ਮਿਲਾਨ/ਇਟਲੀ, 13 ਅਪ੍ਰੈਲ (ਪੰਜਾਬ ਮੇਲ)-11 ਅਪ੍ਰੈਲ ਨੂੰ ਕੋਰੋਨਾ ਵਾਇਰਸ ਨਾਲ ਹੋਈ ਇਕਬਾਲ ਸਿੰਘ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਇਕ ਹੋਰ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਵਿਸਾਖੀ ਵਾਲੇ ਦਿਨ ਦੀ ਚੜ੍ਹਦੀ ਸਵੇਰ ਇਟਲੀ ਰਹਿੰਦੇ ਭਾਰਤੀ ਲਈ ਮਾੜੀ ਖਬਰ ਲੈ ਕੇ ਆਈ। ਇੱਥੋ ਦੇ ਪਿੰਡ ਮੋਂਤੇਜਾਨਾਂ (ਮਾਨਤੋਵਾ) ਵਿਚ ਇਕ ਭਾਰਤੀ ਵਿਅਕਤੀ ਰਾਜੀਵ ਕੁਮਾਰ ਦੀ ਭੇਦਭਰੇ ਹਲਾਤਾਂ ਵਿਚ ਉਸਦੇ ਘਰ ਅੰਦਰ ਹੀ ਮੌਤ ਹੋਣ ਦੀ ਖਬਰ ਨੇ ਭਾਈਚਾਰੇ ਨੂੰ ਹਲੂਣ ਕਿ ਰੱਖ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਮਲਾ ਕਤਲ ਦਾ ਲੱਗ ਰਿਹਾ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਘਰ ਨੇੜੇ ਰਹਿੰਦੇ ਇਕ ਹੋਰ ਭਾਰਤੀ ਜੋੜੇ ਨੂੰ ਤਫਤੀਸ਼ ਲਈ ਹਿਰਾਸਤ ਵਿਚ ਲਿਆ ਗਿਆ ਹੈ।