ਲੁਧਿਆਣਾ, 31 ਜਨਵਰੀ (ਪੰਜਾਬ ਮੇਲ)- ਕਾਂਗਰਸ ਦੀ ਆਖਰੀ ਸੂਚੀ ਆਉਣ ਤੋਂ ਬਾਅਦ ਬਗਾਵਤ ਹੋਰ ਵਧ ਗਈ ਹੈ। ਹੁਣ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਕੇ.ਕੇ. ਬਾਵਾ ਨੇ ਬਗਾਵਤੀ ਸੁਰ ਅਪਣਾਏ ਹਨ। ਕੇਵਲ ਕਿ੍ਰਸ਼ਣ ਬਾਵਾ ਨੇ ਬਗੈਰ ਕਿਸੇ ਦਾ ਨਾਂ ਲਏ ਕਿਹਾ ਹੈ ਕਿ ਟਿਕਟਾਂ ਪੈਸੇ ਦੇ ਕੇ ਦਿੱਤੀਆਂ ਗਈਆਂ ਹਨ, ਜਦਕਿ ਉਹ ਪਿਛਲੇ 40 ਸਾਲ ਤੋਂ ਪਾਰਟੀ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਮੰਗਲਵਾਰ ਨੂੰ ਵਿਧਾਨ ਸਭਾ ਖੇਤਰ ਪੱਛਮ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਦਾਖ਼ਲ ਕਰਨਗੇ। ਇੱਥੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਚੋਣ ਲੜ ਰਹੇ ਹਨ।
ਭਾਰਤ ਭੂਸ਼ਣ ਆਸ਼ੂ ਦੇ ਇੱਕ ਹੋਰ ਸਾਥੀ ਨੇ ਬਗਵਾਤ ਕੀਤੀ ਹੈ। ਇਸ ਤੋਂ ਪਹਿਲਾਂ ਤਰੁਣ ਜੈਨ ਬਾਵਾ ਅਤੇ ਗੁਰਪ੍ਰੀਤ ਗੋਗੀ ਨੇ ਉਨ੍ਹਾਂ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਇਸ ਨਾਲ ਭਾਰਤ ਭੂਸ਼ਣ ਆਸ਼ੂ ਦੀ ਸਮੱਸਿਆਵਾਂ ਹੋਰ ਵਧ ਗਈਆਂ ਹਨ। ਕਾਂਗਰਸ ਵਿਚ ਬਗਾਵਤ ਕਰਨ ਵਾਲੇ ਬਾਵਾ ਪੰਜਵੇਂ ਨੇਤਾ ਹੋ ਗਏ ਹਨ। ਇਸ ਤੋਂ ਪਹਿਲਾਂ ਸਾਹਨੇਵਾਲ ਤੋਂ ਸਤਵਿੰਦਰ ਕੌਰ ਬਿੱਟੀ, ਸਮਰਾਲਾ ਤੋਂ ਅਮਰੀਕ ਸਿੰਘ ਢਿਲੋਂ, ਜਗਰਾਉਂ ਤੋਂ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ ਅਤੇ ਹੁਣ ਕੇਕੇ ਬਾਵਾ ਨੇ ਵਿਰੋਧ ਕੀਤਾ ਹੈ। ਅਮਰੀਕ ਸਿੰਘ ਢਿੱਲੋਂ ਨੇ ਤਾਂ ਆਜ਼ਾਦ ਚੋਣ ਲੜਨ ਦੇ ਲਈ ਨਾਮਜ਼ਦਗੀ ਕਾਗਜ਼ ਵੀ ਦਾਖਲ ਕਰ ਦਿੱਤੇ ਹਨ, ਜਦਕਿ ਜੱਸੀ ਖੰਗੂੜਾ ਪਾਰਟੀ ਛੱਡ ਚੁੱਕੇ ਹਨ। ਪਾਰਟੀ ਛੱਡ ਚੁੱਕੇ ਜਸਬੀਰ ਸਿੰਘ ਜੱਸੀ ਖੰਗੂੜਾ ਦਾ ਕਹਿਣਾ ਹੈ ਕਿ ਹੁਣ ਪਾਰਟੀ ਵਿਚ ਰਹਿਨੁਮਾਈ ਕਰਨ ਵਾਲਾ ਕੋਈ ਨਹੀਂ ਰਿਹਾ। ਹਰ ਨੇਤਾ ਅਪਣੀ ਸਰਦਾਰੀ ਬਚਾਉਣ ’ਚ ਲੱਗਾ ਹੋਇਆ, ਜਿਸ ਕਾਰਨ ਹੇਠਲੇ ਪੱਧਰ ਦੇ ਨੇਤਾ ਅਤੇ ਵਰਕਰ ਪੂਰੀ ਤਰ੍ਹਾਂ ਪ੍ਰੇਸ਼ਾਨ ਅਤੇ ਨਰਾਜ਼ ਹਨ।