ਪੰਜਾਬੀ ਵਿਰਸਾ ਟਰੱਸਟ (ਰਜਿ:) ਵਲੋਂ ਮਾਣਮੱਤਾ ਪੱਤਰਕਾਰ ਪੁਰਸਕਾਰ-2021 ਸਤਨਾਮ ਸਿੰਘ ਮਾਣਕ ਤੇ ਚਰਨਜੀਤ ਸਿੰਘ ਭੁੱਲਰ ਨੂੰ ਪ੍ਰਦਾਨ

222
ਸਨਮਾਨ ਪ੍ਰਾਪਤ ਕਰਦੇ ਹੋਏ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ। ਉਨ੍ਹਾਂ ਦੇ ਨਾਲ ਖੜ੍ਹੇ ਹਨ ਪਦਮ ਸ਼੍ਰੀ ਸੁਰਜੀਤ ਪਾਤਰ, ਸ਼੍ਰੀ ਕੇ.ਕੇ. ਸਰਦਾਨਾ, ਟਰੱਸਟ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ, ਡਾ: ਲਖਵਿੰਦਰ ਸਿੰਘ ਜੌਹਲ, ਪਿ੍ਰੰ: ਗੁਰਮੀਤ ਸਿੰਘ ਪਲਾਹੀ ਅਤੇ ਡਾ: ਸਵਰਾਜ ਸਿੰਘ ਅਤੇ ਹੋਰ।
Share

ਫਗਵਾੜਾ, 15 ਦਸੰਬਰ (ਪੰਜਾਬ ਮੇਲ)- ਪੰਜਾਬੀ ਵਿਰਸਾ ਟਰੱਸਟ (ਰਜਿ:) ਵਲੋਂ ਮਾਣਮੱਤਾ ਪੱਤਰਕਾਰ ਪੁਰਸਕਾਰ-2021 ਇਸ ਵਰ੍ਹੇ ਸਤਨਾਮ ਸਿੰਘ ਮਾਣਕ (ਅਜੀਤ ਰੋਜ਼ਾਨਾ) ਅਤੇ ਚਰਨਜੀਤ ਸਿੰਘ ਭੁੱਲਰ (ਪੰਜਾਬੀ ਟਿ੍ਰਬਿਊਨ) ਨੂੰ ਇੱਕ ਸ਼ਾਨਦਾਰ ਸਮਾਗਮ ਦੌਰਾਨ ਫਗਵਾੜਾ ਵਿਖੇ ਅਰਪਿਤ ਕੀਤਾ ਗਿਆ। ਇਹ ਮਾਣਮੱਤਾ ਪੱਤਰਕਾਰ ਪੁਰਸਕਾਰ ਪਹਿਲੇ ਸਾਲ-2016 ’ਚ ਸ: ਨਰਪਾਲ ਸਿੰਘ ਸ਼ੇਰਗਿੱਲ, ਪ੍ਰੋ: ਜਸਵੰਤ ਸਿੰਘ ਗੰਡਮ ਨੂੰ, ਦੂਜੇ ਸਾਲ-2017 ’ਚ ਪ੍ਰੋ: ਪਿਆਰਾ ਸਿੰਘ ਭੋਗਲ, ਸ਼੍ਰੀ ਠਾਕਰ ਦਾਸ ਚਾਵਲਾ ਨੂੰ, ਤੀਜੇ ਸਾਲ-2018 ’ਚ ਡਾ: ਸਵਰਾਜ ਸਿੰਘ, ਸ. ਆਈ.ਪੀ. ਸਿੰਘ ਨੂੰ, ਚੌਥੇ ਸਾਲ-2019 ’ਚ ਡਾ: ਗਿਆਨ ਸਿੰਘ, ਸ: ਅਵਤਾਰ ਸਿੰਘ ਸ਼ੇਰਗਿੱਲ ਨੂੰ, ਪੰਜਵੇਂ ਸਾਲ-2020 ’ਚ ਡਾ: ਐੱਸ.ਐੱਸ. ਛੀਨਾ, ਸ: ਗੁਰਚਰਨ ਸਿੰਘ ਨੂਰਪੁਰ ਨੂੰ ਪ੍ਰਦਾਨ ਕੀਤਾ ਗਿਆ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਆਰਟਸ ਕੌਂਸਲ ਸਨ ਅਤੇ ਪ੍ਰਧਾਨਗੀ ਮੰਡਲ ਵਿਚ ਸੁਰਜੀਤ ਪਾਤਰ, ਪ੍ਰੋ: ਲਖਵਿੰਦਰ ਸਿੰਘ ਜੌਹਲ, ਡਾ. ਸਵਰਾਜ ਸਿੰਘ, ਸ਼੍ਰੀ ਕੇ.ਕੇ. ਸਰਦਾਨਾ, ਪ੍ਰੋ: ਜਸਵੰਤ ਸਿੰਘ ਗੰਡਮ, ਸ਼੍ਰੀ ਸਤਨਾਮ ਸਿੰਘ ਮਾਣਕ ਅਤੇ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਸ਼ਾਮਲ ਸਨ। ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਅਸ਼ੋਕ ਭੌਰਾ ਯੂ.ਐੱਸ.ਏ. ਅਤੇ ਡਾ: ਐੱਸ.ਐੱਸ. ਛੀਨਾ ਨੇ ਸ਼ਿਰਕਤ ਕੀਤੀ। ਇਸ ਸਨਮਾਨ ਸਮਾਗਮ ਵਿਚ ਸਤਨਾਮ ਸਿੰਘ ਮਾਣਕ ਅਤੇ ਚਰਨਜੀਤ ਸਿੰਘ ਭੁੱਲਰ ਨੂੰ ਗਿਆਰਾਂ-ਗਿਆਰਾਂ ਹਜ਼ਾਰ ਰੁਪਏ, ਦੁਸ਼ਾਲਾ, ਮੋਮੈਂਟੋ ਅਤੇ ਸਨਮਾਨ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰੋ: ਸਵਾਰਜ ਸਿੰਘ ਨੇ ਪੰਜਾਬੀਆਂ ਦੇ ਪ੍ਰਵਾਸ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਵਾਸ ਪੰਜਾਬੀਆਂ ਦੇ ਹਿੱਤ ਵਿਚ ਨਹੀਂ ਹੈ ਅਤੇ ਪੰਜਾਬੀਆਂ ਦਾ ਦਿਮਾਗ ਅਤੇ ਧਨ ਬਾਹਰ ਜਾ ਰਿਹਾ ਹੈ। ਨੌਜਵਾਨ ਪੜ੍ਹਾਈ ਕਰਨ ਲਈ ਨਹੀਂ, ਸਗੋਂ ਸਿਰਫ਼ ਕਮਾਈ ਲਈ ਜਾਂਦੇ ਹਨ ਤੇ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਦੇ ਹਨ। ਪੰਜਾਬੀਆਂ ਦਾ ਭਾਵੇਂ ਪੰਜਾਬ ’ਚ ਜੀਅ ਲੱਗਣੋਂ ਹੱਟ ਗਿਆ ਹੈ, ਪਰ ਲੇਖਕਾਂ, ਬੁੱਧੀਜੀਵੀਆਂ ਨੂੰ ਇੱਕ ਮੁਹਿੰਮ ਚਲਾਉਣੀ ਚਾਹੀਦੀ ਹੈ ਤੇ ਨੌਜਵਾਨਾਂ ਨੂੰ ਪੰਜਾਬ ’ਚ ਰਹਿਣ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ। ਨਹੀਂ ਤਾਂ ਪੰਜਾਬ ਦੇ ਪ੍ਰੋਫੈਸ਼ਨਲ ਕਾਲਜਾਂ, ਯੂਨੀਵਰਸਿਟੀਆਂ ਫੇਲ੍ਹ ਹੋ ਜਾਣਗੀਆਂ।
ਸਨਮਾਨ ਸਮਾਗਮ ਦੌਰਾਨ ਧੰਨਵਾਦ ਕਰਦੇ ਹੋਏ ਚੇਅਰਮੈਨ ਸ਼੍ਰੀ ਕੇ.ਕੇ. ਸਰਦਾਨਾ।

ਡਾ. ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਪੰਜਾਬ ਆਰਟ ਕੌਂਸਲ ਨੇ ਸਤਨਾਮ ਸਿੰਘ ਮਾਣਕ ਦੀਆਂ ਪੱਤਰਕਾਰੀ ਖੇਤਰ ਦੀਆਂ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਨੂੰ ਪੰਜਾਬੀ ਦਾ ਵੱਡਾ ਚਿੰਤਕ ਅਤੇ ਪੰਜਾਬ ਹਿਤੈਸ਼ੀ ਪੱਤਰਕਾਰ ਅਤੇ ਸੂਝਵਾਨ ਪੱਤਰਕਾਰ ਦਾ ਦਰਜਾ ਦਿੱਤਾ।

