ਪੰਜਾਬੀ ਭਾਈਚਾਰੇ ਦੇ ਪ੍ਰਮੁੱਖ ਆਗੂ ਮਨਮੋਹਨ ਸਿੰਘ ਢੱਲ ਨਹੀਂ ਰਹੇ

415
Share

-ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਸਮੇਤ ਪ੍ਰਮੁੱਖ ਆਗੂਆਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ
ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ਦੀ ਪ੍ਰਸਿੱਧ ਸ਼ਖਸੀਅਤ, ਉੱਘੇ ਕਾਰੋਬਾਰੀ ਤੇ ਲੌਂਗ ਆਈਲੈਂਡ ਗੁਰਦੁਆਰਾ ਦੇ ਟਰੱਸਟੀ ਵਿਕਾਸ ਢੱਲ ਦੇ ਪਿਤਾ ਤੇ ਢੱਲ ਪਰਿਵਾਰ ਦੇ ਥੰਮ੍ਹ ਸ. ਮਨਮੋਹਨ ਸਿੰਘ ਢੱਲ ਬੀਤੇ ਦਿਨੀਂ ਦਿਲ ਦਾ ਦੌਰਾ ਪੈਣਾ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਮੌਤ ਦੀ ਖਬਰ ਸੁਣਕੇ ਪੂਰੇ ਨਿਊਯਾਰਕ ਦੇ ਟਰਾਈ ਸਟੇਟ ਏਰੀਏ ’ਚ ਸੋਗ ਦੀ ਲਹਿਰ ਦੌੜ ਗਈ ਹੈ। ਸਵ. ਸ. ਮੋਹਣ ਸਿੰਘ ਢੱਲ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਗੁਰੂਘਰ ਤੇ ਸਿੱਖੀ ਦੀ ਸੇਵਾ ਵਿਚ ਜੁੜੇ ਰਹੇ ਹਨ। ਉਨ੍ਹਾਂ ਦੇ ਵੱਡੇ ਸਪੁੱਤਰ ਸ. ਹਰਿੰਦਰਪਾਲ ਸਿੰਘ ਢੱਲ ਲੌਂਗ ਆਈਲੈਂਡ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਨ। ਅਮਰੀਕਾ ਦੇ ਕੋਨੇ-ਕੋਨੇ ਤੋਂ ਅਨੇਕਾਂ ਸੰਸਥਾਵਾਂ ਦੇ ਲੀਡਰਾਂ ਤੇ ਉੱਘੀਆਂ ਸ਼ਖਸੀਅਤਾਂ ਵਲੋਂ ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅਤੇ ਐੱਨ.ਸੀ.ਏ.ਆਈ.ਏ. ਵਾਸ਼ਿੰਗਟਨ ਡੀ.ਸੀ. ਦੇ ਪ੍ਰਧਾਨ ਸ: ਬਲਜਿੰਦਰ ਸ਼ੰਮੀ ਨੇ ਵੀ ਉਨ੍ਹਾਂ ਦੀ ਮੌਤ ’ਤੇ ਅਫਸੋਸ ਪ੍ਰਗਟਾਇਆ ਤੇ ਵਾਹਿਗੁਰੂ ਅੱਗੇ ਸ. ਮਨਮੋਹਨ ਸਿੰਘ ਜੀ ਲਈ ਅਰਦਾਸ ਕੀਤੀ। ਮੁਸਲਿਮ ਆਫ ਅਮਰੀਕਾ ਦੇ ਪ੍ਰਧਾਨ ਸਾਜਿਦ ਤਰਾਰ ਨੇ ਉਨ੍ਹਾਂ ਦੀ ਰੂਹ ਵਾਸਤੇ ਦੁਆ ਮੰਗੀ। ਨਿਊਯਾਰਕ ਤੇ ਲਾਂਗ ਆਈਲੈਂਡ ਦੇ ਸਰਕਾਰੀ ਮਹਿਕਮਿਆਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਵੀ ਉਨ੍ਹਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਸ ਵਿਚ ਗਵਰਨਰ ਆਫ ਮੈਰੀਲੈਂਡ ਦੇ ਦਫਤਰ ਵੱਲੋਂ ਵੀ ਇਕ ਸ਼ੋਕ ਸੰਦੇਸ਼ ਭੇਜਿਆ ਗਿਆ। ਮਨਮੋਹਨ ਸਿੰਘ ਢੱਲ ਆਪਣੇ ਪਿੱਛੇ ਪਰਿਵਾਰ ’ਚ ਆਪਣੀ ਪਤਨੀ ਸਰਦਾਰਨੀ ਪਿ੍ਰਤਪਾਲ ਕੌਰ ਤੇ ਸਪੁੱਤਰ ਹਰਸ਼ਿੰਦਰ ਪਾਲ ਢੱਲ, ਇੰਦਰਪਾਲ ਢੱਲ, ਵਿਕਾਸ ਢੱਲ ਤੇ ਸਪੁੱਤਰੀ ਗੁਰਿੰਦਰ ਕੌਰ ਛੱਡ ਗਏ ਹਨ।
ਸ. ਮਨਮੋਹਨ ਸਿੰਘ ਢੱਲ ਜੀ ਦੀ ਯਾਦ ’ਚ ਗੁਰੂ ਗੋਬਿੰਦ ਸਿੰਘ ਸਿੱਖ ਸੈਂਟਰ 1065 ਓਲਡ ਕੰਟਰੀ ਰੋਡ, ਪਲੇਨਵਿਊ ਨਿਊਯਾਰਕ ’ਚ ਅਪ੍ਰੈਲ 27, 2021 ਨੂੰ ਬਾਅਦ ਦੁਪਹਿਰ 12:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਹਨ। ਅੰਤਿਮ ਅਰਦਾਸ ਅਤੇ ਭੋਗ ਵੀਰਵਾਰ 29 ਅਪ੍ਰੈਲ ਨੂੰ ਬਾਅਦ ਦੁਪਹਿਰ 2 ਵਜੇ ਹੋਵੇਗੀ। ਉਪਰੰਤ ਵੈਰਾਗਮਈ ਕੀਰਤਨ ਹੋਵੇਗਾ।

Share