ਪੰਜਾਬੀ ਲਿਖਾਰੀ ਸਭਾ ਸਿਆਟਲ (ਯੂ.ਐੱਸ.ਏ.) ਦਾ ਅੰਤਰਰਾਸ਼ਟਰੀ ਕਵੀ ਦਰਬਾਰ ਜੂਮ ਰਾਹੀਂ ਕਰਵਾਇਆ

1210
Share

ਸਿਆਟਲ, 10 ਜੂਨ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਮਾਜਿਕ-ਦੂਰੀ ਬਣਾ ਕੇ ਰੱਖਦਿਆਂ ਆਪਣੇ ਮਿਲਣ ਮਿਲਾਉਣ ਦੀ ਤਮੰਨਾ ਨੂੰ ਪੂਰਾ ਕਰਨ ਲਈ ‘ਜੂਮ-ਯੂ.ਐੱਸ.’ ਤਕਨੀਕ ਦੇ ਰਾਹੀ ‘ਪੰਜਾਬੀ ਲਿਖਾਰੀ ਸਭਾ ਸਿਆਟਲ (ਵਾਸ਼ਿੰਗਟਨ, ਅਮਰੀਕਾ) ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਭਾਰਤ, ਪਾਕਿਸਤਾਨ ਦੇਸ਼ਾਂ ਦੇ ਸਾਹਿਤਕਾਰਾਂ ਨੂੰ ਇਕ ਦੂਜੇ ਦੇ ਰੂ-ਬਰੂ ਕਰਕੇ, ਸਾਰੇ ਦੇਸ਼ਾਂ ਦੇ ਵੱਖ-ਵੱਖ ਟਾਈਮ ਨੂੰ ਇਕਮਿਕ ਕਰਦਿਆਂ ਲੱਗਭੱਗ ਤਿੰਨ ਘੰਟਿਆਂ ਤੱਕ ਸਾਹਿਤਕ ਮਿਲਣੀ ਅਤੇ ਅੰਤਰਰਾਸ਼ਟਰੀ ਕਵੀ ਦਰਬਾਰ ਕੀਤਾ। ਲਿਖਾਰੀ ਸਭਾ ਦੇ ਫੇਸਬੁੱਕ ਪੇਜ ਉੱਤੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਅਤੇ ਹੁਣ ਵੀ ਵੇਖਿਆ ਜਾ ਸਕਦਾ ਹੈ। ਸਭਾ ਦੇ ਪ੍ਰਧਾਨ ਡਾ. ਜੇ.ਬੀ. ਸਿੰਘ ਅਤੇ ਸਭਾ ਦੇ ਜਨਰਲ ਸਕੱਤਰ ਬਲਿਹਾਰ ਸਿੰਘ ਲੇਹਲ ਨੇ ਸਿਆਟਲ ‘ਚ ਬੈਠਿਆਂ ਕਾਰਵਾਈ ਚਲਾਈ, ਉਥੇ ਇੰਡੀਆ ‘ਚ ਬਠਿੰਡਾ ਤੋਂ ਮੰਗਤ ਕੁਲਜਿੰਦ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਡਾ. ਜੇ.ਬੀ. ਸਿੰਘ ਜੀ ਨੇ ਜੂਨ ਚੁਰਾਸੀ ਦੀਆਂ ਅਤੇ ਹਾਲ ਹੀ ਵਿਚ ਅਮਰੀਕਾ ਵਿਚ ਵਾਪਰੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ। ਸੰਸਾਰ ਵਿਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਰਦਾਸ ਕੀਤੀ।
