ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ ਆਰਟ ਐਂਡ ਕਲਚਰ (ਪਿਲਾਕ) ਲਾਹੌਰ ਪਾਕਿਸਤਾਨ ਵੱਲੋਂ ਮਹਾਨ ਲੋਕ ਗਾਇਕ ਆਲਮ ਲੋਹਾਰ ਜੀ ਦੀ 41 ਵੀਂ ਬਰਸੀ ਮੌਕੇ ਔਨਲਾਈਨ ਅੰਤਰ ਰਾਸ਼ਟਰੀ ਸਮਾਗਮ 

875
Share

ਲਾਹੌਰ, 10 ਜੁਲਾਈ (ਪੰਜਾਬ ਮੇਲ)- ਪੰਜਾਬ ਸਰਕਾਰ ਦੇ ਇੰਸਟੀਚਿਊਟ ਆਫ਼ ਲੈਂਗੁਏਜ ਆਰਟ ਐਂਡ ਕਲਚਰ, (ਪਿਲਾਕ) ਅਜ਼ੀਮ ਲੋਕ ਗਾਇਕ  ਮੁਹੰਮਦ ਆਲਮ ਲੋਹਾਰ  ਸਾਹਿਬ ਦੀ 41 ਵੀਂ ਬਰਸੀ ਮੌਕੇ  ਤੇ  9 ਜੁਲਾਈ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਨ ਲਾਈਨ  ਅੰਤਰ ਰਾਸ਼ਟਰੀ ਸਮਾਗਮ ਕੀਤਾ ਗਿਆ ਜਿਹਦੇ ਚ  ਸੁਰ ਸ਼ਹਿਜਸ਼ਾਦੀ ਆਬਿਦਾ ਪ੍ਰਵੀਨ ,ਸੁਰੱਈਆ ਮੁਲਤਾਨੀਕਰ ,ਸ਼ੌਕਤ ਅਲੀ ,ਅਤਾ ਉਲਾ ਖ਼ਾਨ  ਈਸਾਖੇਲਵੀ ਆਰਫ਼  ਲੋਹਾਰ, ਪੂਰਬੀ ਪੰਜਾਬ ਤੋਂ  ਲੋਕ ਗਾਇਕ ਹਰਭਜਨ ਮਾਨ   , ਪੰਮੀ ਬਾਈ  ਤੇ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ  ਦੇ  ਇਲਾਵਾ  ਰਾਹਤ ਮੁਲਤਾਨੀਕਰ ,ਨਦੀਮ ਅੱਬਾਸ
ਲੂਣੇ ਵਾਲਾ ,ਮੁਦੱਸਰ ਬੱਟ ਸੰਪਾਦਕ ਭੁਲੇਖਾ,ਇਕਬਾਲ ਬੱਟ , ਸੱਜਾਦ  ਬਰੀ ਖ਼ੈਬਰ ਪਖ਼ਤੂਨਵਾ ਤੋਂ  ਫ਼ਿਆਜ਼ ਖ਼ਾਨ ਖ਼ੀਸ਼ਗੀ ,  ਬਲੋਚਿਸਤਾਨ ਤੋਂ ਸ਼ਫ਼ਕਤ ਆਸਮੀ ਤੇ ਮਸਊਦ  ਨਬੀ ਬਲੋਚ ਦੇ ਨਾਲ਼ ਨਾਲ਼ ਡਾਕਟਰ ਸੁਗ਼ਰਾ ਸਦਫ਼  ਡਾਇਰੈਕਟਰ ਜਨਰਲ ਪਲਾਕ , ਮੁਹੰਮਦ ਆਸਮ ਚੌਧਰੀ  ਡਾਇਰੈਕਟਰ ਪਲਾਕ ,, ਸ਼ਫ਼ਾਅਤ ਅੱਬਾਸ  ਅਸਿਸਟੈਂਟ ਡਾਇਰੈਕਟਰ ਅਮਾਨਤ ਅਲੀ ਤੇ ਹੁਸਨ ਜਲੀਲ ਪ੍ਰੋਡਿਊਸਰ ਐਫ਼ ਐਮ ੯੫ ਪੰਜਾਬ ਰੰਗ ਨੇ ਵੀ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ  ਚ ਡਾ: ਸੁਗ਼ਰਾ ਸਦਫ਼   ਨੇ ਅਜ਼ੀਮ ਗੁਲੂਕਾਰ ਨੂੰ ਖ਼ਿਰਾਜ-ਏ-ਅਕੀਦਤ ਪੇਸ਼ ਕਰਦੇ ਹੋਏ ਕਿਹਾ  ਕਿ ਆਲਮ ਲੋਹਾਰ ਸਾਹਿਬ ਲੋਕ ਸੰਗੀਤ ਦਾ   ਚਮਕਦਾ ਸਿਤਾਰਾ ਸੀ ਜਿਸਦੀ ਚਮਕ ਚਾਰ ਦਹਾਕੇ ਲੰਘਣ ਤੋਂ ਬਾਦ ਵੀ ਘੱਟ ਨਹੀਂ  ਹੋਈ ਤੇ ਇਨ੍ਹਾਂ ਦੇ ਪੁੱਤਰ ਆਰਿਫ਼ ਲੋਹਾਰ ਨੇ  ਆਪਣੇ ਪਿਓ ਦੇ ਮਿਸ਼ਨ ਨੂੰ ਜਾਰੀ ਰੱਖ  ਕੇ ਪੰਜਾਬ ਦੇ ਸਭਿਆਚਾਰ ਤੇ  ਅਹਿਸਾਨ ਕੀਤਾ ਹੈ। ।
ਭਾਰਤੀ ਪੰਜਾਬ ਦੇ ਉੱਘੇ ਕਵੀ ਤੇ ਲੋਕ ਵਿਰਾਸਤ ਅਰਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਉਦਘਾਟਨੀ ਭਾਸ਼ਨ ਦਿੰਦਿਆ ਕਿਹਾ ਕਿ ਮੁਹੰਮਦ ਆਲਮ ਲੋਹਾਰ ਸਾਡੀ ਪੰਜ ਦਰਿਆਈ ਧਰਤੀ ਦੀ ਜ਼ਬਾਨ ਦੇ ਗਵੱਈਏ ਸਨ। ਉਨ੍ਹਾਂ ਦੇ ਗੀਤਾਂ ਚ ਪੰਜ ਦਰਿਆਵਾਂ ਵਾਲਾ ਪੰਜਾਬ ਗਾਉਂਦਾ ਸੀ। ਉਨ੍ਹਾਂ ਡਾ: ਸੁਗਰਾ ਸਦਫ ਨੂੰ ਏਨਾ ਸੋਹਣਾ ਇੰਟਰਨੈਸ਼ਨਲ ਸਮਾਗਮ ਕਰਵਾਉਣ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਲੋਕ ਫਨਕਾਰਾਂ ਵਿੱਚੋਂ ਆਲਮ ਲੋਹਾਰ ਤੇ ਸ਼ੌਕਤ ਅਲੀ ਸਾਹਿਬ ਦੇਆਪ ਲਿਖੇ ਗੀਤਾਂ ਦੀਆਂ ਕਿਤਾਬਾਂ ਛਾਪੀਆਂ ਜਾਣ। ਨਵਾਬ ਘੁਮਿਆਰ, ਪਠਾਣੇ ਖਾਂ, ਮਹਿਦੀ ਹਸਨ,ਇਨਾਇਤ ਹੁਸੈਨ ਭੱਟੀ, ਨੁਸਰਤ ਫ਼ਤਹਿ ਅਲੀ,ਨਜ਼ਾਕਤ ਅਲੀ ਸਲਾਮਤ ਅਲੀ,ਆਲਮ ਲੋਹਾਰ, ਸਾਈਂ ਮੁਸ਼ਤਾਕ, ਨੂਰ ਜਹਾਂ, ਪਰਵੇਜ਼ ਮਹਿਦੀ, ਮਨਸੂਰ ਅਲੀ ਮਲੰਗੀ,ਰੇਸ਼ਮਾਂ, ਤੁਫ਼ੈਲ ਨਿਆਜ਼ੀ ਤੇ ਹੋਰ ਸਿਰਕੱਢ ਗਾਇਕਾਂ ਦੀਆਂ ਜੀਵਨੀਆਂ ਵੀ ਛਾਪੀਆਂ ਜਾਣ ਜਿਸ ਤੋਂ ਇਨ੍ਹਾਂ ਗਾਇਕਾਂ ਤੋਂ ਪ੍ਰੇਰਨਾ ਲਈ ਜਾ ਸਕੇ।
ਮਸ਼ਹੂਰ ਸੂਫ਼ੀ ਗੁਲੂਕਾਰਾ ਆਬਿਦਾ ਪ੍ਰਵੀਨ ਨੇ  ਆਲਮ ਲੋਹਾਰ ਜੀ ਦੀ ਜੁਗਨੀ ਦੀ ਤਾਰੀਫ਼ ਕਰਦੇ  ਕਿਹਾ ਕਿ ਇਨ੍ਹਾਂ ਵਰਗਾ ਫ਼ਨਕਾਰ ਦੁਨੀਆ ਤੇ ਦੁਬਾਰਾ ਨਹੀਂ ਜੰਮ ਸਕਦਾ ।
ਅਤਾਉਲਾ ਖਾਨ ਈਸਾ ਖ਼ੇਲਵੀ ਨੇ ਉਨ੍ਹਾਂ ਨੂੰ ਅਪਣਾ ਉਸਤਾਦ ਤੇ ਬਜ਼ੁਰਗ ਕਰਾਰ ਦਿੱਤਾ ਤੇ ਦੁਆ ਕੀਤੀ। ਮਸ਼ਹੂਰ ਲੋਕ ਫਨਕਾਰ  ਸ਼ੌਕਤ  ਅਲੀ ਸਾਹਿਬ ਨੇ  ਆਲਮ ਲੋਹਾਰ ਬਾਰੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਲਾਲਾ ਆਲਮ ਲੋਹਾਰ ਹਕੀਕੀ ਲੋਕ ਗੁਲੂਕਾਰ ਸਨ ਜਿਹੜੇ ਰੂਹ ਦੀ ਗਹਿਰਾਈ  ਤੋਂ ਗਾਉਂਦੇ ਸਨ । ਉਨ੍ਹਾਂ  ਨੇ ਲੋਕ ਦਾਸਤਾਨਾਂ ਗਾ ਕੇ  ਆਪਣੀ ਸੰਗੀਤ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ ।ਉਨ੍ਹਾਂ ਦੀ ਦੇਹ ਨੂੰ ਲਾਲਾਮੂਸਾ ਚ ਅਸੀਂ ਦੋਵੇਂ  ਭਰਾਇਨਾਇਲ ਅਲੀ ਤੇ ਮੈਂ ਸਪੁਰਦੇ ਖ਼ਾਕ ਕਰਨ ਉਪਰੰਤ ਚਾਰ ਦਿਨ ਰੋਂਦੇ ਰਹੇ।
ਭਾਰਤੀ ਪੰਜਾਬ ਦੇ ਲੋਕ ਗੁਲੂਕਾਰ ਪੰਮੀ ਬਾਈ ਨੇ ਕਿਹਾ ਕਿ ਆਲਮ ਲੋਹਾਰ ਸਾਹਿਬ ਦੇ ਫ਼ਨ ਨੂੰ ਸਾਰੀ ਦੁਨੀਆ ਦੇ ਪੰਜਾਬੀ ਸਰਾਹੁੰਦੇ ਨੇ। ਉਨ੍ਹਾਂ ਦਾ ਮਸ਼ਹੂਰ ਗਾਣਾ ਬੋਲ ਮਿੱਟੀ ਦਿਆ ਬਾਵਿਆ  ਅੱਜ ਵੀ ਉਨ੍ਹਾਂ ਨੂੰ ਬੜਾ ਪਸੰਦ ਏ। ਸਦੀਆਂ ਬਾਦ ਇਹੋ ਜਹੇ ਗਾਇਕ ਪੈਦਾ ਹੁੰਦੇ ਨੇ।
