ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦੀ ਪਲੇਠੀ ਔਨ ਲਾਈਨ ਸਾਹਿਤਕ ਮਿਲਣੀ –

784
Share

ਸਿਆਟਲ, 25 ਅਪ੍ਰੈਲ (ਬਲਿਹਾਰ ਸਿੰਘ ਲੇਹਲ/ਪੰਜਾਬ ਮੇਲ)- ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖਦਿਆਂ ਕੋਵਿਡ -19 (ਕਰੋਨਾ ਵਾਇਰਸ) ਕਾਰਨ ਪੂਰੇ ਵਿਸ਼ਵ ਵਿਚ ਸੰਕਟ ਦਾ ਸਮਾਂ ਹੈ।ਹਰ ਦੇਸ਼ ਹੀ ਇਸ ਸਮੱਸਿਆ ਨਾਲ ਦੋ ਚਾਰ ਹੋ ਰਿਹਾ ਹੈ।ਅਜਿਹੇ ਸਮੇਂ ਵਿਚ ਸਮੁੱਚੇ ਕਾਰਜ ਠੱਪ ਹੋ ਕੇ ਰਹਿ ਗਏ ਹਨ।ਮਨੁੱਖ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹਨ।ਅਮ੍ਰੀਕਾ ਵਿੱਚ ਕੋਈ ਵੀ ਇਕੱਠ ਕਰਨ ਦੀ ਸਰਕਾਰ ਵਲੋਂ ਮਨਾਹੀ ਹੈ। ਇੱਕ ਦੂਸਰੇ ਤੋਂ ਛੇ ਫੁੱਟ ਦੂਰ ਰਹਿਣ ਦੀਆਂ ਹਦਾਇਤਾਂ ਹਨ। ਇਸ ਸਭ ਕਾਸੇ ਉਪਰ ਵਿਚਾਰ ਕਰਦਿਆਂ ਅਤੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦੇ ਅਹੁਦੇਦਾਰਾਂ ਨੇ ਆਪਣੀ ਸਾਹਿਤਕ ਮੀਟਿੰਗ ਅਤੇ ਕਵੀ ਦਰਬਾਰ ਜ਼ੂਮ ਐਪ ਰਾਹੀਂ ਆਨਲਾਈਨ ਇਸ ਐਤਵਾਰ 04-19-2020 ਨੂੰ ਕੀਤਾ।ਜਿਸ ਵਿਚ ਸਿਆਟਲ ਤੋਂ ਇਲਾਵਾ ਕੈਲੀਫੋਰਨੀਆਂ ਅਤੇ ਪੰਜਾਬ (ਭਾਰਤ) ਤੋਂ ਵੱਖ ਵੱਖ ਲੇਖਕਾਂ ਨੇ ਸ਼ਮੂਲੀਅਤ ਕੀਤੀ।ਹਾਲਾਤਾਂ ਨੂੰ ਆਪਣੇ ਮੁਤਾਬਿਕ ਚਲਾਉਣ ਦੇ ਮਾਹਰ ਅਤੇ ਛੋਟੀਆਂ ਛੋਟੀਆਂ ਗੱਲਾਂ  ਨੂੰ ਸਾਹਿਤਕ ਰੂਪ ਦੇਣ ਦੀ ਕਾਬਲੀਅਤ ਦੇ ਮਾਲਕ ਸਭਾ ਦੇ ਜਨਰਲ ਸਕੱਤਰ ਬਲਿਹਾਰ ਸਿੰਘ ਲੇਹਲ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਅਜੋਕੇ ਹਾਲਾਤਾਂ ਦੀ ਗੱਲ ਕੀਤੀ।ਸ਼ਬਦਾਂ ਨੂੰ ਸ਼ਹਿਦ ਵਰਗੀ ਮਿਠਾਸ ਬਖਸ਼ਣ ਦੇ ਮਾਹਿਰ ਪ੍ਰਧਾਨ ਡਾ.ਜੇ.ਬੀ. ਸਿੰਘ ਨੇ ਸਭਾ ਵੱਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਅਤੇ ਸਮੁੱਚੇ ਵਿਸ਼ਵ ਦੇ ਇਸ ਸੰਕਟ ਵਿਚੋਂ ਨਿਕਲਣ ਦੀ ਉਮੀਦ ਪ੍ਰਗਟ ਕੀਤੀ।