ਅਸ਼ੋਕ ਭੌਰਾ ਨੇ ਜਿੱਥੇ ਚਰਨਜੀਤ ਭੁੱਲਰ ਦੀਆਂ ਜ਼ਮੀਨੀ ਪੱਧਰ ’ਤੇ ਰਿਪੋਰਟਾਂ ਨੂੰ ਸਮੇਂ ਦੇ ਹਾਣ ਦੀਆਂ ਕਿਹਾ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ, ਉਥੇ ਸਤਨਾਮ ਸਿੰਘ ਮਾਣਕ ਦੇ ਪੰਜਾਬੀ ਪੱਤਰਕਾਰੀ ’ਚ ਦਿੱਤੇ ਵਿਸ਼ੇਸ਼ ਯੋਗਦਾਨ ਦੀ ਚਰਚਾ ਕੀਤੀ ਅਤੇ ਉਨ੍ਹਾਂ ਦੇ ਸੂਝਵਾਨ ਨਿਰਪੱਖ ਅਤੇ ਵਿਚਾਰਵਾਨ ਅਤੇ ਨਿਧੜਕ ਪੱਤਰਕਾਰ ਕਿਹਾ।
ਡਾ: ਐੱਸ.ਐੱਸ. ਛੀਨਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਡਾਵਾਂਡੋਲ ਹੋ ਰਹੀ ਹੈ ਅਤੇ ਸੂਝਵਾਨ ਪੱਤਰਕਾਰ ਪੰਜਾਬ ਦੇ ਬਚਾਓ ਲਈ ਕਲਮ ਚਲਾ ਰਹੇ ਹਨ। ਸਤਨਾਮ ਸਿੰਘ ਮਾਣਕ ਉਨ੍ਹਾਂ ’ਚੋਂ ਇੱਕ ਹੈ ਅਤੇ ਨੌਜਵਾਨ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਪੱਤਰਕਾਰਾਂ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਸਤਾਖ਼ਰ ਹੈ।
ਪ੍ਰੋ: ਜਸਵੰਤ ਸਿੰਘ ਗੰਡਮ ਪ੍ਰਧਾਨ ਨੇ ਕਿਹਾ ਕਿ ਸਤਨਾਮ ਸਿੰਘ ਮਾਣਕ ਪੰਜਾਬ ਦਾ ਮਾਣ ਹੈ। ਉਹ ਦਿਲੋਂ ਉਨ੍ਹਾਂ ਬੁਰਾਈਆਂ ਵਿਰੁੱਧ ਜੰਗ ਲੜਦਾ ਹੈ, ਜਿਸਨੂੰ ਉਹ ਗਲਤ ਸਮਝਦਾ ਹੈ। ਭੁੱਲਰ ਨੇ ਪੰਜਾਬੀ ਪੱਤਰਕਾਰ ’ਚ ਨਵੇਂ ਦਿਸਹੱਦੇ ਕਾਇਮ ਕੀਤੇ ਹਨ।
ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਪੱਤਰਕਾਰੀ ਦੇ ਖੇਤਰ ’ਚ ਸਤਨਾਮ ਸਿੰਘ ਮਾਣਕ ਤੇ ਚਰਨਜੀਤ ਭੁੱਲਰ ਦੇ ਰੋਲ ਨੂੰ ਬਿਆਨਦਿਆਂ ਉਨ੍ਹਾਂ ਨੂੰ ਸਮੇਂ ਦੇ ਹਾਣੀ ਕਰਾਰ ਦਿੱਤਾ। ਉਨ੍ਹਾਂ ਸਤਨਾਮ ਸਿੰਘ ਮਾਣਕ ਨੂੰ ਦਿ੍ਰੜ੍ਹ ਸੰਕਲਪੀ, ਸਿਰੜੀ ਪੱਤਰਕਾਰ ਗ਼ਰਦਾਨਿਆ ਜੋ ਆਪਣੇ ਦਿਲ ’ਚ ਪੰਜਾਬੀਆਂ ਦੇ ਦਰਦ ਨੂੰ ਲੁਕੋਈ ਬੈਠਾ ਹੈ। ਉਨ੍ਹਾਂ ਨੇ ਚਰਨਜੀਤ ਭੁੱਲਰ ਨੂੰ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਦਾ ਚਾਨਣ ਮੁਨਾਰਾ ਕਿਹਾ, ਜੋ ਨੌਜਵਾਨ ਪੱਤਰਕਾਰਾਂ ਦੀ ਪੀੜ੍ਹੀ ਦੀ ਨੁਮਾਇੰਦੀ ਕਰਦਾ ਹੈ।
