ਪੰਜਾਬ ਕਾਂਗਰਸ ਦਾ ਇਕ ਧੜਾ ਸਿੱਧੇ ਤੌਰ ’ਤੇ ਮੁੱਖ ਮੰਤਰੀ ਖਿਲਾਫ਼ ਹੋਇਆ ਖੜ੍ਹਾ!

491

ਚੰਡੀਗੜ੍ਹ, 19 ਮਈ (ਪੰਜਾਬ ਮੇਲ)- ਪੰਜਾਬ ਦੇ ਕਈ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਹੁਣ ਖੁੱਲ੍ਹ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਲਾਮਬੰਦ ਹੋ ਗਏ ਹਨ। ਮੰਗਲਵਾਰ ਨੂੰ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ’ਤੇ ਦਰਜਨ ਭਰ ਕਾਂਗਰਸੀ ਨੇਤਾਵਾਂ ਨੇ ਬੈਠਕ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ’ਚ ਸੁਖਜਿੰਦਰ ਸਿੰਘ ਰੰਧਾਵਾ ਸਮੇਤ 5 ਮੰਤਰੀ, ਪਰਗਟ ਸਿੰਘ ਸਹਿਤ 7 ਵਿਧਾਇਕ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਵੀ ਅਜਿਹੀ ਹੀ ਲਾਮਬੰਦੀ ਦੇਖਣ ਨੂੰ ਮਿਲੀ ਸੀ, ਜਦੋਂ ਕਰੀਬ 7 ਮੰਤਰੀਆਂ ਨੇ ਮੁੱਖ ਮੰਤਰੀ ਦਾ ਸਮਰਥਨ ਕੀਤਾ ਸੀ। ਉਦੋਂ ਮੰਤਰੀ ਬ੍ਰਹਮਾ ਮੋਹਿੰਦਰਾ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਿਆਮ ਅਰੋੜਾ, ਬਲਬੀਰ ਸਿੰਘ ਸਿਧੂ, ਗੁਰਪ੍ਰੀਤ ਸਿੰਘ ਕਾਂਗੜ, ਵਿਜੇਇੰਦਰ ਸਿੰਗਲਾ ਅਤੇ ਭਰਤ ਭੂਸ਼ਣ ਆਸ਼ੂ ਨੇ ਬਕਾਇਦਾ ਬਿਆਨ ਜਾਰੀ ਕਰਕੇ ਕਾਂਗਰਸ ਹਾਈਕਮਾਨ ਨੂੰ ਸਿੱਧੂ ਨੂੰ ਸਸਪੈਂਡ ਕਰਨ ਦਾ ਸੱਦਾ ਦਿੱਤਾ ਸੀ। ਉਥੇ ਹੀ, ਹੁਣ ਪੰਜਾਬ ਕਾਂਗਰਸ ਦਾ ਇਕ ਧੜਾ ਸਿੱਧੇ ਤੌਰ ’ਤੇ ਮੁੱਖ ਮੰਤਰੀ ਖਿਲਾਫ਼ ਖੜ੍ਹਾ ਹੋ ਗਿਆ ਹੈ।
ਚੰਨੀ ਦੇ ਘਰ ਹੋਈ ਬੈਠਕ ਦੌਰਾਨ ਇਨ੍ਹਾਂ ਨੇਤਾਵਾਂ ਨੇ ਪੰਜਾਬ ਦੀ ਜਾਂਚ ਏਜੰਸੀਆਂ ਦੇ ਗਲਤ ਇਸਤੇਮਾਲ ਨੂੰ ਮੰਦਭਾਗਾ ਦੱਸਿਆ। ਸਾਰੇ ਨੇਤਾਵਾਂ ਨੇ ਇਕਸੁਰ ਵਿਚ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਗਲਤ ਹਥਕੰਡੇ ਅਪਨਾ ਰਹੇ ਹਨ। ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ਼ ਵਿਜੀਲੈਂਸ ਜਾਂਚ ਨੂੰ ਤੂਲ ਦਿੱਤਾ ਗਿਆ ਅਤੇ ਬਾਅਦ ’ਚ ਨਵਜੋਤ ਸਿੱਧੂ ਦੇ ਕਰੀਬੀ ਵਿਧਾਇਕ ਪਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਨੇ ਫ਼ੋਨ ’ਤੇ ਧਮਕੀ ਦਿੱਤੀ। ਇਸੇ ਕੜੀ ’ਚ ਪੰਜਾਬ ਮਹਿਲਾ ਕਮਿਸ਼ਨ ਨੇ ਕਰੀਬ 3 ਸਾਲ ਪੁਰਾਣੇ ਮਾਮਲੇ ’ਚ ਅਚਾਨਕ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਨੋਟਿਸ ਜਾਰੀ ਕਰ ਦਿੱਤਾ। ਉਥੇ ਹੀ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਵੀ ਜੇਲ੍ਹ ਦੀਆਂ ਕੁੱਝ ਘਟਨਾਵਾਂ ਨੂੰ ਲੈ ਕੇ ਪੁਲਿਸ ਜਾਂਚ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਜਾਣ ਬੁੱਝ ਕੇ ਗਰਮਾਇਆ ਗਿਆ। ਇਨ੍ਹਾਂ ਨੇਤਾਵਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਅੰਦਰਖਾਤੇ ਹੀ ਇਸ ਤਰ੍ਹਾਂ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੋ ਜਾਵੇਗੀ, ਤਾਂ ਪੰਜਾਬ ਵਿਚ ਸਥਿਤੀਆਂ ਵਿਸਫੋਟਕ ਹੋਣਗੀਆਂ, ਜਿਸ ਦਾ ਸਿੱਧਾ ਖਾਮਿਆਜਾ ਕਾਂਗਰਸ ਨੂੰ 2022 ’ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ’ਚ ਭੁਗਤਣਾ ਪੈ ਸਕਦਾ ਹੈ।