ਪੰਜਾਬੀ ਮੂਲ ਦੇ ਮਨਿੰਦਰ ਸਿੱਧੂ ਨੂੰ ਕੈਨੇਡਾ ਦੀ ਸੰਸਦ ’ਚ ਮਿਲਿਆ ਅਹਿਮ ਅਹੁਦਾ

76
Share

ਓਟਵਾ, 25 ਮਾਰਚ (ਪੰਜਾਬ ਮੇਲ)-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬੀ ਮੂਲ ਦੇ ਮਨਿੰਦਰ ਸਿੱਧੂ (36) ਨੂੰ ਸੰਸਦੀ ਸਕੱਤਰ ਬਣਾਇਆ ਹੈ, ਜੋ ਕਿ ਕੌਮਾਂਤਰੀ ਵਿਕਾਸ ਮੰਤਰੀ ਕਰੀਨ ਗੋਲਡ ਦੇ ਸੰਸਦੀ ਸਕੱਤਰ ਹਨ। ਸਿੱਧੂ ਸਾਲ 2019 ਦੇ ਅਕਤੂਬਰ ਮਹੀਨੇ ਬਰੈਂਪਟਨ ਈਸਟ ਤੋਂ ਪਹਿਲੀ ਵਾਰ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਸਨ। ਨਿਯੁਕਤੀ ਮਗਰੋਂ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਉਹ ਇਹ ਸਨਮਾਨ ਪਾ ਕੇ ਖੁਸ਼ ਹਨ ਅਤੇ ਸਨਮਾਨਿਤ ਮਹਿਸੂਸ ਕਰ ਰਹੇ ਹਨ।
ਮਨਿੰਦਰ ਸਿੱਧੂ ਨੇ ਇੰਡੋ-ਕੈਨੇਡੀਅਨ ਸੰਸਦ ਮੈਂਬਰ ਕਮਲ ਖਹਿਰਾ ਦੀ ਜਗ੍ਹਾ ਲਈ ਹੈ। ਸਿੱਧੂ ਮੂਲ ਰੂਪ ਨਾਲ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਯੂਨੀਵਰਸਿਟੀ ਆਫ ਵਾਟਰਲੂ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਦੋ ਬੇਟੀਆਂ ਦੇ ਪਿਤਾ ਹਨ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ‘ਕਸਟਮ ਬ੍ਰੋਕਰੇਜ’ ਬਿਜ਼ਨੈੱਸ ਕਰਦੇ ਸੀ। ਟਰੂਡੋ ਦੀ ਕੈਬਨਿਟ ਵਿਚ ਸਿੱਧੂ ਤੋਂ ਇਲਾਵਾ ਭਾਰਤੀ ਮੂਲ ਦੇ ਤਿੰਨ ਹੋਰ ਕੈਨੇਡੀਅਨ ਵਿਅਕਤੀਆਂ ਦੀ ਨਿਯੁਕਤੀ ਹੋਈ ਹੈ। ਇਨ੍ਹਾਂ ਵਿਚ ਰੱਖਿਆ ਮੰਤਰੀ ਹਰਜੀਤ ਸੱਜਣ, ਜਨਤਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਅਤੇ ਵਿਭਿੰਨਤਾ, ਸਮਾਵੇਸ਼ ਤੇ ਨੌਜਵਾਨ ਮੰਤਰੀ ਬਰਦੀਸ਼ ਚਾਗਰ ਸ਼ਾਮਲ ਹਨ।¿;
ਇਸ ਸਬੰਧੀ ਜਸਟਿਨ ਟਰੂਡੋ ਵੱਲੋਂ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਸੰਸਦੀ ਸਕੱਤਰ ਕੈਨੇਡਾ ਦੇ ਲੋਕਾਂ ਲਈ ਵਾਸਤਵਿਕ, ਸਾਕਾਰਾਤਮਕ ਨਤੀਜੇ ਦੇਣ ਲਈ ਮੰਤਰੀਆਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਟੀਮ ਦਾ ਤਜਰਬਾ, ਕੰਮ ਦੇ ਪ੍ਰਤੀ ਈਮਾਨਦਾਰੀ ਅਤੇ ਹੁਨਰ ਉਨ੍ਹਾਂ ਨੂੰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਵਿਚ ਮਦਦ ਕਰੇਗਾ। ਨਾਲ ਹੀ ਕੈਨੇਡਾ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰੇਗਾ ਅਤੇ ਇਕ ਨਵੇਂ ਕੈਨੇਡਾ ਦਾ ਨਿਰਮਾਣ ਕਰੇਗਾ। ਇਸ ਦੇ ਇਲਾਵਾ ਕੈਬਨਿਟ ਵਿਚ ਆਰਿਫ ਵਿਰਾਨੀ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਦੇ ਸੰਸਦੀ ਸਕੱਤਰ ਹਨ।

Share