ਪੰਜਾਬੀ ਬਾਬਿਆਂ ਨੇ ਬਰਫੀਲੇ ਤਲਾਅ ‘ਚ ਡਿੱਗੀਆਂ 2 ਕੁੜੀਆਂ ਦੀ ਬਚਾਈ ਜਾਨ

476
ਬਰਫ ਤੋਂ ਤਿਲਕ ਕੇ ਡਿੱਗੀਆਂ ਲੜਕੀਆ ਨੂੰ ਬਚਾਉਣ ਵਾਲੇ ਬਜ਼ੁਰਗ ਗੱਲਬਾਤ ਕਰਨ ਸਮੇਂ।
Share

-ਦਸਤਾਰਾਂ ਦੀ ਮਦਦ ਨਾਲ ਲੜਕੀਆਂ ਨੂੰ ਕੱਢਿਆ ਬਾਹਰ
ਕੈਲਗਰੀ, 4 ਨਵੰਬਰ (ਪੰਜਾਬ ਮੇਲ)- ਦਸਤਾਰ ਇਕ ਸਿੱਖ ਦੀ ਸ਼ਾਨ ਹੁੰਦੀ ਹੈ, ਪਰ ਜਦੋਂ ਕਿਸੇ ਦੀ ਜਾਨ ‘ਤੇ ਬਣੇ ਤਾਂ ਸਰਦਾਰ ਬੰਦਾ ਦਸਤਾਰ ਦੀ ਪ੍ਰਵਾਹ ਕੀਤੇ ਬਗੈਰ ਉਸ ਦੀ ਜਾਨ ਬਚਾਉਣ ਦੀ ਪੂਰੀ ਵਾਹ ਲਗਾ ਦਿੰਦਾ ਹੈ। ਇਹੀ ਕੁਝ ਵਾਪਰਿਆ ਕੈਲਗਰੀ ਦੇ ਉੱਤਰੀ ਪੂਰਬ ਵੱਲ 60 ਸਟਰੀਟ ਤੇ 88 ਐਵਨਿਊ ਵਿਖੇ ਜਿੱਥੇ ਦੋ ਕੁੜੀਆਂ ਤਿਲਕ ਕੇ ਬਰਫੀਲੇ ਤਲਾਅ ‘ਚ ਜਾ ਡਿੱਗੀਆਂ। ਲੜਕੀਆਂ ਨੇ ਮਦਦ ਲਈ ਬਹੁਤ ਰੌਲਾ ਪਾਇਆ, ਜਿਸ ਨੂੰ ਸੁਣ ਕੇ ਉੱਥੇ ਸੈਰ ਕਰ ਰਹੇ ਸਿੱਖ ਬਾਬੇ ਇਕਦਮ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੇ ਪਹਿਲਾਂ ਪਾਰਕ ਵਿਚ ਪਏ ਉਸਾਰੀ ਵਾਲੇ ਸਾਮਾਨ ਨਾਲ ਲੜਕੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਾ ਬਣਦੀ ਦਿਸੀ, ਤਾਂ ਉਨ੍ਹਾਂ ਨੇ ਤੁਰੰਤ ਆਪਣੀਆਂ ਦਸਤਾਰਾਂ ਉਤਾਰ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਲੜਕੀਆਂ ਨੂੰ ਬਾਹਰ ਖਿੱਚਿਆ। ਉੱਥੇ ਮੌਜੂਦ ਹੋਰਨਾਂ ਪੰਜਾਬੀਆਂ ਨੇ ਵੀ ਮੌਕੇ ‘ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਅਤੇ ਦਸਤਾਰ ਨਾਲ ਸਹੀ ਸਲਾਮਤ ਲੜਕੀਆਂ ਨੂੰ ਬਾਹਰ ਕੱਢ ਲਿਆ। ਤਲਾਅ ਦੇ ਸਾਹਮਣੇ ਵਾਲੇ ਘਰ ਵਿਚੋਂ ਇਕ ਪੰਜਾਬਣ ਕੁਲਨਿੰਦਰ ਬੰਗੜ ਜੋ ਕਿ ਇਸ ਸਾਰੇ ਕੁਝ ਦੀ ਵੀਡੀਓ ਵੀ ਬਣਾ ਰਹੀ ਸੀ, ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਉਕਤ ਲੜਕੀਆਂ ਦੇ ਤਲਾਅ ‘ਚ ਡਿੱਗਣ ਬਾਰੇ ਉਸ ਨੂੰ ਦੱਸਿਆ। ਬੰਗੜ ਨੇ ਦੱਸਿਆ ਕਿ ਬਹੁਤ ਹੀ ਖ਼ਤਰਨਾਕ ਮੰਜਰ ਸੀ ਪਰ ਧੰਨਵਾਦ ਉਨ੍ਹਾਂ ਬਜ਼ੁਰਗਾਂ ਦਾ ਜਿਨ੍ਹਾਂ ਨੇ ਇਨ੍ਹਾਂ ਲੜਕੀਆਂ ਦੀ ਜਾਨ ਬਚਾਈ। ਸਿੱਖ ਬਾਬਿਆਂ ਵਲੋਂ ਤਲਾਅ ਵਿਚ ਡੁੱਬਦੀਆਂ ਲੜਕੀਆਂ ਦੀ ਜਾਨ ਬਚਾਉਣ ਦੇ ਚਰਚੇ ਪੂਰੇ ਕੈਨੇਡਾ ਵਿਚ ਹੋ ਰਹੇ ਹਨ।


Share