ਅੱਜ ਦੇ ਇਸ ਸਫਲ ਪ੍ਰੋਗਰਾਮ ਵਿੱਚ,ਤਿੰਨ ਕਿਤਾਬਾਂ ਕਾਵਿ-ਸਾਹਿਤ ਦੀਆਂ ਦੀ ਸਿਰਜਕ ਸ਼੍ਰੀਮਤੀ ਸੁਖਵਿੰਦਰ ਕੌਰ ਆਹੀ(ਪਟਿਆਲਾ ਤੋਂ), ਹਾਸ ਵਿਅੰਗ ਸਾਹਿਤ ਨੂੰ ਪ੍ਰਫੁਲਤ ਕਰਨ ਦੇ ਆਹਰੇ ਲੱਗੇ ਬਹੁ-ਵਿਧਾਵੀ ਲੇਖਕ ਮੰਗਤ ਕੁਲਜਿੰਦ(ਬਠਿੰਡਾ ਤੋਂ) ਅਤੇ ਅਨੇਕਾਂ ਰੀਕਾਰਡ ਕਰਵਾ ਚੁੱਕੇ ਗੀਤਾਂ ਦੇ ਗੀਤਕਾਰ ਬਹੁ-ਵਿਧਾਵੀ ਲੇਖਕ ਹਰਦਿਆਲ ਸਿੰਘ ਚੀਮਾ(ਮੋਗਾ ਤੋਂ) ਅਤੇ ਕੈਲੇਫੋਰਨੀਆਂ ਤੋਂ ਪ੍ਰਸਿੱਧ ਗ਼ਜ਼ਲਗੋ ਦਿਲ ਨਿਜਰ, ਸ਼ਬਦਾਂ ਨੂੰ ਮਣਕਿਆ ਵਾਂਗ ਪ੍ਰੋਣ ਦੀ ਮਾਹਰ ਜਯੋਤੀ ਪਾਲ ਸਿੰਘ ਅਤੇ ਦੋ ਪੁਸਤਕਾਂ ਗ਼ਜ਼ਲਾਂ ਦੀਆਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਉਣ ਵਾਲੇ  ਮੇਜਰ ਭੁਪਿੰਦਰ ਸਿੰਘ ਦਲੇਰ। ਸਿਆਟਲ ਦੇ ਸਾਹਿਤਕ ਹਲਕਿਆਂ ਅਤੇ ਧਾਰਮਿਕ ਹਲਕਿਆਂ ਦੀ ਜਾਣੀ ਪਹਿਚਾਣੀ ਸਖਸ਼ੀਅਤ ਹਰਸ਼ਿੰਦਰ ਸਿੰਘ ਸੰਧੂ,ਇਕ ਇਕ ਸ਼ਬਦ ਨੂੰ ਟੁਣਕਾ-ਪਰਖ ਕੇ ਲਿਖਣ ਵਾਲੇ ਪ੍ਰਿਤਪਾਲ ਸਿੰਘ ਟਿਵਾਣਾ, ਲੋਕ-ਦੁੱਖਾਂ ਦੀ ਗੱਲ ਕਰਨ ਅਤੇ ਅਨਿਆਇ ਵਿਰੁੱਧ ਬੇਝਿਜਕ ਹੋ ਕੇ ਕਲਮ ਚਲਾਉਣ ਵਾਲੇ ਅਵਤਾਰ ਸਿੰਘ ਆਦਮਪੁਰੀ, ਵਧੀਆ ਸ਼ਬਦਾਂ ਦੇ ਰਚੇਤਾ ਅਤੇ ਵਧੀਆ ਆਵਾਜ਼ ਦੇ ਮਾਲਕ ਸ਼ਿੰਦਰਪਾਲ ਸਿੰਘ ਅੋਜਲਾ,ਸ਼ਬਦਾਂ ਦੇ ਇੰਜਨੀਅਰ `ਤੇ ਜਾਦੂਗਰ ਹਰਪਾਲ ਸਿੰਘ ਸਿਧੂ,ਸੱਭਿਆਚਾਰ ਦੀ ਨਕਸ਼ਾ-ਨਵੀਸੀ ਸ਼ਬਦਾਂ ਵਿੱਚ ਕਰਨ ਵਾਲੇ ਗੋਲਡੀ ਭੁੱਲਰ,ਰਚਨਾਵਾਂ ਵਿੱਚ ਹੀ ਨਹੀਂ ਉਂਝ ਵੀ ਨਿਧੜਕ, ਸਪੱਸ਼ਟ ਗੱਲ ਕਰਨ ਵਾਲੇ ਲਾਲੀ ਸੰਧੂ  ਨੇ ਸੱਭਿਆਚਾਰਕ,ਸਾਹਿਤਕ,ਸਮਾਜਿਕ,ਧਾਰਮਿਕ,ਵਿਸ਼ਿਆਂ `ਤੇ ਲਿਖੀਆਂ ਆਪਣੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਸੁਣਾਕੇ ਪ੍ਰੋਗਰਾਮ ਦੀ ਸਫਲਤਾ ਨੂੰ ਚਾਰ ਚੰਨ ਲਾਏ।ਲੱਗਭੱਗ ਦੋ ਘੰਟੇ ਚੱਲਿਆ ਇਹ ਪ੍ਰੋਗਰਾਮ ਇਕ ਨਿਵੇਕਲੀ ਪਹਿਲ ਹੋ ਨਿਬੜਿਆ।ਸੰਸਰ ਪੱਧਰ ਤੇ ਬਣੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਸਾਹਿਤਕ ਮਿਲਣੀਆਂ ਇਸੇ ਤਰਾਂ ਕਰਨ ਲਈ ਫੈਸਲਾ ਲਿਆ ਗਿਆ।ਅਖੀਰ ਵਿੱਚ ਪ੍ਰਧਾਨ ਜੀ ਨੇ ਸੱਭ ਦਾ ਧੰਨਵਾਦ ਕੀਤਾ।


Share