ਪੰਜਾਬ ਕਾਂਗਰਸ ’ਚ ਸਿਆਸੀ ਤੌਰ ’ਤੇ ਹੋ ਸਕਦੀ ਹੈ ਵੱਡੀ ਉਥਲ-ਪੁਥਲ!

91
Share

ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵੱਖੋ-ਵੱਖ ਮੀਟਿੰਗਾਂ ਕਰ ਰਹੀ ਹੈ ਧੜੇਬੰਦੀ ਵੱਲ ਇਸ਼ਾਰਾ
ਨਾਰਾਜ਼ ਆਗੂਆਂ ਨੇ ਚਰਨਜੀਤ ਚੰਨੀ ਦੇ ਘਰ ਕੀਤੀ ਮੀਟਿੰਗ

ਚੰਡੀਗੜ੍ਹ, 12 ਮਈ (ਪੰਜਾਬ ਮੇਲ)- ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵੱਖੋ-ਵੱਖਰੇ ਜਾਰੀ ਮੀਟਿੰਗਾਂ ਪੰਜਾਬ ਕਾਂਗਰਸ ’ਚ ਉੱਭਰ ਕੇ ਆਈ ਧੜੇਬੰਦੀ ਵੱਲ ਸਿੱਧਾ ਇਸ਼ਾਰਾ ਕਰ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ’ਚ ਸਭ ਠੀਕ ਨਹੀਂ ਅਤੇ ਆਉਂਦੇ ਦਿਨਾਂ ’ਚ ਪਾਰਟੀ ’ਚ ਸਿਆਸੀ ਤੌਰ ’ਤੇ ਵੱਡੀ ਉਥਲ-ਪੁਥਲ ਹੋ ਸਕਦੀ ਹੈ। ਆਪਣੀ ਹੀ ਸਰਕਾਰ ਤੋਂ ਨਾਰਾਜ਼ ਚੱਲ ਰਹੇ ਨੇਤਾਵਾਂ ਦੀ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਹੋਈ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸ ਦੇ ਕਰੀਬ ਦਰਜਨ ਵਿਧਾਇਕ ਅਤੇ ਦੋ ਮੰਤਰੀਆਂ ਦੀ ਮੀਟਿੰਗ ਹੋਈ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਮੀਟਿੰਗ ਨੂੰ ਦਲਿਤ ਅਤੇ ਓ.ਬੀ.ਸੀ. ਵਰਗ ਦੇ ਲੋਕਾਂ ਦੇ ਮੁੱਦਿਆਂ ਨੂੰ ਚੋਣਾਂ ਤੋਂ ਪਹਿਲਾਂ ਵਿਚਾਰਨ ਲਈ ਕੀਤੀ ਗਈ ਦੱਸਿਆ ਗਿਆ ਪਰ ਇਸ ਮੀਟਿੰਗ ਦੇ ਸਿਆਸੀ ਗਲਿਆਰਿਆਂ ਵਿਚ ਹੋਰ ਵੀ ਮਾਇਨੇ ਕੱਢੇ ਜਾ ਰਹੇ ਹਨ ਕਿਉਂਕਿ ਮੁੱਖ ਮੰਤਰੀ ਤੋਂ ਇਕ ਖੇਮਾ ਨਾਰਾਜ਼ ਦੱਸਿਆ ਜਾ ਰਿਹਾ ਹੈ।
ਉੱਧਰ ਇਸ ਮਸਲੇ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੁੱਪੀ ਧਾਰੀ ਹੋਈ ਹੈ ਅਤੇ ਉਹ ਇਨ੍ਹਾਂ ਮੀਟਿੰਗਾਂ ਤੋਂ ਵੀ ਦੂਰ ਹੀ ਨਜ਼ਰ ਆ ਰਹੇ ਹਨ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਸਰਕਾਰ ’ਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਹਮਲੇ ਕਰ ਰਹੇ ਹਨ, ਜਦਕਿ ਸ. ਪ੍ਰਤਾਪ ਸਿੰਘ ਬਾਜਵਾ ਵੀ ਲਗਾਤਾਰ ਇਸ ਮਾਮਲੇ ’ਚ ਆਪਣੀ ਸਰਕਾਰ ਨੂੰ ਘੇਰ ਰਹੇ ਹਨ। ਅਜਿਹੇ ’ਚ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵੱਖੋ-ਵੱਖਰੇ ਮੀਟਿੰਗਾਂ ਕਈ ਸਵਾਲਾਂ ਨੂੰ ਜਨਮ ਤਾਂ ਦੇ ਹੀ ਰਹੀਆਂ ਹਨ, ਸਗੋਂ ਪਾਰਟੀ ਅਤੇ ਸਰਕਾਰ ਵਿਚਲੀ ਧੜੇਬੰਦੀ ਨੂੰ ਵੀ ਉਜਾਗਰ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਹਾਲਾਤ ਪੈਦਾ ਹੋਣ ਨਾਲ ਮੁੱਖ ਮੰਤਰੀ ਕੈਪਟਨ ਦੀਆਂ ਚਿੰਤਾਵਾਂ ਵਧ ਗਈਆਂ ਹਨ ਅਤੇ ਉਹ ਆਪਣੇ ਸਿਆਸੀ ਮਾਹਿਰਾਂ ਨਾਲ ਸਲਾਹ ਵੀ ਕਰ ਰਹੇ ਹਨ ਅਤੇ ਜੋ ਮਾਹੌਲ ਪੈਦਾ ਹੋ ਰਿਹਾ ਹੈ, ਉਸ ’ਤੇ ਨਜ਼ਰ ਵੀ ਰੱਖ ਰਹੇ ਹਨ।


Share