ਪੰਜਾਬੀ ਭਾਸ਼ਾ ਦੇ ਜੰਮੂ-ਕਸ਼ਮੀਰ ‘ਚ ਖਾਤਮੇ ਪ੍ਰਤੀ ਭਾਰਤੀ ਸਰਕਾਰ ਦੀ ਨਿਖੇਧੀ

1455
Share

ਫਰਿਜ਼ਨੋ, 9 ਸਤੰਬਰ (ਕੁਲਵੰਤ/ਨੀਟਾ/ਪੰਜਾਬ ਮੇਲ)- ਭਾਰਤ ਦੇਸ਼ ਜਿੱਥੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀ ਮਾਂ ਬੋਲੀ ਦੇ ਵਾਰਸਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਅੱਜ ਉਥੋਂ ਦੀਆਂ ਸਰਕਾਰਾਂ ਦੁਆਰਾ ਪੰਜਾਬੀ ਵਿਰੋਧੀ ਨੀਤੀਆਂ ਦਿਖਾਉਂਦੇ ਹੋਏ ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ‘ਚ ਕਸ਼ਮੀਰੀ, ਡੋਗਰੀ, ਉਰਦੂ ਦੇ ਨਾਲ ਹਿੰਦੀ ਲਾਜ਼ਮੀ ਕਰਕੇ, ਪੰਜਾਬੀ ਹਟਾ ਦਿੱਤੀ ਗਈ। ਜਦੋਂਕਿ ‘ਕਿਸੇ ਵੀ ਕੌਮ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਉਸ ਦੀ ਬੋਲੀ ਅਤੇ ਭਾਸ਼ਾ ਖਤਮ ਕਰ ਦਿਉ’ ਦੇ ਕਥਨ ਮੁਤਾਬਕ ਭਾਰਤ ਸਰਕਾਰ ਘੱਟ ਗਿਣਤੀਆਂ ਦੀ ਨਸਲਕੁਸ਼ੀ ਪਹਿਲਾਂ ਤੋਂ ਕਰਦੀ ਆਈ ਹੈ ਅਤੇ ਹੁਣ ਕਰ ਰਹੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਤੌਰ ‘ਤੇ ਸਕੂਲਾਂ ਵਿਚ ਪੂਰਾ ਸਤਿਕਾਰ ਅਤੇ ਮਾਨਤਾ ਮਿਲ ਰਹੀ ਹੈ। ਜਦਕਿ ਉੱਥੇ ਭਾਰਤ ਦੀ ਰਖਵਾਲੀ ਲਈ ਅੱਜ ਤੱਕ ਸਭ ਤੋਂ ਵੱਧ ਪੰਜਾਬੀ ਫੌਜੀ ਸ਼ਹੀਦ ਹੁੰਦੇ ਆ ਰਹੇ ਹਨ। ਜਦ ਹੁਣ ਪੰਜਾਬੀ ਭਾਸ਼ਾ ਆਪਣੇ ਪੂਰੇ ਜੋਬਨ ‘ਤੇ ਹੈ। ਇਸ ਨੂੰ ਦੁਨੀਆਂ ਭਰ ਵਿਚ ਸਤਿਕਾਰ ਮਿਲਿਆ ਹੈ। ਸ਼ਾਇਦ ਜੋ ਗੱਲ ਭਾਰਤ ਦੇ ਕੱਟੜਵਾਦੀ ਸਿਆਸਤਦਾਨਾਂ ਅਤੇ ਭਾਰਤੀ ਸਰਕਾਰਾਂ ਨੂੰ ਚੁੱਭਣ ਲੱਗੀ। ਜਿਸ ਕਰਕੇ ਪੰਜਾਬੀ ਭਾਸ਼ਾ ਪ੍ਰਤੀ ਅਜਿਹਾ ਵਤੀਰਾ ਅਪਣਾਉਂਦੇ ਹੋਏ, ਜੰਮੂ-ਕਸ਼ਮੀਰ ਵਿਚੋਂ ਖਤਮ ਕੀਤਾ ਜਾ ਰਿਹਾ ਹੈ। ਜਦਕਿ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਆਪਣੇ ਫ਼ੈਸਲੇ ਦੀ ਦਰੁੱਸਤੀ ਕਰਕੇ ਪੰਜਾਬੀ ਭਾਸ਼ਾ ਨੂੰ ਵੀ ਪਹਿਲਾਂ ਵਾਂਗ ਸਰਕਾਰੀ ਭਾਸ਼ਾ ਵੱਜੋਂ ਬਰਕਰਾਰ ਰੱਖਣ ਦੀ ਅਪੀਲ ਕੀਤੀ। ਇਸ ਸੰਬੰਧੀ ਕੈਲੀਫੋਰਨੀਆ ਦੀਆਂ ਵੱਖ-ਵੱਖ ਸਾਹਿਤਕ ਅਤੇ ਸਮਾਜਿਕ ਜੱਥੇਬੰਦੀਆਂ ਨੇ ਗੱਲਬਾਤ ਕਰਦੇ ਹੋਏ ਭਾਰਤ ਸਰਕਾਰ ਦੀ ਨਿਖੇਧੀ ਕੀਤੀ, ਜਿਨ੍ਹਾਂ ਵਿਚ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਉਸਤਾਦ ਸ਼ਾਇਰ, ਕਵੀ ਅਤੇ ਲੇਖਕ ਹਰਜਿੰਦਰ ਕੰਗ, ‘ਧਾਲੀਆਂ ਐਂਡ ਮਾਛੀਕੇ ਮੀਡੀਆਂ ਯੂ.ਐੱਸ.ਏ.’ ਦੇ ਪੱਤਰਕਾਰ ਅਤੇ ਲੇਖਕ ਨੀਟਾ ਮਾਛੀਕੇ, ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਇੰਡਸਟਰੀ ਨਾਲ ਜੁੜੇ ਗਾਇਕ ਗੌਗੀ ਸੰਧੂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਨੁਮਿੰਦਗੀ ਕਰਦੇ ਹੋਏ ਇੰਦਰਜੀਤ ਸਿੰਘ ਗਰੇਵਾਲ ਆਦਿਕ ਬਹੁਤ ਸਾਰੇ ਬੁੱਧੀਜੀਵੀਆਂ ਨੇ ਸੋਸ਼ਲ ਡਿਸਟੈਂਸ ਦੇ ਚੱਲਦਿਆਂ ਫੋਨ ਮੀਟਿੰਗਾਂ ਰਾਹੀਂ ਵਿਚਾਰਾ ਦੀ ਸਾਂਝ ਪਾਈ। ਜਦਕਿ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਪੰਜਾਬੀ ਮਾਂ ਬੋਲੀ ਲਈ ਭਾਰਤ ਸਰਕਾਰ ਦੇ ਵਿਤਕਰੇ ਭਰੇ ਰਵੱਈਏ ਨੂੰ ਲੈ ਭਾਰੀ ਰੋਸ ਪਾਇਆ ਜਾ ਰਿਹਾ ਹੈ।


Share