ਪੰਜਾਬੀ ਟਰੱਕ ਡਰਾਈਵਰਾਂ ਦੀ ਮਦਦ ਨਾਲ ਬਰਫ ’ਚ ਫਸੇ ਪਰਿਵਾਰ ਨੂੰ ਮਿਲੀ ਸੁਰੱਖਿਆ

414
Share

ਸਰੀ, 22 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਸਰੀ ਦੇ ਦੋ ਪੰਜਾਬੀ ਟਰੱਕ ਡਰਾਈਵਰਾਂ ਨੇ ਬਰਫੀਲੇ ਤੂਫਾਨ ’ਚ ਫਸੇ ਇਕ ਪਰਿਵਾਰ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ ਵਿਚ ਮਦਦ ਕਰਕੇ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ, ਜਿਸ ਦੀ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਟਰੱਕ ਚਾਲਕ ਗੁਰਭਿੰਦਰ ਬਰਾੜ ਨੇ ਦੱਸਿਆ ਹੈ ਕਿ ਉਹ ਬੀ.ਸੀ. ਤੋਂ ਕੈਲਗਰੀ ਹਾਈਵੇ ਉਪਰ ਜਾ ਰਹੇ ਸਨ ਕਿ ਭਾਰੀ ਬਰਫਬਾਰੀ ਹੋ ਰਹੀ ਸੀ ਅਤੇ ਰੋਜਰਪਾਸ ਨੇੜੇ ਇਕ ਵੈਨ ਸੜਕ ਦੇ ਇਕ ਪਾਸੇ ਫਸੀ ਖੜ੍ਹੀ ਸੀ। ਇਸ ਵਿਚ ਇਕ ਨੌਜਵਾਨ ਜੋੜਾ ਅਤੇ ਉਨ੍ਹਾਂ ਦੇ ਛੋਟਾ ਬੱਚਾ ਸੀ। ਇਹ ਲੋਕ ਮਦਦ ਲਈ ਹੱਥ ਦੇ ਰਹੇ ਸਨ। ਗੁਰਭਿੰਦਰ ਨੇ ਦੱਸਿਆ ਕਿ ਜੇਕਰ ਅਸੀਂ ਟਰੱਕ ਰੋਕਦੇ ਸੀ, ਤਾਂ ਸੜਕ ਉਪਰ ਭਾਰੀ ਬਰਫ ਹੋਣ ਕਾਰਨ ਟਰੱਕ ਦੇ ਵੀ ਖਿਸਕਣ ਦਾ ਡਰ ਸੀ। ਪਰ ਫੇਰ ਵੀ ਗੁਰਭਿੰਦਰ ਨੇ ਆਪਣੇ ਸਾਥੀ ਡਰਾਈਵਰ ਹਰਵਿੰਦਰ ਲਾਲੀ ਨਾਲ ਮਿਲ ਕੇ ਉਸ ਪਰਿਵਾਰ ਦੀ ਮਦਦ ਕਰਨ ਨੂੰ ਪਹਿਲ ਦਿੱਤੀ ਅਤੇ ਇਸ ਨੂੰ ਆਪਣਾ ਇਨਸਾਨੀ ਫਰਜ਼ ਸਮਝਿਆ। ਵੈਨ ਵਿਚਲੇ ਤਿੰਨਾਂ ਮੈਂਬਰਾਂ ਨੂੰ ਕੱਢ ਕੇ ਉਨ੍ਹਾਂ ਆਪਣੇ ਟਰੱਕ ਵਿਚ ਬਿਠਾਇਆ, ਤਾਂ ਜੋ ਉਹ ਠੰਡ ਤੋਂ ਕੁਝ ਰਾਹਤ ਮਹਿਸੂਸ ਕਰ ਸਕਣ ਅਤੇ ਆਪ ਉਹ ਦੋਵੇਂ ਵੈਨ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਜੁੱਟ ਗਏ।
ਕਾਫੀ ਯਤਨ ਕਰਨ ’ਤੇ ਵੀ ਵੈਨ ਬਾਹਰ ਕੱਢਣ ’ਚ ਸਫਲਤਾ ਨਾ ਮਿਲੀ, ਤਾਂ ਉਨ੍ਹਾਂ ਮਦਦ ਲਈ ਸੇਫਟੀ ਕਾਮਿਆਂ ਨੂੰ ਫੋਨ ਕਰ ਕੇ ਸਥਿਤੀ ਤੋਂ ਜਾਣੂੰ ਕਰਵਾਇਆ। ਸੇਫਟੀ ਕਾਮਿਆਂ ਨੇ ਮੌਕੇ ’ਤੇ ਪਹੁੰਚ ਕੇ ਉਸ ਪਰਿਵਾਰ ਨੂੰ ਆਪਣੇ ਵਹੀਕਲ ਰਾਹੀਂ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਗੁਰਭਿੰਦਰ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਅਤੇ ਦੋ ਢਾਈ ਘੰਟੇ ਦਾ ਸਮਾਂ ਵੀ ਦੇਣਾ ਪਿਆ ਪਰ ਤਿੰਨਾਂ ਮੈਂਬਰਾਂ ਦੇ ਸੁਰੱਖਿਅਤ ਸਥਾਨ ’ਤੇ ਪੁੱਜਣ ਉਪਰੰਤ ਉਨ੍ਹਾਂ ਨੂੰ ਦਿਲੀ ਸਕੂਨ ਮਿਲਿਆ ਹੈ।

Share