ਪੰਜਾਬੀ ਭਾਈਚਾਰੇ ਬਾਰੇ ਵਿਵਾਦਿਤ ਬਿਆਨ ਲਈ ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਮੰਗੀ ਮੁਆਫ਼ੀ

544
Share

ਅਗਰਤਲਾ, 23 ਜੁਲਾਈ (ਪੰਜਾਬ ਮੇਲ)-ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਪੰਜਾਬੀਆਂ ਅਤੇ ਜਾਟਾਂ ਬਾਰੇ ਦਿੱਤੇ ਵਿਵਾਦਿਤ ਬਿਆਨ ਸਬੰਧੀ ਮੁਆਫ਼ੀ ਮੰਗ ਲਈ ਹੈ। ਦੇਬ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਦੱਸਣਯੋਗ ਹੈ ਕਿ ਦੇਬ ਨੇ ਬੀਤੇ ਦਿਨੀਂ ਇਕ ਵਿਵਾਦਿਤ ਬਿਆਨ ਦਿੰਦਿਆਂ ਪੰਜਾਬੀਆਂ ਅਤੇ ਜਾਟਾਂ ਦੀ ਤੁਲਨਾ ਬੰਗਾਲੀਆਂ ਨਾਲ ਕਰਦਿਆਂ ਕਿਹਾ ਸੀ ਕਿ ਪੰਜਾਬੀ ਤੇ ਜਾਟ ਸਰੀਰਕ ਤੌਰ ‘ਤੇ ਮਜ਼ਬੂਤ ਹੁੰਦੇ ਹਨ ਪਰ ਉਨ੍ਹਾਂ ਦਾ ਦਿਮਾਗ ਘੱਟ ਹੁੰਦਾ ਹੈ, ਜਦਕਿ ਬੰਗਾਲੀ ਬਹੁਤ ਸਮਝਦਾਰ ਮੰਨੇ ਜਾਂਦੇ ਹਨ।
ਮੰਗਲਵਾਰ ਸਵੇਰੇ ਹਿੰਦੀ ‘ਚ ਟਵੀਟ ਕਰਦਿਆਂ ਮੁੱਖ ਮੰਤਰੀ ਦੇਬ ਨੇ ਆਪਣੇ ਬਿਆਨ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਦੇ ਕਈ ਦੋਸਤ ਪੰਜਾਬੀ ਅਤੇ ਜਾਟ ਹਨ ਅਤੇ ਉਸ ਨੂੰ ਦੋਵਾਂ ਭਾਈਚਾਰਿਆਂ ਦੇ ਲੋਕਾਂ ‘ਤੇ ਮਾਣ ਹੈ। ਦੇਬ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ‘ਚ ਪੰਜਾਬੀਆਂ ਅਤੇ ਜਾਟਾਂ ਵਲੋਂ ਦਿੱਤੇ ਗਏ ਯੋਗਦਾਨ ਨੂੰ ਮੈਂ ਹਮੇਸ਼ਾ ਸਲਾਮ ਕਰਦਾ ਹਾਂ ਅਤੇ ਮੈਂ ਕਦੇ ਵੀ ਇਨ੍ਹਾਂ ਦੋਵਾਂ ਭਾਈਚਾਰਿਆਂ ਵਲੋਂ ਭਾਰਤ ਨੂੰ ਅੱਗੇ ਵਧਾਉਣ ‘ਚ ਨਿਭਾਈ ਭੂਮਿਕਾ ‘ਤੇ ਸਵਾਲ ਉਠਾਉਣ ਦੀ ਕਲਪਨਾ ਨਹੀਂ ਕਰ ਸਕਦਾ। ਦੇਬ ਨੇ ਕਿਹਾ ਕਿ ਮੈਂ ਕੁਝ ਲੋਕਾਂ ਦੇ ਉਨ੍ਹਾਂ ਬਾਰੇ ‘ਚ ਵਿਚਾਰ ਪ੍ਰਗਟ ਕੀਤੇ ਸਨ। ਮੈਨੂੰ ਪੰਜਾਬੀ ਭਾਈਚਾਰੇ ਅਤੇ ਜਾਟਾਂ ‘ਤੇ ਮਾਣ ਹੈ। ਮੈਂ ਉਨ੍ਹਾਂ ਵਿਚ ਕਾਫ਼ੀ ਸਮੇਂ ਤੋਂ ਰਹਿ ਰਿਹਾ ਹਾਂ, ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਤਾਂ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।
ਉਧਰ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਦੇਬ ਨੇ ਇਸ ਬਿਆਨ ਨਾਲ ਪੰਜਾਬ ਦੇ ਸਿੱਖ ਭਰਾਵਾਂ ਅਤੇ ਹਰਿਆਣਾ ਦੇ ਜਾਟ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਹੈ। ਸੂਰਜੇਵਾਲਾ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਭਾਜਪਾ ਦੀ ਨੀਵੀਂ ਮਾਨਸਿਕਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੇ ਨੱਢਾ ਤੋਂ ਮੁਆਫ਼ੀ ਦੀ ਮੰਗ ਕੀਤੀ ਅਤੇ ਦੇਬ ‘ਤੇ ਕਾਰਵਾਈ ਕਰਨ ਨੂੰ ਕਿਹਾ। ਤ੍ਰਿਪੁਰਾ ਕਾਂਗਰਸ ਦੇ ਪ੍ਰਧਾਨ ਪਿਜੁਸ਼ ਬਿਸਵਾਸ ਨੇ ਦੇਬ ਦੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਬਹੁਤ ਜ਼ਿੰਮੇਵਾਰੀ ਵਾਲਾ ਅਹੁਦਾ ਸੰਭਾਲ ਰਹੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।


Share