
ਪ੍ਰੈੱਸ ਨੂੰ ਜਾਰੀ ਬਿਆਨ ਵਿਚ ਫਲਾਈ ਅੰਮਿ੍ਰਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਤੋਂ ਬਾਦ, ਸਾਲ 2021 ਦੇ ਸ਼ੁਰੂ ਵਿਚ ਇਨ੍ਹਾਂ ਉਡਾਣਾਂ ਦਾ ਆਰੰਭ ਹੋਣਾ ਹਵਾਈ ਅੱਡੇ ਅਤੇ ਪੰਜਾਬੀ ਭਾਈਚਾਰੇ ਲਈ ਕੁੱਝ ਚੰਗੀ ਖਬਰ ਹੈ। ਉਨ੍ਹਾਂ ਇਸ ਲਈ ਏਅਰ ਇੰਡੀਆ, ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਧੀਆਂ ਉਡਾਣਾਂ ਨਾਲ ਹੁਣ ਇਨ੍ਹਾਂ ਦੋਨਾਂ ਸ਼ਹਿਰਾਂ ਵਿਚਕਾਰ ਯਾਤਰਾ ਦਾ ਸਮਾਂ ਸਿਰਫ 7-8 ਘੰਟੇ ਦਾ ਰਹਿ ਗਿਆ ਹੈ। ਰੋਮ ਯੂਰਪ ਦਾ ਤੀਜਾ ਹਵਾਈ ਅੱਡਾ ਹੈ, ਜੋ ਕਿ ਹੁਣ ਯੂ.ਕੇ. ਵਿਚ ਲੰਡਨ, ਹੀਥਰੋ ਅਤੇ ਬਰਮਿੰਘਮ ਸਮੇਤ ਅੰਮਿ੍ਰਤਸਰ ਤੋਂ ਸਿੱਧੀਆਂ ਉਡਾਣਾਂ ਨਾਲ ਜੁੜ ਗਿਆ ਹੈ। ਇਨ੍ਹਾਂ ਤਿੰਨੋਂ ਸ਼ਹਿਰਾਂ ਲਈ ਉਡਾਣਾਂ ਏਅਰ ਇੰਡੀਆ ਵਲੋਂ ਚਲਾਈਆਂ ਜਾ ਰਹੀਆਂ ਹਨ। ਯੂ.ਕੇ. ਜਾਣ ਵਾਲੀਆਂ ਉਡਾਣਾਂ ਲਈ ਬੁਕਿੰਗ ਵੀ ਹੁਣ ਅਕਤੂਬਰ 2021 ਦੇ ਅੰਤ ਤੱਕ ਖੋਲ੍ਹ ਦਿੱਤੀ ਗਈ ਹੈ। ਗੁਮਟਾਲਾ ਨੇ ਕਿਹਾ ਕਿ ਏਅਰ ਇੰਡੀਆ ਦੁਆਰਾ ਇਨ੍ਹਾਂ ਉਡਾਣਾਂ ਦਾ ਐਲਾਨ ਇੰਡੀਗੋ ਅਤੇ ਸਪਾਈਸਜੈੱਟ ਦੁਆਰਾ ਸਤੰਬਰ ਮਹੀਨੇ ਤੋਂ ਅੰਮਿ੍ਰਤਸਰ ਅਤੇ ਇਟਲੀ ਦੇ ਰੋਮ ਅਤੇ ਮਿਲਾਨ ਬਰਗਾਮੋ ਏਅਰਪੋਰਟ ਲਈ ਹੁਣ ਤੱਕ 100 ਤੋਂ ਵੀ ਵੱਧ ਵਿਸ਼ੇਸ਼ ਚਾਰਟਰ ਉਡਾਣਾਂ ਦੇ ਚੱਲਣ ਤੋਂ ਬਾਦ ਹੋਇਆ ਹੈ। ਉਨ੍ਹਾਂ ਦੱਸਿਆ ਕਿ 8 ਜਨਵਰੀ ਨੂੰ ਇਹ ਪਹਿਲੀ ਵਾਰ ਸੀ, ਜਦੋਂ ਅੰਮਿ੍ਰਤਸਰ ਤੋਂ ਇਟਲੀ ਲਈ ਤਿੰਨ ਉਡਾਣਾਂ (1 ਰੋਮ ਅਤੇ 2 ਮਿਲਾਨ) ਰਵਾਨਾ ਹੋਈਆਂ।

ਅੰਮਿ੍ਰਤਸਰ ਤੋਂ ਸਮਾਜ ਸੇਵੀ, ਗੈਰ ਸਰਕਾਰੀ ਸੰਸਥਾ ਅੰਮਿ੍ਰਤਸਰ ਵਿਕਾਸ ਮੰਚ ਦੇ ਸਕੱਤਰ ਅਤੇ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਯੋਗੇਸ਼ ਕਾਮਰਾ ਨੇ ਉਡਾਣਾਂ ਦੇ ਸ਼ੁਰੂ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਰਪ ਤੇ ਤਿੰਨ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਦਾ ਸੰਚਾਲਨ ਭਵਿੱਖ ਵਿਚ ਅੰਮਿ੍ਰਤਸਰ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਸੰਪਰਕ ਲਈ ਇੱਕ ਵੱਡਾ ਹੁਲਾਰਾ ਹੈ। ਇਹ ਸਾਡੀ ਲੰਮੇ ਸਮੇਂ ਤੋਂ ਮੰਗ ਵੀ ਰਹੀ ਹੈ ਅਤੇ ਅਸੀਂ ਇਟਲੀ ਤੇ ਹੋਰਨਾਂ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸੰਬੰਧੀ ਅੰਕੜਿਆਂ ਸਮੇਤ ਏਅਰ ਇੰਡੀਆ ਅਤੇ ਹੋਰਨਾਂ ਏਅਰਲਾਈਨ ਨੂੰ ਬੇਨਤੀ ਕਰਦੇ ਵੀ ਰਹੇ ਹਾਂ। ਉਨ੍ਹਾਂ ਏਅਰ ਇੰਡੀਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਉਹ ਮਾਰਚ 2021 ਤੋਂ ਬਾਅਦ ਪੂਰਾ ਸਾਲ ਇਨ੍ਹਾਂ ਉਡਾਣਾਂ ਨੂੰ ਜਾਰੀ ਰੱਖਣ। ਇਟਲੀ ਵਿਚ ਪੰਜਾਬੀਆਂ ਦੀ ਆਬਾਦੀ ਯੂ.ਕੇ. ਤੋਂ ਬਾਅਦ ਯੂਰਪ ’ਚ ਦੂਜੇ ਨੰਬਰ ’ਤੇ ਹੈ। ਹਜ਼ਾਰਾਂ ਯਾਤਰੀ ਪੂਰਾ ਸਾਲ ਇਟਲੀ ਅਤੇ ਪੰਜਾਬ ਦਰਮਿਆਨ ਦਿੱਲੀ / ਦੋਹਾ / ਤਾਸ਼ਕੰਦ /ਅਸ਼ਗਾਬਾਦ ਰਾਹੀਂ ਯਾਤਰਾ ਕਰਦੇ ਹਨ। ਸਿੱਧੀਆਂ ਉਡਾਣਾਂ ਨਾਲ ਜਿੱਥੇ ਦਿੱਲੀ ਰਾਹੀਂ ਜਾਂ ਰਸਤੇ ਵਿਚ ਥਾਂ-ਥਾਂ ਹੁੰਦੀ ਖੱਜਲ-ਖੁਆਰੀ ਖਤਮ ਹੋਵੇਗੀ, ਉੱਥੇ ਹੀ ਪੰਜਾਬੀਆਂ ਦਾ ਸਮਾਂ ਵੀ ਬਚੇਗਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਵੀ ਮਿਲੇਗਾ। ਇਥੋਂ ਤੱਕ ਕਿ ਉਦਯੋਗ ਅਤੇ ਕਿਸਾਨਾਂ ਨੂੰ ਭਵਿੱਖ ਵਿਚ ਯੂਰਪ, ਯੂ.ਕੇ. ਲਈ ਸਿੱਧੀਆਂ ਉਡਾਣਾਂ ਦਾ ਫਾਇਦਾ ਹੋਏਗਾ ਕਿਉਂਕਿ ਉਹ ਯੂਰਪੀਅਨ ਬਾਜ਼ਾਰਾਂ ਵਿਚ ਮਾਲ ਪਹੁੰਚਾ ਸਕਣਗੇ, ਜਿਥੇ ਉਨ੍ਹਾਂ ਦੀ ਜ਼ਿਆਦਾ ਮੰਗ ਹੈ।