ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਮਾਂ-ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ

89
Share

ਸਿਆਟਲ, 13 ਮਈ (ਪੰਜਾਬ ਮੇਲ)- ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਮਾਂ-ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਪੱਧਰ ਦਾ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੇਸ਼-ਵਿਦੇਸ਼ ਦੇ ਸਾਹਿਤਕਾਰਾਂ ਨੇ ਹਿੱਸਾ ਲਿਆ। ਆਪਣੀਆਂ ਰਚਨਾਵਾਂ ਰਾਹੀਂ ਸਭ ਨੇ ਮਾਵਾਂ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਦੀ ਲੜੀ ਨੂੰ ਕਾਇਮ ਰੱਖਦਿਆਂ, ਜੂਮ ਰਾਹੀਂ ਕੀਤੇ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਡਾ. ਜੇ.ਬੀ. ਸਿੰਘ ਨੇ ਸੰਸਾਰ ਦੀਆਂ ਕੁੱਲ ਮਾਵਾਂ ਨੂੰ ਸੀਸ ਝੁਕਾਉਦਿਆਂ, ਸ਼ਿਰਕਤ ਕਰ ਰਹੇ ਸਾਰੇ ਲੇਖਕਾਂ ਕਵੀਆਂ ਨੂੰ ਜੀ ਆਇਆਂ ਕਿਹਾ। ਸਭਾ ਦੇ ਸਤਿਕਾਰਤ ਅਹੁਦੇਦਾਰ ਹਰਦਿਆਲ ਸਿੰਘ ਚੀਮਾ ਦੇ ‘ਮਾਂ’ ਬਾਰੇ ਲਿਖੇ ਗੀਤ ਜੋ ਕਿ ਪ੍ਰਸਿੱਧ ਗਾਇਕਾ ਗੁਲਸ਼ਨ ਕੋਮਲ ਦੀ ਆਵਾਜ਼ ’ਚ ਰਿਕਾਰਡ ਹੋਇਆ ਹੈ, ਨੂੰ ਸਭਾ ਦੇ ਜਨਰਲ ਸਕੱਤਰ ਜੋ ਕਿ ਪ੍ਰੋਗਰਾਮ ਨੂੰ ਸੰਚਾਲਨ ਕਰ ਰਹੇ ਸਨ, ਨੇ ਸਮਾਰਟ ਫੋਨ ਰਾਹੀਂ ਸਾਰਿਆਂ ਦੇ ਸਨਮੁੱਖ ਰੱਖਿਆ। ਆਪਣੇ ਇਲਾਕੇ ਫਰੀਦਕੋਟ (ਪੰਜਾਬ, ਭਾਰਤ) ਵਿਚ ਮਈ ਮਹੀਨੇ ਤੋਂ ਵਗਣ ਲੱਗਦੀਆਂ ਤੱਤੀਆਂ ਲੋਆਂ ਸਮੇਂ ਮਾਂ ਦੀ ਬੁਕਲ ’ਚ ਮਿਲਦੇ ਸਕੂਨ ਨੂੰ ਰਾਜਨਦੀਪ ਕੌਰ ਮਾਨ ਨੇ ਆਪਣੇ ਗੀਤ ਰਾਹੀਂ ਯਾਦ ਕੀਤਾ, ਤਾਂ ਦਿੱਲੀ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਪ੍ਰੀਤਮਾ ਦਿੱਲੀ ਨੇ ਹਾਸਿਆਂ ਵੰਡਣ ਦੇ ਸੋਮੇ ਮਾਂ ਦੀਆਂ ਠੰਡੀਆਂ ਛਾਵਾਂ ਦੇ ਆਨੰਦ ਨੂੰ ਤਰੋਤਾਜ਼ਾ ਕੀਤਾ। ‘ਮਾਂ ਹੈ ਠੰਡੜੀ ਛਾਂ ਜਿਨ੍ਹਾਂ ਨੇ ਮਾਨ ਲਈ, ਮਮਤਾ ਦੀ ਕੀਮਤ ਉਨ੍ਹਾਂ ਨੇ ਜਾਣ ਲਈ’ ਜਿੱਥੇ ਮਿੱਠੀ ਪਿਆਰੀ ਆਵਾਜ਼ ਵਿਚ ਪਟਿਆਲਾ ਤੋਂ ਸੁਖਵਿੰਦਰ ਆਹੀ ਨੇ ਗੀਤ ਦਾ ਰੰਗ ਬੰਨ੍ਹਿਆ, ਉਥੇ ਪ੍ਰਦੇਸੀ ਜਾ ਵੱਸੇ ਪੁੱਤਰਾਂ ਦਾ ਮੁੱਖ ਵੇਖਣ ਲਈ ਤਰਸਦੀਆਂ ਮਾਂਵਾਂ ਦੀਆਂ ਅੱਖਾਂ ਦਾ ਦਿ੍ਰਸ਼ ਤਰਨਜੀਤ ਗਿੱਲ ਨੇ ਸਾਹਮਣੇ ਸਾਕਾਰ ਕਰ ਦਿੱਤਾ। ਸਾਊਥ ਕੋਰੀਆ ਤੋਂ ਅਮਨਬੀਰ ਸਿੰਘ ਧਾਮੀ ਨੇ, ‘ਮਾਂ ਦੇ ਦੇਣ ਨਾ ਦੇ ਸਕਦਾ, ਜੀਹਨੇ ਸਾਹਾਂ ਦੇ ਨਾਲ ਪਾਲਿਆ ਏ’ ਗੀਤ ਰਾਹੀਂ ਆਪਣੇ ਜਜ਼ਬਾਤ ਸਾਂਝੇ ਕੀਤੇ, ਤਾਂ ਡਾ. ਜੇ.ਬੀ. ਸਿੰਘ ਨੇ ਆਪਣੀ ਕਵਿਤਾ ਰਾਹੀਂ ਸੰਸਾਰ ਦੀ ਵੱਡੀ ਮਾਂ ਧਰਤੀ ਨੂੰ ਵਿਸ਼ ਕੀਤਾ। ਡਾ. ਸੁਖਬੀਰ ਬੀਹਲਾ ਨੇ ਕੁਦਰਤ ਦੀ ਕਾਇਨਾਤ ਵਿਚ ਵੱਸਦੀ ਮਾਂ ਦੀ ਮਮਤਾ ਦੇ ਦਰਸ਼ਨ ਆਪਣੀ ਨਜ਼ਮ ਰਾਹੀਂ ਕਰਵਾਏ, ਤਾਂ ਸਭਾ ਦੇ ਸਹਾਇਕ ਸਕੱਤਰ ਸਾਧੂ ਸਿੰਘ ਝੱਜ ਨੇ ਆਪਣੀ ਕਵਿਤਾ ਰਾਹੀਂ ਮਾਂ ਦੀ ਆਉਂਦੀ ਯਾਦ ’ਤੇ ਭਾਵੁਕ ਹੋ ਜਾਣ ਦਾ ਜ਼ਿਕਰ ਕੀਤਾ। ਮੰਗਤ ਕੁਲਜਿੰਦ ਸੰਪਾਦਕ ਸ਼ਬਦ ਤਿ੍ਰੰਜਣ ਨੇ ਆਪਣੇ ਹਾਸ-ਰਸੀ ਕਾਵਿ ਰਾਹੀਂ ਭਾਵਕ ਹੋਏ ਮਾਹੌਲ ਨੂੰ ਕੁਝ ਹਲਕਾ ਕੀਤਾ ਅਤੇ ਮਹਾਂ-ਮਾਰੀ ਕੋਰੋਨੇ ’ਤੇ ਵੀ ਭਾਰੀ ਪੈਂਦੀ ਮਾਂ ਦੀ ਮਮਤਾ ਨੂੰ ਆਪਣੇ ਗੀਤ ਦਾ ਵਿਸ਼ਾ ਬਣਾਇਆ। ਇਸ ਵਹਿੰਦੇ ਕਾਵਿ ਦਰਿਆ ਵਿਚ ਲੱਕੀ ਕਮਲ ਨੇ ਆਪਣੇ ਵਾਰਤਕ ਲੇਖ ‘ਮਾਂ’ ਰਾਹੀਂ ਮਾਂ ਦੀ ਮਮਤਾ ਦੇ ਵੱਖ-ਵੱਖ ਪਹਿਲੂਆਂ ਦੇ ਗੁਣਗਾਣ ਕੀਤੇ। ਪੁੰਗਰਦੇ ਹਰਫ਼ (ਵਿਸ਼ਵ ਕਾਵਿ-ਮਹਿਫਲ) ਦੀ ਪ੍ਰਧਾਨ ਰਮਨਦੀਪ ਕੌਰ ਰੰਮੀ ਗਿੱਦੜਬਾਹਾ ਨੇ ਮਾਂ ਬੋਲੀ ਪੰਜਾਬੀ ਕਵਿਤਾ ਰਾਹੀਂ ਮਾਂ ਦਿਵਸ ਨੂੰ ਯਾਦ ਕੀਤਾ ਤੇ ਨਾਲ ਦੀ ਨਾਲ ਰੂਹਾਨੀਅਤ ਨਾਲ ਸੰਬੰਧਿਤ ਕਾਵਿ ਪੇਸ਼ ਕੀਤਾ। ਤਰਵਿੰਦਰ ਕੌਰ ਝੰਡੋਕ ਨੇ ਦਿਲ ਦੇ ਕਰੀਬ ਵੱਸਦੀਆਂ ਮਾਵਾਂ ਦੀ ਮਮਤਾ ਨੂੰ ਆਪਣੀ ਕਵਿਤਾ ਵਿਚ ਖੂਬਸੂਰਤ ਸ਼ਬਦਾਂ ਵਿਚ ਪਰੋਅ ਕੇ ਪੇਸ਼ ਕੀਤਾ। ਪ੍ਰਸਿੱਧ ਸ਼ਾਇਰ ਦੀ ਰਚਨਾ ‘ਕੀ ਫਾਇਦਾ ਏ ਉਨ੍ਹਾਂ ਪੁੱਤਾਂ ਦਾ ਰੁਲਣ ਜਿਨ੍ਹਾਂ ਦੇ ਪਿਉ, ਮਾੜਾ ਪੁੱਤ ਨਾ ਦੇਈਂ ਰੱਬਾ ਧੀਆਂ ਦੇ ਦੇਈਂ ਭਾਵੇਂ ਦੋ’ ਨੂੰ ਤਰੰਨਮ ’ਚ ਗਾ ਕੇ ਬਲਿਹਾਰ ਸਿੰਘ ਲੇਹਲ ਨੇ ਮਾਪਿਆਂ ਦੀ ਮਹਾਨਤਾ ਦਾ ਜ਼ਿਕਰ ਕੀਤਾ। ਲਿਖਾਰੀ ਸਭਾ ਦੇ ਫੇਸਬੁੱਕ ਪੇਜ ਉੱਤੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਅਤੇ ਹੁਣ ਵੀ ਵੇਖਿਆ ਜਾ ਸਕਦਾ ਹੈ। ਅਖੀਰ ਵਿਚ ਸਭਾ ਦੇ ਪ੍ਰਧਾਨ ਨੇ, ਮਾਂ-ਮਮਤਾ ਦੀ ਨਿੱਘ ਜਿਹੇ ਸ਼ਬਦਾਂ ਵਿਚ ਭਾਗ ਲੈਣ ਵਾਲੇ ਲਿਖਾਰੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।

Share