ਸਤਨਾਮ ਸਿੰਘ ਮਾਣਕ ਨੇ ਪੰਜਾਬ ਦਾ ਦਰਦ ਬਿਆਨਦਿਆਂ ਪ੍ਰਵਾਸ ਕਰ ਰਹੇ ਨੌਜਵਾਨਾਂ ਅਤੇ ਕਿਸਾਨ ਸੰਘਰਸ਼ ਦੀ ਬਾਤ ਪਾਈ। ਪੰਜਾਬੀ ਬੋਲੀ ਨੂੰ ਸਹੀ ਸਥਾਨ ਦੁਆਉਣ ਲਈ ਯਤਨ ਕਰਨ ਲਈ ਸੰਘਰਸ਼ ਕਰਨ ਦਾ ਲੇਖਕਾਂ/ਪੱਤਰਕਾਰਾਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇਸ਼ ਵਿਚ ਘੱਟ ਗਿਣਤੀਆਂ ਭਾਈਚਾਰੇ ਉਤੇ ਉਸੇ ਤਰ੍ਹਾਂ ਹਮਲੇ ਹੋ ਰਹੇ ਹਨ, ਜਿਵੇਂ ਪਾਕਿਸਤਾਨ ਵਿਚ। ਉਨ੍ਹਾਂ ਨੇ ਸੂਬਿਆਂ ਦੇ ਅਧਿਕਾਰ ਖੋਹੇ ਜਾਣ ਦੀ ਵੀ ਚਰਚਾ ਕੀਤੀ ਅਤੇ ਪੰਜਾਬ ਦੇ ਮੌਜੂਦਾ ਹਾਲਤਾਂ ਨੂੰ ਥਾਂ ਸਿਰ ਕਰਨ ਲਈ ਲੇਖਕਾਂ, ਪੱਤਰਕਾਰਾਂ ਨੂੰ ਇਕੱਠੇ ਹੋਕੇ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਪ੍ਰਧਾਨਗੀ ਸ਼ਬਦ ਬੋਲਦਿਆਂ ਸੁਰਜੀਤ ਪਾਤਰ ਨੇ ਕਾਵਿਕ ਢੰਗ ਨਾਲ ਸਰੋਤਿਆਂ ਨੂੰ ਕੀਲਿਆਂ। ਕਵਿਤਾਵਾਂ ਸੁਣਵਾਈਆਂ। ਪੰਜਾਬੀਆਂ ਦੇ ਪ੍ਰਵਾਸ ਦੀ ਗੱਲ ਕੀਤੀ ਅਤੇ ਸਤਨਾਮ ਸਿੰਘ ਮਾਣਕ ਦੇ ਪੱਤਰਕਾਰੀ ਖੇਤਰ ’ਚ ਦਿੱਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਤਨਾਮ ਸਿੰਘ ਮਾਣਕ ਸਚਮੁੱਚ ਮਾਣਮੱਤਾ ਪੱਤਰਕਾਰ ਹੈ ਅਤੇ ਉਸਦੀ ਪ੍ਰਾਪਤੀਆਂ ਕਾਰਨ ਪੰਜਾਬੀ ਵਿਰਸਾ ਟਰੱਸਟ ਵਲੋਂ ਦਿੱਤੇ ਸਨਮਾਨ ਦਾ ਉਹ ਹੱਕਦਾਰ ਹੈ। ਚਰਨਜੀਤ ਸਿੰਘ ਭੁੱਲਰ ਦੀਆਂ ਪ੍ਰਾਪਤੀਆਂ ਵੀ ਘੱਟ ਨਹੀਂ। ਇਸ ਨੌਜਵਾਨ ਪੱਤਰਕਾਰ ਨੇ ਪੱਤਰਕਾਰੀ ਦੇ ਖੇਤਰ ’ਚ ਵੱਖਰੀ ਕਿਸਮ ਦੀਆਂ ਪੁਲਾਂਘਾਂ ਪੁੱਟੀਆਂ ਹਨ। ਇਸ ਸਨਮਾਨ ਸਮਾਗਮ ਵਿਚ ਹੋਰਨਾਂ ਤੋਂ ਬਿਨ੍ਹਾਂ ਪਰਵਿੰਦਰ ਜੀਤ ਸਿੰਘ, ਲੇਖਕ ਰਵਿੰਦਰ ਚੋਟ, ਐਡਵੋਕੇਟ ਐੱਸ.ਐੱਲ. ਵਿਰਦੀ, ਦਰਸ਼ਨ ਰਿਆੜ, ਬਲਦੇਵ ਰਾਜ ਕੋਮਲ, ਡਾ. ਕੈਲਾਸ਼ ਭਾਰਦਵਾਜ, ਨਰਿੰਦਰ ਸੈਣੀ, ਲਛਕਰ ਢੰਡਵਾੜਵੀ, ਗੁਰਮੀਤ ਰੱਤੂ, ਤਰੁਣ ਮਹਿਤਾ, ਇੰਦੂ ਮਹਿਤਾ, ਮਲਕੀਤ ਸਿੰਘ ਅਪਰਾ, ਪ੍ਰੋ. ਬਲਰਾਮ ਵੈਦ, ਸੁਖਵਿੰਦਰ ਸਿੰਘ ਸੱਲ, ਗੋਬਿੰਦ ਸਿੰਘ ਸੱਲ, ਰਵੀਪਾਲ ਪ੍ਰਧਾਨ, ਠਾਕੁਰ ਦਾਸ ਚਾਵਲਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Share