਾਂ ਤੇ ਮੰਤਰੀਆਂ ਨਾਲ ਸ਼੍ਰੀ ਜਾਖੜ ਮੁੱਖ ਮੰਤਰੀ ਦੇ ਫਾਰਮ ‘ਚ ‘ਲੰਚ’ ਕਰਨ ਗਏ, ਤਾਂ ਵੀ ਉਨ੍ਹਾਂ ਦੀ ਕਿਸੇ ਗੱਲ ਨੂੰ ਨਹੀਂ ਗੌਲਿਆ ਗਿਆ। ਹੁਣ ਜਦੋਂ ਚੋਣਾਂ ਵਿਚ ਡੇਢ ਕੁ ਸਾਲ ਦਾ ਸਮਾਂ ਰਹਿ ਗਿਆ ਤਾਂ ਪਾਰਟੀ ਅੰਦਰ ਇਹ ਚਿੰਤਾ ਘਰ ਕਰ ਰਹੀ ਹੈ ਕਿ ਅਜਿਹੀ ਬੇਦਿਲੀ ਵਾਲੀ ਹਾਲਤ ‘ਚ ਕੀ ਕਾਂਗਰਸ ਲੋਕਾਂ ‘ਚ ਮੁੜ ਧੜੱਲੇ ਨਾਲ ਜਾ ਸਕੇਗੀ?
ਪਾਰਟੀ ਦੇ ਬਹੁਤ ਸਾਰੇ ਆਗੂਆਂ ਨਾਲ ਹੋਈ ਗੱਲਬਾਤ ਤੋਂ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਕਾਰਜਸ਼ੈਲੀ ਵਿਰੁੱਧ ਸਿਰੇ ਦੀ ਨਾਰਾਜ਼ਗੀ ਦੇ ਬਾਵਜੂਦ ਵੀ ਨਾਰਾਜ਼ ਵਿਧਾਇਕਾਂ ਤੇ ਮੰਤਰੀਆਂ ਦੇ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ‘ਚ ਵੱਡੀ ਰੁਕਾਵਟ ਮਜ਼ਬੂਤ ਧੁਰੇ ਵਾਲੀ ਲੀਡਰਸ਼ਿਪ ਦੀ ਘਾਟ ਹੈ। ਪਾਰਟੀ ਅੰਦਰਲੇ ਕਿਸੇ ਵੀ ਆਗੂ ਨੇ ਨਿਰੰਤਰ ਇਸ ਮੁੱਦੇ ਉਪਰ ਸਟੈਂਡ ਲੈ ਕੇ ਪਾਰਟੀ ਅੰਦਰ ਕਤਾਰਬੰਦੀ ਕਰਨ ਦਾ ਯਤਨ ਨਹੀਂ ਕੀਤਾ। ਪਿਛਲੇ ਵਰ੍ਹੇ ਹੋਏ ਅਜਿਹੇ ਯਤਨ ਦੇ ਮੋਹਰੀਆਂ ਵਲੋਂ ਸਲਾਹਕਾਰ ਦੇ ਅਹੁਦੇ ਮੱਲ ਬੈਠਣ ਨਾਲ ਬੇਭਰੋਸਗੀ ਏਨੀ ਵਧ ਗਈ ਹੈ ਕਿ ਇਕ ਦੂਜੇ ਉਪਰ ਕੋਈ ਵੀ ਇਤਬਾਰ ਕਰਨ ਨੂੰ ਤਿਆਰ ਨਹੀਂ। ਇਹੀ ਕਾਰਨ ਹੈ ਮੌਜੂਦਾ ਸੰਕਟ ਮੌਕੇ ਕਦੇ ਚਾਰ ਮੰਤਰੀ ਵੀ ਸਿਰ ਜੋੜ ਕੇ ਨਹੀਂ ਬੈਠ ਸਕੇ। ਹਰ ਕੋਈ ਆਪੋ-ਆਪਣੀ ਬਿਆਨਬਾਜ਼ੀ ਤਾਂ ਕਰਦਾ ਰਿਹਾ ਪਰ ਮੁੱਖ ਮੰਤਰੀ ਵੱਲੋਂ ਸੱਦੇ ਜਾਣ ‘ਤੇ ਸਭਨਾਂ ਨੇ ਨੰਬਰ ਬਣਾਉਣ ਲਈ ਸ਼ੂਟਾਂ ਵੱਟ ਲਈਆਂ। ਸਿਆਸੀ ਹਲਕਿਆਂ ਤੇ ਕਾਂਗਰਸ ਅੰਦਰ ਇਹ ਆਮ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਮੁੱਖ ਮੰਤਰੀ ਬਾਰੇ ਗੱਲ ਸੁਣਨ ਨੂੰ ਤਿਆਰ ਨਹੀਂ, ਇਸ ਕਰਕੇ ਰਹਿੰਦੇ ਪੌਣੇ ਦੋ ਸਾਲ ਦਾ ਸਮਾਂ ਤਾਂ ਲੰਘ ਜਾਵੇਗਾ। ਪਰ ਫਰਵਰੀ 2022 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਜ਼ਰੂਰ ਇਸ ਹਾਲਤ ਦਾ ਸੇਕ ਝੱਲਣਾ ਪੈ ਸਕਦਾ ਹੈ।