ਪ੍ਰੋਗਰਾਮ ‘ਚ ਖਾਸ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰ ਰਹੇ ਕਈ ਕਿਤਾਬਾਂ ਦੇ ਰਚੇਤਾ ਵੁਲਵਰਹੈਂਪਟਨ, ਇੰਗਲੈਂਡ ਤੋਂ ਡਾ. ਮਹਿੰਦਰ ਗਿੱਲ ਨੇ ਕੁਝ ਦਿਨ ਪਹਿਲਾਂ ਦੁਨੀਆਂ ਨੂੰ ਅਲਵਿਦਾ ਕਹਿ ਗਏ ਇੰਗਲੈਂਡ ਵੱਸਦੇ ਪੰਜਾਬੀ ਹਾਸਰਸ ਅਤੇ ਵਿਅੰਗ ਦੇ ਸਿਰਤਾਜ ਇੰਦਰਜੀਤ ਸਿੰਘ ਜੀਤ (ਸੰਪਾਦਕ ‘ਮੀਰਜ਼ਾਦਾ’ ਹਾਸ ਵਿਅੰਗ ਮੈਗਜ਼ੀਨ) ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਆਪਣੀਆਂ ਕਾਵਿ ਰਚਨਾਵਾਂ ਦਾ ਪਾਠ ਵੀ ਕੀਤਾ। ਆਸਟ੍ਰੇਲੀਆ ਤੋਂ ਅਮਰਦੀਪ ਸਿੰਘ ਨੇ ‘ਬੜਾ ਕੁਝ ਹੋਰ ਬਾਕੀ ਐ…’ ਗ਼ਜ਼ਲ ਦੇ ਸ਼ੇਅਰਾਂ ਨਾਲ ਰੰਗ ਬੰਨਿਆ।
‘ਕੈਦੀਆਂ ਵਾਂਗੂੰ ਉਮਰ ਹੰਢਾਈ ਜਾਂਦੇ ਹਾਂ, ਆਪਣੇ ਘਰ ਨੂੰ ਜੇਲ੍ਹ ਬਣਾਈ ਜਾਂਦੇ ਹਾਂ’ ਵਰਗੇ ਖੂਬਸੂਰਤ ਸ਼ੇਅਰ ਜਦ ਇਸਲਾਮਾਬਾਦ ਪਾਕਿਸਤਾਨ ਤੋਂ ਖਾਸ ਮਹਿਮਾਨ ਅਜ਼ਮ ਮਲਿਕ ਜੀ ਨੇ ਜੀਭਾ ਤੋਂ ਉਚਰੇ, ਤਾਂ ਵਾਹ-ਵਾਹ ਦਾ ਦੌਰ ਚੱਲ ਪਿਆ। ਫਿਰ ਭਲਾ ਬਰੈਂਪਟਨ ਕੈਨੇਡਾ ਵਾਸੀ ਭੁਪਿੰਦਰ ਦੂਲੇ ਜੀ ਆਪਣੀਆਂ ਭਾਵਨਾਵਾਂ ਵਿਅਕਤ ਕਰਨ ਤੋਂ ਕਿਵੇਂ ਰੁੱਕ ਸਕਦੇ ਸਨ? ‘ਅਜੇ ਤਾਂ ਦੂਰ ਕਾਫੀ ਹੈ ਸਵੇਰਾ, ਅਜੇ ਤਾਂ ਜਲਜਲੇ ਵੀ ਆ ਰਹੇ’ ਵਰਗੇ ਸ਼ੇਅਰਾਂ ਦੀ ਗ਼ਜ਼ਲ ਮਹਿਕ ਖਿਲਾਰ ਰਹੀ ਸੀ। ਬੈਲਵਿਊ, ਅਮਰੀਕਾ ਤੋਂ ਰਾਹੁਲ ਉੱਪਧਿਆਇ ਨੇ ਧਰਤੀ ਦੇ ਕੋਨੇ-ਕੋਨੇ ਨੂੰ ਢੂੰਡਣ ਵਾਲੀ ਤਕਨੀਕ ਜੀ.ਪੀ.ਐੱਸ. ਨੂੰ ਨਵੇਂ ਐਂਗਲ ਤੋਂ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਚੰਡੀਗੜ੍ਹ ਦੇ ਦੂਰਦਰਸ਼ਨ ਦੇ ਮੁਸ਼ਾਇਰਿਆਂ ਦਾ ਸ਼ਿੰਗਾਰ ਬਣਦੇ ਰਾਜਬੀਰ ਸਿੰਘ ਰਾਜ ਨੇ ‘ਹਮਨੇ ਬਹੁਤ ਸੰਭਾਲ ਕਰ ਰੱਖਾ ਥਾ ਫਾਸਲਾ, ਤੁਮ ਰੂ-ਬਰੂ ਹੂਏ ਤੋ ਇਰਾਦੇ ਬਦਲ ਗਏ।’ ਵਰਗੇ ਦਿਲ ਦੀ ਧੜਕਣ ਵਧਾ ਦੇਣ ਵਾਲੇ ਸ਼ੇਅਰ ਪੇਸ਼ ਕੀਤੇ, ਤਾਂ ਕਵੀ ਦਰਬਾਰ ‘ਚ ਸਭ ਦਾ ਦਿਲ ਜਿੱਤ ਲਿਆ। ਸਦੀਆਂ ਤੋਂ ਸਰਕਾਰਾਂ ਦੀਆਂ ਕੋਝੀਆਂ ਹਰਕਤਾਂ ਨਾਲ ਲਹੂ-ਲੁਹਾਨ ਹੋ ਰਹੀ ਮਾਨਵਤਾ ਦੀ ਗੱਲ ਪਾਉਂਦੀ ਸੀ ਹਰਦਿਆਲ ਸਿੰਘ ਚੀਮਾ ਜੀ ਦੀ ਕਵਿਤਾ- ‘ਰਾਜੇ ਸੀਂਹ ਮੁਕੱਦਮ ਕੁੱਤੇ’। ਜਦੋਂਕਿ ਸਭਾ ਦੇ ਜੁਆਇੰਟ ਸਕੱਤਰ ਸਾਧੂ ਸਿੰਘ ਝੱਜ ਨੇ ਆਪਣੀ ਨਜ਼ਮ ਰਾਹੀਂ ਉਪਰ ਵਾਲੇ ਦੀਆਂ ਰਹਿਮਤਾਂ ਨੂੰ ਮਾਨਵਤਾ ਲਈ ਬਖਸ਼ਿਸ਼ ਮੰਨਦਿਆ ਉਸ ਦੇ ਭਾਣੇ ‘ਚ ਰਹਿਣ ਦੀ ਅਰਜ਼ ਕੀਤੀ। ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ‘ਤੇ ਬੈਠ ਧਰਮ ਕੌਮ ਲਈ ਸ਼ਹੀਦ ਹੋਣਾ ਅੱਜ ਵੀ ਸਾਡੇ ਮਨਾਂ ਨੂੰ ਟੁੰਬਦਾ ਹੈ, ਜਦੋਂ ਸ਼ਿੰਗਾਰ ਸਿੰਘ ਸਿੱਧੂ ਇਸ ਨੂੰ ਆਪਣੇ ਗੀਤ ਰਾਹੀਂ ਪੇਸ਼ ਕਰਦੇ ਹਨ, ਤਾਂ ਸਭ ਦਾ ਸਿਰ ਸ਼ਰਧਾ ਨਾਲ ਝੁੱਕ ਜਾਂਦਾ ਹੈ। ‘ਰੱਬਾ ਰੱਬਾ ਮੀਂਹ ਵਰਸਾ ਦੇ, ਉਸ ਵਿਚ ਸੈਨੇਟਾਈਜ਼ਰ ਪਾਦੇ’ ਡਾ. ਪ੍ਰੇਮ ਕੁਮਾਰ ਆਪਣੀ ਨਜ਼ਮ ਰਾਹੀਂ ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਬੱਚਾ ਬਣ ਕੇ ਰੱਬ ਨੂੰ ਅਰਜ਼ ਕਰਨਾ ਲੋਚਦੇ ਹਨ। ‘ਸੋਹਣੀ ਮਲੂਕ ਤੇ ਪਿਆਰੀ ਜ਼ਿੰਦੜੀ, ਉਹਦੇ ਉਤੋਂ ਵਾਰੀ ਜ਼ਿੰਦੜੀ’ ਸੈਕਰਾਮੈਟੋਂ ਦੇ ਕਵੀ ਮਕਸੂਦ ਅਲੀ ਜੀ ਦੀ ਕਵਿਤਾ ਨੇ ਸਭ ਨੂੰ ਸਸਪੈਂਸ ਵਿਚ ਪਾ ਦਿੱਤਾ ਕਿ ਉਹ ਕੌਣ ਹੈ? ਸਭਾ ਦੇ ਵਾਈਸ ਪ੍ਰਧਾਨ ਹਰਪਾਲ ਸਿੱਧੂ ਜੀ ਨੇ ਖੁੱਲ੍ਹੀ ਕਵਿਤਾ ‘ਭਾਲ’ ਰਾਹੀਂ ਆਪਣੇ ਜਜ਼ਬਾਤ ਸਾਂਝੇ ਕੀਤੇ। ਟਰਾਂਸਪੋਰਟ ਦੀ ਦੁਨੀਆਂ ਵਿਚ ਸਫਰ ਕਰਦਿਆਂ ਵੀ ਲਖਵੀਰ ਲੱਕੀ ਜੀ ਨੇ ਘਰਵਾਲੀ ਦੀ ਮੁਹੱਬਤ, ਘਾਲਣਾ, ਕੁਰਬਾਨੀ ਅਤੇ ਉਸਦੀ ਮਿਹਨਤ ਨੂੰ ਆਪਣੀ ਕਵਿਤਾ ਰਾਹੀਂ ਬੜੀ ਹੀ ਸ਼ਿੱਦਤ ਨਾਲ ਯਾਦ ਕੀਤਾ। ਅੱਜ ਦੇ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਫਰੰਟ ਲਾਈਨ ‘ਤੇ ਲੜਾਈ ਲੜ ਰਹੇ ਡਾ. ਸੁਖਬੀਰ ਸਿੰਘ ਬੀਹਲਾ ਜੀ ਨੇ ‘ਡੌਲ ਹਾਊਸ’ ਕਵਿਤਾ ਰਾਹੀਂ ਆਦਮੀ ਦੇ ਮਨ ਦੀਆਂ ਪਰਤਾਂ ਦੀ ਫਰੋਲਾ-ਫਰਾਲੀ ਕੀਤੀ।
ਹਕੂਮਤਾਂ ਦੀਆਂ ਕਮੀਨਗੀਆਂ ਅਤੇ ਲਾਲਚੀ ਨੀਤਾਂ ਦੇ ਮਾਲਕ ਨੇਤਾਵਾਂ ਉਪਰ ਆਪਣੀ ਕਵਿਤਾ ਰਾਹੀਂ ਸੁਖਵਿੰਦਰ ਬੋਦਲਾਵਾਲਾਂ ਜੀ ਨੇ ਵਿਅੰਗ ਬਾਣਾਂ ਦੀ ਵਰਖਾ ਕੀਤੀ। ਕਵਿੱਤਰੀ ਸੁਖਵਿੰਦਰ ਆਹੀ ਨੇ ‘ਜਿਨ੍ਹਾਂ ਦੀਆਂ ਤਿੜਕੀਆਂ ਕੰਧਾਂ ਉਨ੍ਹਾਂ ਦੇ ਘਰ ਨਹੀਂ ਹੁੰਦੇ, ਜਿਹੜੇ ਅਸਮਾਨੋਂ ਡਿੱਗਦੇ ਉਨ੍ਹਾਂ ਦੇ ਪਰ ਨਹੀਂ ਹੁੰਦੇ’, ਗ਼ਜ਼ਲ ਸੁਣਾ ਕੇ ਮਾਹੌਲ ਨੂੰ ਸੁਰਮਈ ਬਣਾ ਦਿੱਤਾ ਤੇ ਉਦੋਂ ਹੀ ਜਯੋਤੀ ਪਾਲ ਨੇ ਹਰਮੋਨੀਅਮ ਦੀਆਂ ਸੁਰਾਂ ਦੇ ਸਾਥ ਨਾਲ ਸੂਫੀ ਰੰਗ ਦੀ ਨਜ਼ਮ ਪੇਸ਼ ਕੀਤੀ। ਬਠਿੰਡਾ (ਭਾਰਤ) ਬੈਠੇ ਸਭਾ ਦੇ ਮੈਂਬਰ ਮੰਗਤ ਕੁਲਜਿੰਦ ਨੇ ਆਪਣੀ ਨਵੀਂ ਲਿਖੀ ਗ਼ਜ਼ਲ ਦੇ ਸ਼ੇਅਰਾਂ ਨਾਲ ‘ਪਸ਼ੂ ਪੰਛੀਆਂ ਆਜ਼ਾਦ ਫਿਜ਼ਾ ਦਾ, ਹੁਣ ਹੈ ਆਨੰਦ ਮਨਾਇਆ, ਮਾਨਵ ਦੇ ਜਦ ਰੂਪ ਸਾਰੇ, ਚਾਰ ਦੀਵਾਰੀਂ ਤੜ ਗਏ’। ਕੋਰੋਨਾ ਮਹਾਂਮਾਰੀ ਦੇ ਚਿਰ-ਸਥਾਈ ਪ੍ਰਭਾਵਾਂ ਦੀ ਨਕਸ਼ਾਨਵੀਸੀ ਕੀਤੀ। ਸਭਾ ਦੇ ਪ੍ਰਧਾਨ ਡਾ. ਜੇ.ਬੀ. ਸਿੰਘ ਨੇ ‘ਅਨੁਸ਼ਾਸ਼ਨ’ ਕਵਿਤਾ ਰਾਹੀਂ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ‘ਚੋਂ ਕਸ਼ੀਦੇ ਵਿਚਾਰਾਂ ਨੂੰ ਪੇਸ਼ ਕੀਤਾ।


Share