ਮਕਬੂਲ ਗੁਲੂਕਾਰ  ਤੇ ਪੰਜਾਬੀ ਫਿਲਮ ਅਦਾਕਾਰ ਹਰਭਜਨ ਮਾਨ ਨੇ ਆਲਮ ਲੋਹਾਰ ਦੇ ਬਾਰੇ ਕੁਝ ਇੰਝ ਕਿਹਾ ਕਿ ਆਲਮ ਲੋਹਾਰ ਸਾਹਿਬ ਨੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਇਕ ਪੱਕੀ ਸ਼ਾਹ ਰਾਹ  ਦੱਸ ਦਿੱਤੀ ਏ ਤੇ ਅੱਜ ਅਸੀਂ ਉਨ੍ਹਾਂ ਦੇ ਨਕਸ਼ਾਂ ਤੇ ਤੁਰ ਕੇ  ਹੀ ਪੰਜਾਬ ਦੇ ਸਭਿਆਚਾਰ ਨੂੰ ਪੂਰੀ ਦੁਨੀਆ ਚ ਪੇਸ਼  ਕਰ ਰਹੇ ਹਾਂ।
ਹਰਭਜਨ ਮਾਨ ਜੀ ਨੇ ਉਨ੍ਹਾਂ ਦੇ ਇਕ ਗੀਤ ਨੂੰ ਵੀ ਗੁਣਗਣਾਇਆ। ਭਾਰਤੀ ਪੰਜਾਬ ਦੇ ਇਸ ਨਾਮਵਰ ਗੁਲੂਕਾਰ ਨੇ ਪਲਾਕ ਦੀ ਭਰਪੂਰ ਤਾਰੀਫ਼ ਕੀਤੀ ਤੇ  ਸਾਰੇ ਵੱਡੇ ਗੁਲੂਕਾਰਾਂ ਦੇ ਦਰਮਿਆਨ ਆਪਣੀ ਮੌਜੂਦਗੀ ਨੂੰ ਬਾਇਸ-ਏ-ਫ਼ਖ਼ਰ ਕਰਾਰ ਦਿੱਤਾ ਤੇ ਕਿਹਾ ਕਿ ਆਲਮ ਲੁਹਾਰ ਸਾਹਿਬ ਨੇ  ਪੰਜਾਬੀ ਜ਼ਬਾਨ ਤੇ ਲੋਕ ਸੰਗੀਤ ਦੀ ਜੋ ਖ਼ਿਦਮਤ ਕੀਤੀ ਉਹਨੂੰ ਸਲਾਹੁਣਾ ਚੰਗੀ ਗੱਲ ਏ । ਉਨ੍ਹਾਂ ਇਹ ਵੀ ਤਜ਼ਵੀਜ਼ ਪੇਸ਼ ਕੀਤੀ ਕੇ  ਉਨ੍ਹਾਂ ਦੇ ਗਾਏ ਲੋਕ ਗੀਤਾਂ ਤੇ ਲੋਕ ਦਾਸਤਾਨਾਂ ਨੂੰ ਕਿਤਾਬੀ ਸ਼ਕਲ ਦਿੱਤੀ ਜਾਵੇ।
              ਪਾਕਿਸਤਾਨ ਦੀ ਮਸ਼ਹੂਰ ਗੁਲੂਕਾਰ ਸੁਰੱਈਆ ਮੁਲਤਾਨੀਕਰ ਨੇ ਕਿਹਾ ਕਿ ਉਹ ਖ਼ਾਮੋਸ਼ ਮਿਜ਼ਾਜ਼ ਦੇ ਬੰਦੇ ਸਨ ਬਾ ਅਦਬ ਤੇ ਸ਼ਫ਼ਕਤ ਦੇ ਮਾਲਿਕ ਸਨ ਤੇ ਇਹ ਸਾਰੇ ਵਸਫ਼ ਓਨ੍ਹਾਂ ਦੇ ਪੁੱਤਰ  ਆਰਿਫ਼ ਲੋਹਾਰ ਚ ਵੀ ਪਾਏ ਜਾਂਦੇ ਨੇ ਓਨ੍ਹਾਂ ਨੇ ਆਲਮ ਲੋਹਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਗਾਣੇ ਅੱਜ ਵੀ ਨਿਵੇਕਲੇ ਅੰਦਾਜ਼ ਚ ਮਸ਼ਹੂਰ ਨੇ। ਸੁਰੱਈਆ ਮੁਲਤਾਨੀਕਰ ਨੇ ਅਪਣਾ ਮਸ਼ਹੂਰ ਗੀਤ  ਕੀਹ ਹਾਲ ਸੁਣਾਵਾਂ ਦਿਲ ਦਾ ਗਾ ਕੇ ਸਰੋਤਿਆਂ ਤੋਂ ਦਾਦ ਵੀ ਲਈ।
ਰਾਹਤ ਮੁਲਤਾਨੀਕਰ ਨੇ ਕਿਹਾ ਕਿ ਆਲਮ ਲੋਹਾਰ ਨੇ ਸਾਨੂੰ ਪੰਜਾਬ ਦੀ ਸਕਾਫ਼ਤ ਤੋਂ ਰੋਸ਼ਨਾਸ ਕਰਾਇਆ ।ਓਨ੍ਹਾਂ ਆਪਣੀ ਵਾਲਦਾ ਨਾਲ਼ ਰਲ਼ ਕੇ ਆ ਚੁਣੋ ਰਲ਼ ਯਾਰ ਪੀਲੂ ਪੱਕੀਆਂ ਵੋ ਕਾਫ਼ੀ ਪੇਸ਼ ਕੀਤੀ।
ਫ਼ਿਆਜ਼ ਖ਼ਾਨ ਖ਼ਸ਼ਗੀ ਨੇ ਕਿਹਾ ਕਿ ਆਲਮ ਲੋਹਾਰ ਆਪਣੇ ਅਛੂਤੇ ਅੰਦਾਜ਼ ਤੋਂ ਨਾ ਸਿਰਫ਼ ਪੰਜਾਬ ਸਗੋਂ ਪੂਰੇ ਪਾਕਿਸਤਾਨ ਚ ਮਸ਼ਹੂਰ ਨੇ ।ਬਲੋਚਿਸਤਾਨ ਤੋਂ ਸ਼ਰੀਕ ਹੋਏ ਗੁਲੂਕਾਰ ਮਸਊਦ ਨਬੀ ਬਲੋਚ ਨੇ ਆਲਮ ਲੋਹਾਰ ਨੂੰ ਮੌਸੀਕੀ ਦਾ ਬਾਦਸ਼ਾਹ ਕਰਾਰ ਦਿੱਤਾਤੇ ਉਨ੍ਹਾਂ ਦੀ ਹਯਾਤੀ ਦੇ ਪੱਖਾਂ  ਤੇ ਚਾਨਣ ਪਾਇਆ ।
ਕੋਇਟਾ ਤੋਂ ਸ਼ਾਇਰ ਤੇ  ਅਦੀਬ  ਸ਼ਫ਼ਕਤ ਆਸਮੀ ਨੇ  ਆਲਮ ਲੁਹਾਰ  ਦੇ ਫ਼ਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਆਲਮ ਲੋਹਾਰ ਪੰਜਾਬ ਦੇ ਲੋਕ ਸੰਗੀਤ ਦਾ ਪੇਸ਼ਕਾਰ ਚਿਤੇਰਾ ਸੀ ।
ਪੰਜਾਬੀ ਅਖ਼ਬਾਰ ਭੁਲੇਖਾ ਦੇ ਸਰਪ੍ਰਸਤ  ਮਦੱਸਰ ਬੱਟ  ਨੇ ਕਿਹਾ ਕਿ ਆਲਮ ਲੁਹਾਰ ਨੇ ਬਰ-ਏ-ਸਗ਼ੀਰ ਚ ਲੋਕ ਗੁਲੂਕਾਰੀ ਤੋਂ ਜਾਣੂੰ ਕਰਾਇਆ। ਉਨ੍ਹਾਂ ਪੰਜਾਬ ਦੀ ਸਕਾਫ਼ਤ ਦੇ ਇਖ਼ਲਾਕੀ ਕਦਰਾਂ ਦਾ ਪ੍ਰਚਾਰ ਕੀਤਾ। ਆਸਿਮ ਚੌਧਰੀ ਨੇ ਆਲਮ ਲੋਹਾਰ ਦੇ ਫ਼ਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਪੰਜਾਬੀ ਨਾਅਤਾਂ ਦੀਆਂ ਤਰਜ਼ਾਂ ਅੱਜ ਵੀ ਉਸੇ ਤਰ੍ਹਾਂ  ਮੌਜੂਦ  ਨੇ । ਉਨ੍ਹਾਂ ਦੇ ਗੀਤਾਂ ਰਾਹੀਂ ਪੰਜਾਬ ਦੀ ਧਰਤੀ ਨਾਲ਼ ਉਨ੍ਹਾਂ ਦੀ ਮੁਹੱਬਤ ਦਿਸਦੀ ਏ । ਗੁਲੂਕਾਰ ਨਦੀਮ ਅੱਬਾਸ ਲੂਣੇ ਵਾਲਾ ਨੇ ਕਿਹਾ ਕਿ ਆਲਮ ਲੋਹਾਰ ਨੇ ਲੋਕ ਮੋਸੀਕੀ ਦੇ ਐਸੇ ਮਿਆਰ  ਮਿੱਥੇ ਨੇ ਜੋ ਰਾਹ ਦਿਸੇਰਾ ਨੇ । ਉਨ੍ਹਾਂ ਅਪਣਾ ਮਸ਼ਹੂਰ ਗੀਤ ਮਾੜਾ ਤੇ ਮਾੜਾ ਸੀ ਯਾਰ ਜੋ  ਏ , ਬਿਸਮਿੱਲਾ ਕਰਾਂ ਪੇਸ਼ ਕੀਤਾ । ਆਰਿਫ਼ ਲੁਹਾਰ ਆਪਣੇ ਪਿਓ ਦੀ ਯਾਦ ਚ ਕਿਹਾ ਕਿ ਉਹ ਆਪਣੇ ਪਿਓ ਨਾਲ਼ ਇਸ਼ਕ ਕਰਦੇ ਨੇ ।ਉਨ੍ਹਾਂ ਕਿਹਾ ਕਿ ਲੋਕ ਮੌਸੀਕੀ ਸਾਡੀ ਪਛਾਣ ਏਂ ਕਿਉਂ ਕਿ ਇਹਦਾ ਤਾਅਲੁੱਕ ਰੂਹ ਤੇ ਧਰਤੀ ਦੋਵਾਂ ਨਾਲ਼ ਹੈ।
ਆਰਿਫ਼ ਲੁਹਾਰ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ਤੇ  ਪਲਾਕ ਤੇ  ਏਸ ਅੌਨ ਲਾਈਨ ਸਮਾਗਮ  ਨੂੰ ਬਹੁਤ ਸਰਾਹਿਆ। ਪਿਲਾਕ ਦੀ ਡਾਇਰੈਕਟਰ ਜਨਰਲ ਡਾਕਟਰ ਸੁਗ਼ਰਾ ਸਦਫ਼ ਨੇ ਸਭ ਦਾ ਸ਼ੁਕਰੀਆ  ਅਦਾ ਕੀਤਾ ਤੇ ਕਿਹਾ ਕਿ ਪਲਾਕ ਅੱਗੇ ਵੀ ਏਸ ਤਰ੍ਹਾਂ ਦੇ ਇੰਟਰਨੈਸ਼ਨਲ ਸਿਲਸਿਲੇ ਜਾਰੀ ਰੱਖੇ ਗਾ ਤੇ ਕਰੋਨਾ ਵਬਾ ਤੋਂ ਨਿਜਾਤ ਬਾਅਦ ਆਲਮ ਲੋਹਾਰ ਦੀ ਯਾਦ ਚ  ਇਕ  ਇੰਟਰਨੈਸ਼ਨਲ ਲੋਕ ਸੰਗੀਤ ਮੇਲੇ ਦਾ ਪ੍ਰਬੰਧ ਕੀਤਾ ਜਾਵੇਗਾ।

Share